ਬਠਿੰਡਾ ਅੱਜੋਕੇ ਸਮੇਂ ਵਿੱਚ ਰਿਸ਼ਤਿਆਂ ਦੀ ਡੋਰ ਲਗਾਤਾਰ ਪਤਲੀ ਹੁੰਦੀ ਜਾ ਰਹੀ ਹੈ। ਇਸ ਦੇ ਚੱਲਦਿਆਂ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਕਲਯੁਗੀ ਪੁੱਤ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ । ਮਾਮਲਾ ਇਥੋਂ ਦੇ ਪਿੰਡ ਸੁੱਖਾ ਕਲਿਆਣ ਦਾ ਹੈ। ਜਾਣਕਾਰੀ ਮੁਤਾਬਿਕ ਮੁਲਜ਼ਮ ਵੱਲੋਂ ਜ਼ਮੀਨੀ ਵਿਵਾਦ ਦੇ ਚਲਦੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਸਥਾਨਕ ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਮ੍ਰਿਤਕਾਂ ਦੀ ਪਹਿਚਾਣ ਹਰਭਜਨ ਕੌਰ ਵਜੋਂ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਉਸ ਦੇ ਭਰਾ ਪਿਆਰਾ ਸਿੰਘ ਨੇ ਦੱਸਿਆ ਕਿ ਉਹ ਆਪਣੀ ਭੈਣ ਦੀ ਸਿਹਤ ਦਾ ਪਤਾ ਲੈਣ ਲਈ ਗਿਆ ਸੀ ਤਾਂ ਜਦੋਂ ਘਰ ਗਿਆ ਉਸ ਨੇ ਦੇਖਿਆ ਕਿ ਉਸਦੀ ਭੈਣ ਦੀ ਲਾਸ਼ ਮੰਜੇ ਤੇ ਪਈ ਸੀ ਅਤੇ ਉਸ ਦਾ ਭਾਣਜਾ ਅਤੇ ਉਸਦੀ ਪਤਨੀ ਘਰ ਤੋਂ ਫਰਾਰ ਸਨ ।ਪਿਆਰਾ ਸਿੰਘ ਨੇ ਦੱਸਿਆ ਕਿ ਹਰਭਜਨ ਕੌਰ ਦੇ ਨਾਮ ਦੋ ਏਕੜ ਜ਼ਮੀਨ ਸੀ ਜਿਸ ਨੂੰ ਕਿ ਆਪਣੇ ਨਾਂ ਕਰਵਾਉਣ ਦੀ ਲਈ ਉਸ ਦਾ ਪੁੱਤਰ ਲਗਾਤਾਰ ਕਲੇਸ਼ ਕਰਦਾ ਸੀ । ਉਨ੍ਹਾਂ ਪੁਲੀਸ ਪਾਸੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।
ਉਧਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਹੋ ਗਈ ਹੈ ।