ਮੋਗਾ : ਪੰਜਾਬ ਪੁਲਿਸ ਹਰ ਦਿਨ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਦਾ ਵਿਸ਼ਾ ਬਣੀ ਹੀ ਰਹਿੰਦੀ ਹੈ। ਜਿਸ ਦੇ ਚਲਦਿਆਂ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ। ਦਰਅਸਲ ਇੱਥੇ ਪੰਜਾਬ ਪੁਲਿਸ ਦੇ ਇੱਕ ਹੌਲਦਾਰ ਨੇ ਆਪਣੀ ਹੀ ਪਤਨੀ ਸਮੇਤ ਸਹੁਰਾ ਪਰਿਵਾਰ ‘ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਮਾਮਲਾ ਹੈ ਵਿਧਾਨ ਸਭਾ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਸੈਦਾਪੁਰਾ ਜਲਾਲ ਦਾ ਜਿੱਥੇ ਕੁਲਵਿੰਦਰ ਸਿੰਘ ਨਾਮਕ ਪੁਲਿਸ ਹੌਲਦਾਰ ਦੱਸੇ ਜਾਂਦੇ ਵਿਅਕਤੀ ਨੇ ਆਪਣੇ ਹੀ ਸਹੁਰੇ ਪਰਿਵਾਰ ‘ਤੇ ਹਮਲਾ ਕਰਕੇ ਮਾਰ ਦਿੱਤਾ। ਮਰਨ ਵਾਲਿਆਂ ‘ਚ ਕੁਲਵਿੰਦਰ ਸਿੰਘ ਦੀ ਪਤਨੀ ਰਾਜਵਿੰਦਰ ਕੌਰ, ਸੱਸ ਸੁਖਵਿੰਦਰ ਕੌਰ, ਸਾਲਾ ਜਸਕਰਨ ਸਿੰਘ ਅਤੇ ਸਾਲੇਹਾਰ ਇੰਦਰਜੀਤ ਕੌਰ ਸ਼ਾਮਲ ਹੈ ਜਦੋਂ ਕਿ ਜਸਕਰਨ ਸਿੰਘ ਦੀ 10 ਸਾਲਾ ਬੱਚੀ ਦੀ ਹਾਲਤ ਗੰਭੀਰ ਹੈ।
ਇਸ ਸਬੰਧੀ ਮ੍ਰਿਤਕ ਪਰਿਵਾਰ ਦੇ ਰਿਸ਼ਤੇਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਾ ਆਪਸ ਵਿੱਚ ਕੋਈ ਝਗੜਾ ਸੀ। ਉਨ੍ਹਾਂ ਕਿਹਾ ਕਿ ਰਾਤ ਵੀ ਕੁਲਵਿੰਦਰ ਸਿੰਘ ਨੂੰ ਪੁਲਿਸ ਮੁਲਾਜ਼ਮ ਲੈ ਗਏ ਸਨ ਅਤੇ ਅੱਜ ਸਵੇਰੇ ਆ ਕੇ ਉਸ ਨੇ ਇਹ ਹਮਲਾ ਕਰ ਦਿੱਤਾ। ਸੰਦੀਪ ਅਨੁਸਾਰ ਜਿਸ ਸਮੇਂ ਕੁਲਵਿੰਦਰ ਆਇਆ ਤਾਂ ਪਰਿਵਾਰਕ ਮੈਂਬਰ ਸੌਂ ਰਹੇ ਸਨ ਅਤੇ ਉਸ ਨੇ ਸੁੱਤੇ ਪਿਆਂ ‘ਤੇ ਹੀ ਹਮਲਾ ਕਰ ਦਿੱਤਾ। ਸੰਦੀਪ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਕੁਲਵਿੰਦਰ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਅਤੇ ਉਹ ਮੋਗਾ ‘ਚ ਤੈਨਾਤ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲਾਂ ਵੀ ਇੰਝ ਹੀ ਸ਼ਰਾਬ ਪੀ ਕੇ ਲੜਦਾ ਸੀ ਪਰ ਹੁਣ ਛੇ ਸਾਲ ਤੋਂ ਇਸ ਨੇ ਅੰਮ੍ਰਿਤ ਛਕ ਲਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਨੇ 2014 ਵਿੱਚ ਵੀ ਏਕੇ 47 ਨਾਲ ਫਾਇਰ ਕਰ ਦਿੱਤੇ ਸਨ।
ਇਸ ਸਬੰਧੀ ਮੁਲਜ਼ਮ ਕੁਲਵਿੰਦਰ ਸਿੰਘ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸ਼ਰਾਬ ਪੀ ਰੱਖੀ ਸੀ ਅਤੇ ਉਨ੍ਹਾਂ ਨੇ ਆ ਕੇ ਫਾਇਰ ਕਰ ਦਿੱਤੇ। ਮਨਪ੍ਰੀਤ ਨੇ ਦੋਸ਼ ਲਾਇਆ ਕਿ ਮੁਲਜ਼ਮ ਕੁਲਵਿੰਦਰ ਸਿੰਘ ਨੇ ਪਹਿਲਾਂ ਉਸ ਦੀ ਮਾਮਾ ਮਾਮੀ ‘ਤੇ ਫਾਇਰ ਕਰ ਦਿੱਤੇ ਅਤੇ ਫਿਰ ਮੰਮੀ ਤੋਂ ਬਾਅਦ ਉਸ ਦੀ ਨਾਨੀ ਦੇ ਗੋਲੀ ਮਾਰ ਦਿੱਤੀ। ਮਨਪ੍ਰੀਤ ਨੇ ਦੱਸਿਆ ਕਿ ਕੁਲਵਿੰਦਰ ਕੋਲ ਏਕੇ47 ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਜਦੋਂ ਕੁਲਵਿੰਦਰ ਸ਼ਰਾਬ ਪੀ ਕੇ ਆਉਂਦਾ ਸੀ ਉਦੋਂ ਹੀ ਝਗੜਾ ਹੁੰਦਾ ਹੈ। ਮਨਪ੍ਰੀਤ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਉੱਥੇ ਭੱਜ ਗਿਆ ਸੀ ਜਿਸ ਕਾਰਨ ਉਸ ਦੀ ਜਾਨ ਬਚ ਗਈ।
ਇਸ ਸਬੰਧੀ ਜਦੋਂ ਸਥਾਨਕ ਜਾਂਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਮੋਗਾ ‘ਚ ਤੈਨਾਤ ਸੀ ਅਤੇ ਉਸ ਦਾ ਆਪਣੇ ਰਿਸ਼ਤੇਦਾਰਾਂ ਨਾਲ ਪੈਸੇ ਨੂੰ ਲੈ ਕੇ ਕੋਈ ਝਗੜਾ ਸੀ ਅਤੇ ਇਸੇ ਲੈਣਦੇਣ ਕਰਕੇ ਹੀ ਮੁਲਜ਼ਮ ਨੇ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਐਸਐਸਪੀ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮ ਖੁਦ ਹੀ ਥਾਣਾ ਧਰਮਕੋਟ ਜਾ ਕੇ ਆਤਮ ਸਮਰਪਣ ਕਰ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਸਮੇਂ ਵਰਤੀ ਗਈ ਏਕੇ 47 ਇਸ ਦੇ ਆਪਣੇ ਹੀ ਨਾਮ ‘ਤੇ ਅਲਾਟ ਹੋਈ ਸੀ। ਉਨ੍ਹਾਂ ਦੱਸਿਆ ਕਿ ਘਟਨਾ ਦੀ ਉਹ ਬੜੀ ਹੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।