ਕਿਸਾਨਾਂ ਨੂੰ ਪਰਾਲੀ ਸੰਭਾਲਣ ਅਤੇ ਨਦੀਨਾਂ ਦੀ ਰੋਕਥਾਮ ਦੇ ਗੁਰ ਦੱਸੇ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਲੁਧਿਆਣਾ ਜ਼ਿਲੇ ਦੇ ਪਿੰਡ ਨਾਰੰਗਵਾਲ ਵਿਖੇ ਨਦੀਨਾਂ ਦੀ ਰੋਕਥਾਮ ਅਤੇ ਫ਼ਸਲੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਸਿਖਲਾਈ ਅਤੇ ਪ੍ਰਦਰਸ਼ਨੀ ਕੈਂਪ ਲਗਾਇਆ ਗਿਆ। ਇਸ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਪਸਾਰ ਸਿੱਖਿਆ ਵਿਭਾਗ ਦੀ ਵੱਖ-ਵੱਖ ਗਤੀਵਿਧੀਆਂ ਪਿੰਡ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨਾਲ ਸਾਂਝੀਆਂ ਕੀਤੀਆਂ।

ਉਹਨਾਂ ਨੇ ਕਿਸਾਨਾਂ ਨੂੰ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਪਰਾਲੀ ਸੰਭਾਲਣ ਵਾਲੀਆਂ ਤਕਨੀਕਾਂ ਜਿਵੇਂ ਹੈਪੀਸੀਡਰ, ਸੁਪਰਸੀਡਰ, ਮਲਚਰ, ਉਲਟਾਵਾਂ ਹਲ, ਜ਼ੀਰੋ ਟਿੱਲ ਡਰਿੱਲ, ਬੇਲਰ ਆਦਿ ਦੀ ਵਰਤੋਂ ਕਰਕੇ ਵਾਤਾਵਰਨ ਪੱਖੀ ਖੇਤੀ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ। ਫ਼ਸਲ ਵਿਗਿਆਨੀ ਡਾ. ਮਨਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਦੇ ਮੁੱਖ ਨਦੀਨ ਅਤੇ ਉਹਨਾਂ ਦੀ ਰੋਕਥਾਮ ਕਰਨ ਦੇ ਸੰਯੁਕਤ ਤਰੀਕੇ ਦੱਸੇ।
ਪਸਾਰ ਵਿਗਿਆਨੀ ਡਾ. ਲਵਲੀਸ਼ ਗਰਗ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਉਦਮ ਅਤੇ ਉਡਾਣ ਨਾਵਾਂ ਹੇਠ ਚਲਾਏ ਜਾਂਦੇ ਖੇਤੀ ਕਾਰੋਬਾਰ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਖੇਤੀ ਸਾਹਿਤ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਕਿਸਾਨਾਂ ਨੂੰ ਪੀ.ਏ.ਯੂ. ਦੇ ਖੇਤੀ ਸਾਹਿਤ ਨਾਲ ਜੁੜਨ ਲਈ ਕਿਹਾ। ਡਾ. ਪੰਕਜ ਕੁਮਾਰ ਨੇ ਕਿਸਾਨਾਂ ਨੂੰ ਖੇਤੀ ਸਾਹਿਤ ਨਾਲ ਆਪ ਜੁੜਨ ਅਤੇ ਹੋਰਾਂ ਨੂੰ ਜੋੜਨ ਲਈ ਕਿਹਾ।

ਪਸਾਰ ਮਾਹਿਰ ਡਾ. ਕਮਲਪ੍ਰੀਤ ਕੌਰ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਜਾਗਰੂਕਤਾ ਭਰਪੂਰ ਗੱਲਾਂ ਕੀਤੀਆਂ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਪੀ.ਏ.ਯੂ. ਦੇ ਮਾਹਿਰਾਂ ਨਾਲ ਰਾਬਤਾ ਕਰਕੇ ਨਦੀਨਾਂ ਦੀ ਰੋਕਥਾਮ ਅਤੇ ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ ਵੱਲ ਤੁਰਨਾ ਚਾਹੀਦਾ ਹੈ। ਨਾਲ ਹੀ ਡਾ. ਕਮਲਪ੍ਰੀਤ ਕੌਰ ਨੇ ਪੇਂਡੂ ਨੌਜਵਾਨਾਂ ਨੂੰ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਦਾ ਲਾਹਾ ਲੈਣ ਲਈ ਕਿਹਾ। ਇਸ ਲਈ ਉਹਨਾਂ ਨੇ ਯੂਨੀਵਰਸਿਟੀ ਵੱਲੋਂ ਚਲਾਏ ਜਾਂਦੇ ਪ੍ਰੋਗਰਾਮਾਂ ਦੀ ਗੱਲ ਕੀਤੀ। ਇਸ ਮੌਕੇ ਕਿਸਾਨਾਂ ਨੇ ਪੀ.ਏ.ਯੂ. ਦੇ ਖੇਤੀ ਸਾਹਿਤ ਅਤੇ ਮਾਸਿਕ ਰਸਾਲਿਆਂ ਦੀ ਖਰੀਦ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ।

Share This Article
Leave a Comment