ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ (71) ਦਾ ਗੁੜਗਾਓਂ ਦੇ ਮੇਦਾਂਤਾ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਬੁੱਧਵਾਰ (25 ਨਵੰਬਰ, 2020) ਨੂੰ ਤੜਕੇ 3.30 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੇ ਪੁੱਤਰ ਫੈਸਲ ਪਟੇਲ ਨੇ ਆਪਣੇ ਟਵਿਟਰ ਉਪਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਸ਼੍ਰੀ ਅਹਿਮਦ ਪਟੇਲ ਦੇ ਕਈ ਅੰਗਾਂ ਨੇ ਇਕਦਮ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਨਾਲ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਗਿਆ। ਫੈਸਲ ਨੇ ਟਵਿਟਰ ‘ਤੇ ਇਹ ਵੀ ਲਿਖਿਆ ਕਿ ਉਹ ਆਪਣੇ ਸਾਰੇ ਸ਼ੁਭਚਿੰਤਕਾਂ ਨੂੰ ਬੇਨਤੀ ਕਰਦਾ ਹੈ ਕਿ ਇਸ ਸਮੇਂ ਕੋਵਿਡ – 19 ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਸੋਸ਼ਲ ਡਿਸਟੇਨਸਿੰਗ ਦੀ ਸਖਤੀ ਨਾਲ ਧਿਆਨਰੱਖਿਆ ਜਾਵੇ।
ਸ਼੍ਰੀ ਅਹਿਮਦ ਪਟੇਲ ਕਾਂਗਰਸ ਪਾਰਟੀ ਦੇ ਖਜ਼ਾਨਚੀ ਸਨ। ਉਹ ਪਾਰਟੀ ਮੁਖੀ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਵੀ ਰਹੇ। ਸ਼੍ਰੀ ਪਟੇਲ 1985 ਵਿੱਚ ਰਾਜੀਵ ਗਾਂਧੀ ਦੇ ਸੰਸਦੀ ਸਕੱਤਰ ਵੀ ਰਹੇ ਸਨ। ਉਹ 2018 ਵਿੱਚ ਪਾਰਟੀ ਦੇ ਖਜ਼ਾਨਚੀ ਚੁਣੇ ਗਏ ਸਨ। ਅੱਠ ਵਾਰ ਸੰਸਦ ਮੈਂਬਰ ਰਹਿਣ ਵਾਲੇ ਅਹਿਮਦ ਪਟੇਲ ਤਿੰਨ ਵਾਰ ਲੋਕ ਸਭਾ ਲਈ ਅਤੇ ਪੰਜ ਵਾਰ ਰਾਜ ਸਭਾ ਲਈ ਚੁਣੇ ਗਏ। ਉਹ ਆਖਰੀ ਵਾਰ ਜਦੋਂ 2017 ਵਿੱਚ ਰਾਜ ਸਭਾ ਵਿੱਚ ਗਏ, ਉਹ ਚੋਣ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ ਸੀ। ਅਹਿਮਦ ਪਟੇਲ ਦੇ ਅਕਾਲ ਚਲਾਣੇ ਉਪਰ ਬਹੁਤ ਸਾਰੇ ਕਾਂਗਰਸ ਦੇ ਨੇਤਾਵਾਂ ਨੇ ਆਪਣੇ ਸਾਥੀ ਦੇ ਵਿਛੜ ਜਾਣ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਕ ਸੂਝਵਾਨ ਅਤੇ ਕੱਦਾਵਰ ਆਗੂ ਖੋ ਲਿਆ ਹੈ।