ਅਵਤਾਰ ਸਿੰਘ
ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸ਼ਾਸ਼ਕ ਅਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਸੋਮਵਾਰ ਨੂੰ ਰਾਤ 12 ਵਜੇ (24 ਮਾਰਚ, 2020) ਤੋਂ ਚੰਡੀਗੜ੍ਹ ਯੂ ਟੀ ਵਿਚ ਕਰਫਿਊ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਸਾਰੇ ਸ਼ਹਿਰੀਆਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ। ਚੰਡੀਗੜ੍ਹ ਦੇ ਡਾਇਰੈਕਟਰ ਜਨਰਨ ਪੁਲਿਸ ਨੂੰ ਹਦਾਇਤਾਂ ਦਾ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਗਿਆ ਹੈ।
ਸਲਾਹਕਾਰ ਮਨੋਜ ਪਰੀਦਾ ਨੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਜਰੂਰੀ ਸੇਵਾਵਾਂ ਵਾਲੇ ਪੁਲਿਸ ਅਤੇ ਮੈਡੀਕਲ ਸੇਵਾਵਾਂ ਵਾਲਿਆਂ ਨੂੰ ਕਰਫਿਊ ਪਾਸ ਜਾਰੀ ਕੀਤੇ ਜਾਣਗੇ। ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਦੇ ਮੁਲਾਜ਼ਮ ਆਪਣੇ ਅਧਿਕਾਰੀਆਂ ਰਾਹੀਂ ਕਰਫਿਊ ਪਾਸ ਜਾਰੀ ਕਰਵਾ ਸਕਦੇ ਹਨ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਕਰਫਿਊ ਪਾਸਾਂ ਬਾਰੇ ਫੈਸਲਾ ਲੈਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਜਰੂਰੀ ਚੀਜ਼ਾਂ ਜਿਨ੍ਹਾਂ ਵਿੱਚ ਆਕਸੀਜ਼ਨ, ਐੱਲ ਪੀ ਜੀ ਅਤੇ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਜਾਰੀ ਰੱਖਣ ਲਈ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਜੇ ਲੋੜ ਪਈ ਤਾਂ 125 ਕਮਰਿਆਂ ਵਾਲੀ ਧਰਮਸ਼ਾਲਾ ਐਸੋਲਾਟੇਡ ਵਾਰਡ ਲਈ ਤਿਆਰ ਹੈ। ਪੀ ਜੀ ਆਈ ਵਿਚ ਕੋਰੋਨਾ ਮਰੀਜ਼ਾਂ ਲਈ ਵੱਖਰਾ ਬਲਾਕ ਰੱਖਿਆ ਗਿਆ ਹੈ।
ਹਾਕਰਾਂ ਨੂੰ ਅਖਬਾਰ ਵੰਡਣ ਸਮੇਂ ਆਪਣਾ ਪੂਰਾ ਧਿਆਨ ਰੱਖਣ ਲਈ ਕਿਹਾ ਗਿਆ ਹੈ। ਪ੍ਰਸ਼ਾਸ਼ਨ ਨੇ ਭਾਰਤ ਸਰਕਾਰ ਤੋਂ ਦੋ ਮਹੀਨੇ ਦਾ ਰਾਸ਼ਨ ਦੇਣ ਰਾਸ਼ੀ ਦੀ ਮੰਗ ਕੀਤੀ ਹੈ।
ਪ੍ਰਸ਼ਾਸ਼ਨ ਨੇ ਰਜਿਸਟਰਡ ਉਸਾਰੀ ਵਰਕਰਾਂ ਨੂੰ 3,000 ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ ਇਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਜਿਸ ਦਾ ਟੈਲੀਫੋਨ ਨੰਬਰ 112 ਹੈ। ਇਹ 24×7 ਘੰਟੇ ਖੁੱਲ੍ਹਾ ਰਹੇਗਾ।