ਚੰਡੀਗੜ੍ਹ: ਕੈਨੇਡਾ ਸਰਕਾਰ ਭਾਰਤ ਵਿੱਚ ਲਾਕ ਡਾਊਨ ਕਾਰਨ ਫਸੇ ਆਪਣੇ ਨਾਗਰਿਕਾਂ ਲਈ ਚਾਰ ਅਪ੍ਰੈਲ ਤੋਂ ਦਿੱਲੀ ਅਤੇ ਮੁੰਬਈ ਤੋਂ ਅਗਲੇ ਕੁੱਝ ਦਿਨਾਂ ਲਈ ਵਿਸ਼ੇਸ਼ ਜਹਾਜ਼ ਸੇਵਾ ਉਪਲਬਧ ਕਰਵਾਉਣ ਜਾ ਰਹੀ ਹੈ। ਪੰਜਾਬ ਵਿੱਚ ਰਹਿ ਰਹੇ ਵੱਖ ਵੱਖ ਨਾਗਰਿਕਾਂ ਨੂੰ ਇੱਕ ਈਮੇਲ ਭੇਜਕੇ ਕੁੱਝ ਸ਼ਰਤਾਂ ਦੇ ਨਾਲ ਕੈਨੇਡਾ ਵਾਪਸ ਲੈਕੇ ਜਾਣ ਦਾ ਪ੍ਰਸਤਾਵ ਦਿੱਤਾ ਹੈ। ਇਸ ਦੇ ਲਈ 2900 ਡਾਲਰ ਦੀ ਟਿਕਟ ਰੱਖੀ ਗਈ ਹੈ। ਇਹ ਕਨੇਕਟਿੰਗ ਫਲਾਈਟ ਹੋਵੇਗੀ, ਜੋ ਲੰਦਨ ਹੁੰਦੇ ਹੋਏ ਕੈਨੇਡਾ ਜਾਵੇਗੀ। ਇਸ ਵਿੱਚ ਕੈਨੇਡਾ ਦੇ ਨਾਗਰਿਕ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਪੀਆਰ ਕਾਰਡ ਧਾਰਕ ਹੀ ਜਾ ਸਕਣਗੇ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੈਨੇਡਾ ਸਰਕਾਰ ਵਿਸ਼ੇਸ਼ ਜਹਾਜ਼ ਚ ਆਪਣੇ ਨਾਗਰਿਕਾਂ ਨੂੰ ਇੱਥੋਂ ਲੈ ਕੇ ਜਾਵੇਗੀ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਉੱਥੇ ਹੀ ਕੈਨੇਡਾ ਤੋਂ ਆਏ NRI ਦਾ ਕਹਿਣਾ ਹੈ ਕਿ ਈ -ਮੇਲ ਤਾਂ ਆ ਗਈ ਹੈ ਪਰ ਇਸ ਵਿੱਚ ਕਈ ਚੀਜਾਂ ਸਾਫ ਨਹੀਂ ਹਨ। ਮੇਲ ਵਿੱਚ ਟਿਕਟ ਬੁੱਕ ਕਰਨ ਵਾਲੇ ਸਥਾਨਕ ਏਜੰਟਾਂ ਨਾਲ ਗੱਲ ਕਰਨ ਨੂੰ ਕਿਹਾ ਗਿਆ ਹੈ, ਪਰ ਜਦੋਂ ਅਸੀਂ ਏਜੰਟਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਇਸ ਮੇਲ ਦੇ ਵਾਰੇ ਕੋਈ ਜਾਣਕਾਰੀ ਨਹੀਂ ਹੈ। ਉਧਰ ਕੈਨੇਡਾ ਸਰਕਾਰ ਨੇ ਜਹਾਜ਼ ਕੰਪਨੀਆਂ ਅਤੇ ਭਾਰਤ ਸਰਕਾਰ ਨਾਲ ਗੱਲ ਕਰ ਲਈ ਹੈ।
ਉਥੇ ਹੀ, ਪੰਜਾਬ ਸਣੇ ਪੂਰੇ ਦੇਸ਼ ਵਿੱਚ ਲਾਕਡਾਉਨ ਦੇ ਕਾਰਨ ਕੈਨੇਡਾ ਦੇ ਨਾਗਰਿਕਾਂ ਨੂੰ ਵਾਪਸ ਪਰਤਣ ਲਈ ਪਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਸਰਕਾਰਾਂ ਨੇ ਆਪਣੀ ਸਰਹੱਦ ਨੂੰ ਸੀਲ ਕਰ ਦਿੱਤਾ ਹੈ। ਅਜਿਹੇ ਵਿੱਚ ਉਹ ਕਿਵੇਂ ਜਾ ਸਕਣਗੇ? ਕੈਨੇਡਾ ਸਰਕਾਰ ਵੱਲੋਂ ਜੋ ਮੇਲ ਭੇਜੀ ਗਈ ਹੈ ਉਸ ਵਿੱਚ ਸਾਫ ਹੈ ਕਿ ਏਅਰਪੋਰਟ ਤੱਕ ਪੁੱਜਣ ਦੀ ਜ਼ਿੰਮੇਦਾਰੀ ਸਬੰਧਤ ਨਾਗਰਿਕ ਦੀ ਹੀ ਹੈ।