ਚੰਡੀਗੜ੍ਹ : ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਭਾਜਪਾ ਤੇ ਕਾਂਗਰਸ ਨੂੰ ਪਛਾੜਦੇ ਹੋਏ ‘ਆਪ’ ਨੇ ਕੀਤੀ ਧਮਾਕੇਦਾਰ ਐਂਟਰੀ।ਚੋਣਾਂ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ, ਜਦਕਿ ਭਾਜਪਾ ਦੂਜੇ ਨੰਬਰ ‘ਤੇ ਹੈ। ਕਾਂਗਰਸ 8 ਵਾਰਡਾਂ ਵਿੱਚ ਜਿੱਤ ਦਰਜ ਕਰਕੇ ਤੀਜੇ ਸਥਾਨ ’ਤੇ ਰਹੀ।
ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਮੇਅਰ ਰਵੀਕਾਂਤ ਨੂੰ ਲੈ ਕੇ ਪਹਿਲੀ ਵੱਡੀ ਖਬਰ ਆਈ ਹੈ। ਉਹ ਵਾਰਡ ਨੰਬਰ 17 ਤੋਂ ਚੋਣ ਹਾਰ ਗਏ ਸਨ। ਉਹ ਆਮ ਆਦਮੀ ਪਾਰਟੀ (ਆਪ) ਦੇ ਦਮਨਪ੍ਰੀਤ ਸਿੰਘ ਤੋਂ 828 ਵੋਟਾਂ ਨਾਲ ਹਾਰ ਗਏ ਹਨ। ਦੁਪਹਿਰ 12 ਵਜੇ ਤੱਕ 36 ਵਿੱਚੋਂ 21 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਆਪ ਨੇ 9, ਭਾਜਪਾ ਨੇ 6, ਕਾਂਗਰਸ ਨੇ 5 ਅਤੇ ਅਕਾਲੀ ਦਲ ਨੇ 1 ਸੀਟ ਜਿੱਤੀ ਹੈ।
ਜਦਕਿ ਅਕਾਲੀ ਦਲ ਨੂੰ ਸਿਰਫ਼ 1 ਸੀਟ ਮਿਲੀ ਹੈ। ਅਕਾਲੀ ਦਲ ਨੇ ਇਸ ਵਾਰ ਭਾਜਪਾ ਤੋਂ ਵੱਖ ਹੋ ਕੇ ਚੋਣਾਂ ਲੜੀਆਂ ਹਨ।ਇਸ ਦੇ ਨਾਲ ਹੀ ‘ਆਪ’ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਪਹਿਲੀ ਵਾਰ ਹਿੱਸਾ ਲਿਆ ਸੀ। ਚੰਡੀਗੜ੍ਹ ਨਗਰ ਨਿਗਮ ਦੇ ਕੁੱਲ 35 ਵਾਰਡਾਂ ਵਿੱਚ 24 ਦਸੰਬਰ ਨੂੰ ਵੋਟਾਂ ਪਈਆਂ ਸਨ। ਇਨ੍ਹਾਂ ਵਾਰਡਾਂ ਵਿੱਚ ਕੁੱਲ 203 ਉਮੀਦਵਾਰਾਂ ਨੇ ਚੋਣ ਲੜੀ ਹੈ। ਇਸ ਵਾਰ ਆਮ ਆਦਮੀ ਪਾਰਟੀ ਨੇ 14, ਭਾਜਪਾ ਨੇ 12, ਕਾਂਗਰਸ ਨੇ 8 ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸੀਟ ਹਾਸਿਲ ਕੀਤੀ ਹੈ।
ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਇਸ ਚੋਣ ਦਾ ਅਸਰ ਪੰਜਾਬ ਚੋਣਾਂ ਵਿੱਚ ਵੀ ਦੇਖਣ ਨੂੰ ਮਿਲੇਗਾ। ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਚੋਣ ਵੀ ਖਾਸ ਮੰਨੀ ਜਾ ਰਹੀ ਹੈ। ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਆਮ ਆਦਮੀ ਪਾਰਟੀ ਕਾਫੀ ਉਤਸ਼ਾਹਿਤ ਹੈ। ਚੋਣਾਂ ‘ਚ ਮਿਲੀ ਜਿੱਤ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਵੀ ਚੰਡੀਗੜ੍ਹ ਪਹੁੰਚ ਰਹੇ ਹਨ।