ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਵੱਲੋਂ ਹਰ ਹਫਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਵੱਖ-ਵੱਖ ਖੇਤਰਾਂ ਦੇ ਮਾਹਿਰ ਸ਼ਾਮਿਲ ਹੋਏ। ਪੰਜਾਬ ਪਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਆਦਰਸ਼ਪਾਲ ਵਿੱਗ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਹਿੱਸਾ ਬਣੇ। ਉਹਨਾਂ ਨੇ ਪੰਜਾਬ ਪਲਿਊਸ਼ਨ ਕੰਟਰੋਲ ਬੋਰਡ ਦੀਆਂ ਕਾਰਜ-ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਅੱਜ ਓਜ਼ੋਨ ਦਿਵਸ ਤੇ ਧਰਤੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਕੋਸ਼ਿਸ਼ਾਂ ਕਰਨ ਦੀ ਗੱਲ ਕਰਦਿਆਂ ਡਾ. ਆਰਦਸ਼ਪਾਲ ਵਿੱਗ ਨੇ ਇਸਲਈ ਸਭ ਦਾ ਸਹਿਯੋਗ ਮੰਗਿਆ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀ ਨਾਲ ਜੋੜਨ ਲਈ ਪੀ.ਏ.ਯੂ. ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਪਰਾਲੀ ਦੀ ਸੰਭਾਲ ਦੀਆਂ ਵਿਕਸਿਤ ਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਮਾਇਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਗੁਰਵਿੰਦਰ ਸਿੰਘ ਕੋਚਰ ਨੇ ਜੀਵਾਣੂੰ ਖਾਦਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਹੜੀਆਂ-ਕਿਹੜੀਆਂ ਫਸਲਾਂ ਲਈ ਜੀਵਾਣੂੰ ਖਾਦਾਂ ਸਿਫ਼ਾਰਸ਼ ਕੀਤੀਆਂ ਹਨ। ਇਸ ਤੋਂ ਇਲਾਵਾ ਜੀਵਾਣੂੰ ਖਾਦਾਂ ਪ੍ਰਾਪਤ ਕਰਨ ਬਾਰੇ ਵੀ ਕਿਸਾਨਾਂ ਨੂੰ ਜਾਣੂੰ ਕਰਾਇਆ।
ਸੀਨੀਅਰ ਪ੍ਰੋਫੈਸਰ ਪੌਦਾ ਰੋਗ ਵਿਭਾਗ ਡਾ. ਅਮਰਜੀਤ ਸਿੰਘ ਨੇ ਝੋਨੇ ਵਿੱਚ ਝੰਡਾ ਰੋਗ ਬਾਰੇ ਜਾਣਕਾਰੀ ਦਿੱਤੀ ਅਤੇ ਇਸਦੇ ਕਾਰਨ ਅਤੇ ਇਲਾਜ ਕਿਸਾਨਾਂ ਨਾਲ ਸਾਂਝੇ ਕੀਤੇ। ਆਈ ਟੀ ਪੋ੍ਰਗਰਾਮਰ ਸ੍ਰੀ ਰਜਤ ਸ਼ਰਮਾ ਨੇ ਪੀ.ਏ.ਯੂ. ਦੇ ਕਿਸਾਨ ਮੇਲੇ ਵਿੱਚ ਸ਼ਾਮਿਲ ਹੋਣ ਦੇ ਤਰੀਕੇ ਕਿਸਾਨਾਂ ਨੂੰ ਦੱਸੇ। ਡਾ. ਜਗਵਿੰਦਰ ਸਿੰਘ, ਸ੍ਰੀ ਗੁਰਪ੍ਰੀਤ ਵਿਰਕ ਅਤੇ ਸ੍ਰੀ ਰਵਿੰਦਰ ਸਿੰਘ ਨੇ ਆਉਂਦੇ ਹਫ਼ਤੇ ਦੇ ਖੇਤੀ ਰੁਝੇਵੇਂ ਕਿਸਾਨਾਂ ਨਾਲ ਸਾਂਝੇ ਕੀਤੇ।