ਚੰਡੀਗੜ੍ਹ (ਬਿੰਦੂ ਸਿੰਘ ) :ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਨਬੇੜਨ ਲਈ ਬਣਾਈ ਗਈ ਤਿੰਨ-ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਹਾਈਕਮਾਨ ਨੂੰ ਸੌਂਪ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਚਾਰ ਸਫ਼ਿਆਂ ਦੀ ਇਸ ਰਿਪੋਰਟ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪਾਰਟੀ ਵਿਧਾਇਕਾਂ ਦੀ ਨਰਾਜ਼ਗੀ ਸਿਰਫ ਇੰਨੀ ਹੈ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੰਦੇ।
ਖ਼ਬਰ ਇਹ ਵੀ ਹੈ ਕਿ ਮਲਿਕਾਰੁਜਨ ਖੜਗੇ ਦੀ ਪ੍ਰਧਾਨਗੀ ਵਾਲੀ ਇਸ ਕਮੇਟੀ ਨੇ ਬੇਅਦਬੀ ਮਾਮਲਿਆਂ ਸਬੰਧੀ ਕੋਈ ਸਿਫਾਰਸ਼ ਨਹੀਂ ਕੀਤੀ। ਹਾਲਾਂਕਿ ਕਮੇਟੀ ਮੈਂਬਰ ਇਸ ਰਿਪੋਰਟ ਨੂੰ ਕਾਨਫਿਡੈਂਸ਼ੀਅਲ ਕਹਿ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰਦੇ ਰਹੇ ਹਨ ਪਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਕੈਬਨਿਟ ਵਿਚ ਵਾਪਸੀ ਹੋਣ ਦੀ ਗੱਲ ਇਕ ਵਾਰ ਫਿਰ ਤੋਂ ਜ਼ੋਰ ਫੜ ਰਹੀ ਹੈ।