ਨਵੀਂ ਦਿੱਲੀ: ਲੋਕ ਸਭਾ ਦੀ ਸੁਣਵਾਈ ਮੁਲਤਵੀ ਹੋਣ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ ਨੇ ਸਦਨ ਦੇ ਅੰਦਰ ਧਰਨਾ ਦਿੱਤਾ। ਸ਼ਾਮ 4:30 ਵਜੇ ਲੋਕ ਸਭਾ ਮੁਲਤਵੀ ਹੋਣ ਤੋਂ ਬਾਅਦ, ਪੰਜਾਬ ਦੇ ਦੋਵੇਂ ਸੰਸਦ ਮੈਂਬਰ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੁੱਦੇ ‘ਤੇ ਸਦਨ ਦੇ ਅੰਦਰ ਧਰਨੇ ‘ਤੇ ਬੈਠ ਗਏ।
ਸੰਸਦ ‘ਚੋਂ ਰਵਨੀਤ ਬਿੱਟੂ ਅਤੇ ਗੁਰਜੀਤ ਔਜਲਾ ਵੱਲੋਂ ਇਕ ਵੀਡੀਓ ਵੀ ਸ਼ੇਅਰ ਕੀਤੀ ਗਈ, ਜਿਸ ‘ਚ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਜੋ ਇਹ ਧਰਨਾ ਲਗਾਇਆ ਗਿਆ ਹੈ, ਉਹ ਕਿਸਾਨਾਂ ਦੀ ਆਵਾਜ਼ ਤੇ ਰੋਸ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਰਕਾਰ ਸਾਡੀ ਗੱਲ ਨਹੀਂ ਮੰਨ ਲੈਂਦੀ, ਓਨਾ ਚਿਰ ਉਹ ਨਹੀਂ ਉੱਠਣਗੇ। ਪਾਰਲੀਮੈਂਟ ਇਕ ਮੰਦਿਰ ਦੇ ਸਮਾਨ ਹੁੰਦਾ ਹੈ, ਜਿਥੇ ਅਖੀਰਲੀ ਲਾਈਨ ‘ਚ ਖੜ੍ਹੇ ਵਿਅਕਤੀ ਦੀ ਵੀ ਸੁਣੀ ਜਾਂਦੀ ਹੈ ਪਰ ਇਥੇ ਤਾਂ 25 ਲੱਖ ਲੋਕਾਂ ਦੇ ਚੁਣੇ ਪ੍ਰਤੀਨਿਧੀ ਦੀ ਵੀ ਨਹੀਂ ਸੁਣੀ ਜਾ ਰਹੀ।
ਪਿਛਲੇ ਕਈ ਦਿਨਾਂ ਤੋਂ, ਪੈਗਾਸਸ ਅਤੇ ਖੇਤੀ ਕਾਨੂੰਨਾਂ ਸਮੇਤ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਰੁਕਾਵਟ ਆ ਰਹੀ ਹੈ। ਮਾਨਸੂਨ ਸੈਸ਼ਨ 19 ਜੁਲਾਈ ਤੋਂ ਸ਼ੁਰੂ ਹੋਇਆ ਸੀ, ਪਰ ਹੁਣ ਤੱਕ ਦੋਵੇਂ ਸਦਨਾਂ ਦੀ ਕਾਰਵਾਈ ਠੱਪ ਹੋ ਗਈ ਹੈ।