ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਸਮਾਜ ਵਿਗਿਆਨ ਦੀ ਖੋਜ ਵਿੱਚ ਅੰਕੜਿਆਂ ਦੇ ਇਕਤਰੀਕਰਨ ਅਤੇ ਸਾਂਭ-ਸੰਭਾਲ ਬਾਰੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ। ਇਸ ਵਿੱਚ ਪਸਾਰ ਸਿੱਖਿਆ ਵਿਭਾਗ ਤੋਂ ਇਲਾਵਾ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਤੋਂ 50 ਦੇ ਕਰੀਬ ਪੋਸਟ ਗ੍ਰੈਜੂਏਟ ਖੋਜਾਰਥੀਆਂ ਨੇ ਹਿੱਸਾ ਲਿਆ। ਵੈਬੀਨਾਰ ਦਾ ਆਰੰਭ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਦੀ ਸ਼ੁਰੂਆਤੀ ਟਿੱਪਣੀ ਨਾਲ ਹੋਇਆ। ਉਹਨਾਂ ਨੇ ਸਿਖਿਆਰਥੀਆਂ ਨੂੰ ਮਿਆਰੀ ਖੋਜ ਲਈ ਅੰਕੜਿਆਂ ਦੇ ਇਕਤ੍ਰੀਕਰਨ ਅਤੇ ਵਿਉਂਤਬੰਦੀ ਦੀਆਂ ਨਵੀਨ ਤਕਨੀਕਾਂ ਅਪਨਾਉਣ ਦੀ ਸਲਾਹ ਦਿੱਤੀ। ਵਿਭਾਗ ਦੇ ਮਾਹਿਰਾਂ ਵਿੱਚੋਂ ਡਾ. ਮਨਮੀਤ ਕੌਰ ਨੇ ਖੋਜ ਦੌਰਾਨ ਢੁੱਕਵੇਂ ਵਿਸ਼ੇ ਬਾਰੇ ਅੰਕੜੇ ਇਕੱਤਰ ਕਰਦਿਆਂ ਖੋਜਾਰਥੀ ਦੇ ਨਿਰਪੱਖ ਰਹਿ ਕੇ ਕੰਮ ਕਰਨ ਸੰਬੰਧੀ ਵਿਗਿਆਨਕ ਨੁਕਤੇ ਸਾਂਝੇ ਕੀਤਾ । ਡਾ. ਲੋਪਾਮੁਦਰਾ ਮੋਹਪਾਤਰਾ ਨੇ ਸਰਵੇਖਣਾਂ ਦੌਰਾਨ ਅਪਨਾਈਆਂ ਜਾਣ ਵਾਲੀਆਂ ਤਕਨੀਕਾਂ ਦਾ ਜ਼ਿਕਰ ਕੀਤਾ । ਡਾ. ਧਰਮਿੰਦਰ ਸਿੰਘ ਨੇ ਸੰਤੁਲਿਤ ਡਾਟਾ ਇਕਤ੍ਰੀਕਰਨ ਬਾਰੇ ਵਿਸਥਾਰ ਨਾਲ ਗੱਲ ਕੀਤੀ । ਵੱਖ-ਵੱਖ ਖੇਤਰਾਂ ਵਿੱਚ ਖੋਜ ਕਰਨ ਵਾਲੇ ਵਿਦਿਆਰਥੀਆਂ ਨੇ ਇਸ ਵੈਬੀਨਾਰ ਦੇ ਮਹੱਤਵ ਬਾਰੇ ਹਾਂ ਪੱਖੀ ਹੁੰਗਾਰਾ ਭਰਿਆ।