ਨਿਊਜ਼ ਡੈਸਕ: ਮਾਲਵੇ ਦੀ ਧਰਤੀ ਤੇ ਪਿਛਲੀ ਅੱਧੀ ਸਦੀ ਤੋਂ ਵਿਦਿਆ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਅਕਾਲ ਗਰੁੱਪ ਆਫ ਇੰਸਟੀਚਿਊਟਸ ਵੱਲੋਂ ਅਕਾਲ ਡਿਗਰੀ ਕਾਲਜ ਫਾਰ ਵਿਮੈਨ ਸੰਗਰੂਰ ਵਿਖੇ ਕਾਲਜ ਦੇ ਬਾਨੀ ਚੇਅਰਮੈਨ ਸ. ਗੁਰਬਖਸ਼ ਸਿੰਘ ਸਿਬੀਆ ਦੇ 100ਵੇਂ ਜਨਮ ਦਿਵਸ ਦੇ ਅਵਸਰ ਸੰਸਥਾਪਕ ਦਿਵਸ ਬਹੁਤ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹੋਏ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਭਾਈ ਅਮਨਦੀਪ ਸਿੰਘ ਜੀ ਹਜੂਰੀ ਰਾਗੀ ਜੱਥੇ ਨੇ ਰਸਭਿੰਨਾ ਕੀਰਤਨ ਕਰਕੇ ਰੂਹਾਨੀਅਤ ਦਾ ਸੰਚਾਰ ਕੀਤਾ।
ਸ. ਗੁਰਬਖਸ਼ ਸਿੰਘ ਸਿਬੀਆ ਦੀ ਸ਼ਖਸ਼ੀਅਤ ਦੇ ਵਿਭਿੰਨ ਪਹਿਲੂਆਂ ਨੂੰ ਕਲਾਤਮਕ ਢੰਗ ਨਾਲ ਦਰਸਾਉਂਦੀ ਅਕਾਲ ਪ੍ਰੋਡਕਸ਼ਨ ਵੱਲੋਂ ਤਿਆਰ ਡਾਕੂਮੈਂਟਰੀ ਫਿਲਮ, “ਚਾਨਣ ਦਾ ਹਮਸਫਰ” ਗੁਰਬਖਸ਼ ਸਿੰਘ ਸਿਬੀਆ ਵਿਖਾਈ ਗਈ। ਸ. ਕਰਨਵੀਰ ਸਿੰਘ ਸਿਬੀਆ ਦੇ ਸੰਵਾਦ ਅਤੇ ਸ. ਹਰਜੀਤ ਸਿੰਘ ਦੀ ਨਿਰਦੇਸ਼ਨ ਵਿੱਚ ਤਿਆਰ ਹੋਈ ਡਾਕੂਮੈਂਟਰੀ ਅਸਲੀਅਤ ਦੇ ਬਹੁਤ ਨੇੜੇ ਹੈ। ਇਸ ਫਿਲਮ ਵਿੱਚ ਨਵੀਨ ਤਕਨੀਕਾਂ ਦਾ ਪ੍ਰਯੋਗ ਕਰਕੇ ਸੱਚਮੁੱਚ ਹੀ ਦਸਤਾਵੇਜੀ ਬਣਾਇਆ ਗਿਆ ਹੈ। ਮੁੱਖ ਅਦਾਕਾਰ ਮਹਾਵੀਰ ਸਿੰਘ ਭੁੱਲਰ ਵੱਲੋਂ ਸ. ਗੁਰਬਖਸ਼ ਸਿੰਘ ਸਿਬੀਆ ਦੀ ਭੂਮਿਕਾ ਨੂੰ ਬਹੁਤ ਸ਼ਿੱਦਤ ਨਾਲ ਨਿਭਾਇਆ ਗਿਆ ਹੈ। ਇਸ ਫਿਲਮ ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ, ਜਨਰਲ ਹਰਬਖਸ਼ ਸਿੰਘ ਅਤੇ ਕਈ ਇਤਿਹਾਸਕ ਘਟਨਾਵਾਂ ਨੂੰ ਬਹੁਤ ਸੁਚੱਜੇ ਢੰਗ ਨਾਲ ਮੂਰਤੀ ਮਾਨ ਕੀਤਾ ਗਿਆ ਹੈ। ਇਸ ਅਵਸਰ ਤੇ ਅਕਾਲ ਡਿਗਰੀ ਕਾਲਜ ਫਾਰ ਵਿਮੈਨ ਸੰਗਰੂਰ ਦੇ ਬਾਨੀ ਪ੍ਰਿੰਸੀਪਲ ਸਿਵਰਾਜ ਕੌਰ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਬਾਰੇ ਹਰਜੀਤ ਕੌਰ ਦਾ ਲਿਖਿਆ ਗੀਤ “ਅਕਾਲ ਬਾਗ ਦੀਏ ਅੰਮੜੀਏ, ਅਸੀਂ ਤੇਰੇ ਬਾਗ ਦੀਆਂ ਕਲੀਆਂ” ਕਾਲਜ ਦੀ ਵਿਦਿਆਰਥਣ ਸ਼ੁਸਮਿਤਾ ਤੇ ਉਸਦੀਆਂ ਸਾਥਣਾਂ ਨੇ ਬਹੁਤ ਹੀ ਸੁਹਜ ਭਰੇ ਢੰਗ ਨਾਲ ਗਾ ਕੇ ਸਮੁੱਚੇ ਮਾਹੌਲ ਨੂੰ ਇੱਕਸੁਰ ਕਰ ਦਿੱਤਾ। ਪ੍ਰਿੰਸੀਪਲ ਸਿਵਰਾਜ ਕੌਰ ਜੀ ਵੱਲੋਂ ਕਾਲਜ ਦੀ ਤਰੱਕੀ ਲਈ ਕੀਤੀ ਗਈ ਦੁਆ ਬਹੁਤ ਹੀ ਭਾਵਪੂਰਨ ਸੀ। ਸਮਾਗਮ ਦੇ ਮੁੱਖ ਮਹਿਮਾਨ ਸਮਾਜ ਸੇਵੀ ਕਰਨਲ ਕਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ‘ਅਕਾਲ ਗਰੁੱਪ ਵੱਲੋਂ ਆਪਣੇ ਮੋਢੀਆਂ ਨੂੰ ਨਿਵਾਜਣ ਦੀ ਇੱਕ ਸ਼ਾਨਦਾਰ ਰਵਾਇਤ ਕਾਇਮ ਕੀਤੀ ਗਈ ਹੈ, ਇਹ ਪਰਿਵਾਰ, ਗਰੁੱਪ ਅਤੇ ਸੰਸਥਾ ਨੂੰ ਅੱਗੇ ਵਧਾਉਣ ਦਾ ਬਹੁਤ ਵਧੀਆ ਤਰੀਕਾ ਹੈ।’ ਉਨ੍ਹਾਂ ਨੇ ਕਾਲਜ ਦੇ ਪ੍ਰਬੰਧਕਾਂ, ਸਟਾਫ ਅਤੇ ਵਿਦਿਆਰਥਣਾਂ ਦੀ ਬਹੁਤ ਪ੍ਰਸ਼ੰਸਾ ਕੀਤੀ।
ਇਸ ਮੌਕੇ ਸ. ਗੁਰਬਖਸ਼ ਸਿੰਘ ਸਿਬੀਆ ਦੁਆਰਾ ਵਿਕਾਸ ਅਤੇ ਵਿਦਿਅਕ ਕਾਰਜਾਂ ਬਾਰੇ ਗੰਭੀਰ ਚਰਚਾ ਹੋਈ। ਡਾ. ਹਰਜੀਤ ਕੌਰ ਡਾਇਰੈਕਟਰ ਨੇ ਦੱਸਿਆ ਕਿ 50 ਬੰਦਿਆਂ ਨਾਲ ਕਿਰਾਏ ਦੀ ਬਿਲਡਿੰਗ ਵਿੱਚ ਸਥਾਪਤ ਕੀਤਾ ਕਾਲਜ ਅੱਜ ਬਹੁਤ ਵੱਡੀ ਸੰਸਥਾ ਦਾ ਰੂਪ ਧਾਰਨ ਕਰ ਗਿਆ ਹੈ। ਜਿਸ ਦੀਆਂ ਆਪਣੀਆਂ ਸ਼ਾਨਦਾਰ ਇਮਾਰਤਾਂ ਵਿੱਚ ਆਧੁਨਿਕ ਲੈਬਾਰਟਰੀਆਂ ਤੇ ਵੱਡੀਆਂ ਲਾਇਬ੍ਰੇਰੀਆਂ ਹਨ। ਡਾ. ਰਮਿੰਦਰ ਕੌਰ ਨੇ ਸ. ਸਿਬੀਆ ਵੱਲੋਂ ਪੰਜਾਬ ਦੇ ਵਿਕਾਸ ਅਤੇ ਵਿਦਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਨੇ ਸਰਦਾਰਨੀ ਬੇਅੰਤ ਕੌਰ, ਸ. ਤੇਗਵੀਰ ਸਿੰਘ ਸਿਬੀਆ, ਪ੍ਰਿੰਸੀਪਲ ਸੁਰਜੀਤ ਸਿੰਘ ਗਾਂਧੀ ਅਤੇ ਸ. ਨਰਿੰਦਰ ਸਿੰਘ ਮਾਨ ਵੱਲੋਂ ਕਾਲਜ ਦੇ ਵਿਕਾਸ ਵਿੱਚ ਕੀਤੇ ਸ਼ਲਾਘਾਯੋਗ ਕਾਰਜਾਂ ਨੂੰ ਯਾਦ ਕੀਤਾ। ਇਸ ਮੌਕੇ ਡਾ. ਰਸ਼ਪਿੰਦਰ ਕੌਰ ਅਤੇ ਡਾ. ਅਨੀਤਾ ਨੇ ਵੀ ਆਪਣੇ ਵਿਚਾਰ ਵਿਅਕਤ ਕੀਤੇ।
ਕਾਲਜ ਦੇ ਚੇਅਰਮੈਨ ਸ. ਕਰਨਵੀਰ ਸਿੰਘ ਸਿਬੀਆ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਕਾਲਜ ਵਿੱਚ ਵਿਦਿਆਰਥਣਾਂ ਨੂੰ ਰੁਜ਼ਗਾਰ ਮੁਖੀ ਕੋਰਸ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਲੜਕੀਆਂ ਆਪਣੇ ਪੈਰਾਂ ਤੇ ਖੜ੍ਹੀਆਂ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਨਿਕਟ ਭਵਿੱਖ ਵਿੱਚ ਅਕਾਲ ਕਾਲਜ ਯੂਨੀਵਰਸਿਟੀ ਦਾ ਰੂਪ ਧਾਰਨ ਕਰੇਗਾ। ਇਸ ਸਬੰਧੀ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਬਹੁਤ ਜਲਦੀ ਹੀ ਹੋਰ ਕੋਰਸ ਵੀ ਸ਼ੁਰੂ ਕੀਤੇ ਜਾ ਰਹੇ ਹਨ।
ਲੰਮਾਂ ਸਮਾਂ ਚੱਲਿਆ ਇਹ ਸਮਾਗਮ ਪੂਰੀ ਤਰ੍ਹਾਂ ਵਿਧੀਵਤ ਸੀ। ਐਨ.ਸੀ.ਸੀ. ਦੇ ਕੈਡਿਟਾਂ ਨੇ ਮੁੱਖ ਮਹਿਮਾਨ ਨੂੰ ਗਾਰਡ ਆਫ ਆਨਰ ਪੇਸ਼ ਕੀਤਾ, ਕਾਲਜ ਦਾ ਫਲੈਗ ਲਹਿਰਾਇਆ ਗਿਆ। ਗੁਰਬਖਸ਼ ਸਿੰਘ ਸਿਬੀਆ ਦੀ ਮੂਰਤੀ ਤੇ ਪੁਸ਼ਪ ਮਾਲਾਵਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਲੋਕ ਕਲਾਵਾਂ ਤੇ ਪੁਸਤਕ ਪ੍ਰਦਰਸ਼ਨੀ ਲਾਈ ਗਈ। ਕਾਲਜ ਵਿੱਚ ਸਥਾਪਿਤ ਲੇਖਕ ਗੈਲਰੀ ਖਿੱਚ ਦਾ ਕਾਰਣ ਬਣੀ। ਇਸ ਸਮਾਗਮ ਵਿੱਚ ਕਾਲਜ ਦੀਆਂ ਪੁਰਾਣੀਆਂ ਵਿਦਿਆਰਥਣਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਪਤਵੰਤੇ ਸ਼ਹਿਰੀ, ਸਮੁੱਚੀ ਮੈਨੇਜਮੈਂਟ, ਸਮੂਹ ਸਿਬੀਆ ਪਰਿਵਾਰ ਇਸ ਮੌਕੇ ਹਾਜ਼ਰ ਸੀ। ਇੰਜ. ਗੁਰਦੀਪ ਸਿੰਘ, ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ, ਪੰਜਾਬੀ ਸਾਹਿਤ ਰਤਨ ਡਾ. ਤੇਜਵੰਤ ਮਾਨ, ਸ਼੍ਰੋਮਣੀ ਸਾਹਿਤਕਾਰ ਹਰਜੀਤ ਕੌਰ, ਡਾ. ਗੁਰਿੰਦਰ ਕੌਰ, ਬਾਬਾ ਬਚਿੱਤਰ ਸਿੰਘ, ਜਗਦੀਪ ਸਿੰਘ, ਹਰਦਿਆਲ ਸਿੰਘ, ਅਮਨਦੀਪ ਸਿੰਘ ਸੇਖੋਂ ਉਚੇਚੇ ਤੌਰ ਤੇ ਸ਼ਾਮਲ ਹੋਏ। ਉੱਘੇ ਰੰਗ ਕਰਮੀ, ਕਲਾਕਾਰ ਸਮਾਗਮ ‘ਚ ਸ਼ਾਮਲ ਸਨ।
ਅਕਾਲ ਕਾਲਜ ਦੀ ਵਿਰਾਸਤੀ ਦੀਵਾਰ ਨਾਲ ਬਣੀ ਕਲਾਤਮਿਕ ਸਟੇਜ਼ ਤੋਂ ਬੱਚੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਬਹੁਤ ਹੀ ਮਨਮੋਹਣਾ ਦ੍ਰਿਸ਼ ਸਿਰਜ ਰਹੀਆਂ ਸਨ। ਸੰਮੀ, ਗਿੱਧਾ, ਭੰਗੜਾ ਵਿਦਿਆਰਥਣਾਂ ਦੀ ਪ੍ਰਤਿਭਾ ਦਾ ਖੂਬਸੂਰਤ ਪ੍ਰਗਟਾਵਾ ਸੀ। ਇਹ ਵਿਦਿਆਰਥਣਾਂ ਦੀ ਛੁਪੀ ਪ੍ਰਤਿਭਾ ਨੂੰ ਉਭਾਰਨ ਲਈ ਕਾਲਜ ਪ੍ਰਬੰਧਕਾਂ ਦੀ ਸੁਹਜਾਤਮਕ ਸੂਝ ਦੀ ਸਪਸ਼ਟ ਉਦਾਹਰਣ ਸੀ। ਇਹ ਸਮਾਗਮ ਲੰਮੇ ਸਮੇਂ ਲਈ ਆਪਣੀਆਂ ਯਾਦਾਂ ਛੱਡ ਗਿਆ।