ਯੂਟਿਊਬਰ ਜਸਬੀਰ ਸਿੰਘ ਨੂੰ ਮਿਲੀ ਜ਼ਮਾਨਤ, 10 ਮਹੀਨੇ ਬਾਅਦ ਜੇਲ੍ਹ ਤੋਂ ਆਏ ਬਾਹਰ, ਪਹਿਲੀ ਵੀਡੀਓ ਕੀਤੀ ਸਾਂਝੀ

Global Team
3 Min Read

ਚੰਡੀਗੜ੍ਹ: ‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਯੂਟਿਊਬਰ ਜਸਬੀਰ ਸਿੰਘ ਉਰਫ ਜੌਨ ਮਹਲ ਨੂੰ ਵੱਡੀ ਰਾਹਤ ਮਿਲੀ ਹੈ। ਲਗਭਗ 10 ਮਹੀਨੇ ਬਾਅਦ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਆਪਣੇ ਘਰ ਪਹੁੰਚੇ ਅਤੇ ਆਪਣੀ ਪਹਿਲੀ ਵੀਡੀਓ ਵੀ ਸਾਂਝੀ ਕੀਤੀ।

ਹਾਈਕੋਰਟ ਨੇ ਜ਼ਮਾਨਤ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਕੋਈ ਢੁਕਵਾਂ ਸਬੂਤ ਪੇਸ਼ ਨਹੀਂ ਕੀਤਾ ਗਿਆ ਕਿ ਉਹ ਕਿਸੇ ਪਾਕਿਸਤਾਨੀ ਨਾਗਰਿਕ ਜਾਂ ਖੁਫੀਆ ਅਧਿਕਾਰੀ ਨਾਲ ਸੰਪਰਕ ਵਿੱਚ ਸਨ। ਜਿਨ੍ਹਾਂ ਵੀਡੀਓਜ਼ ਨੂੰ ਸਬੂਤ ਵਜੋਂ ਦੱਸਿਆ ਗਿਆ ਸੀ, ਉਹ ਸਾਰੇ ਆਮ ਜਨਤਾ ਲਈ ਖੁੱਲ੍ਹੀਆਂ ਥਾਵਾਂ ਦੇ ਸਨ। ਇਸ ਤੋਂ ਇਲਾਵਾ, ਮੋਬਾਈਲ ਤੋਂ ਕੋਈ ਚੈਟ ਜਾਂ ਗੁਪਤ ਜਾਣਕਾਰੀ ਸਾਂਝੀ ਕਰਨ ਦਾ ਵੀ ਪੱਕਾ ਸਬੂਤ ਨਹੀਂ ਮਿਲਿਆ।

ਘਰ ਪਹੁੰਚਣ ਮਗਰੋਂ ਜੌਨ ਮਹਲ ਨੇ ਆਪਣੇ ਖੇਤਾਂ ਤੋਂ ਇਕ ਵੀਡੀਓ ਸਾਂਝੀ ਕਰਦਿਆਂ ਜੇਲ੍ਹ ਦੇ ਦਿਨਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਸਮਾਂ ਯਾਦ ਕਰਕੇ ਅੱਖਾਂ ਭਰ ਆਉਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਪਰਿਵਾਰ ਜੇਲ੍ਹ ਮਿਲਣ ਆਉਂਦਾ ਸੀ, ਤਾਂ ਵਿਚਕਾਰ ਜਾਲੀ ਹੁੰਦੀ ਸੀ ਅਤੇ ਦੋਵਾਂ ਪਾਸਿਆਂ ਖੜ੍ਹ ਕੇ ਗੱਲ ਕਰਨੀ ਪੈਂਦੀ ਸੀ। ਇਸ ਦੌਰਾਨ ਉਨ੍ਹਾਂ ਨੂੰ ਪਰਿਵਾਰ ਦੇ ਪਿਆਰ ਦਾ ਅਹਿਸਾਸ ਹੋਇਆ।

ਉਨ੍ਹਾਂ ਨੇ ਆਪਣੇ ਭਰਾ ਦਾ ਵੀ ਖਾਸ ਜ਼ਿਕਰ ਕੀਤਾ ਅਤੇ ਕਿਹਾ ਕਿ ਮੁਸ਼ਕਲ ਸਮੇਂ ਵਿੱਚ ਉਸ ਨੇ ਬਹੁਤ ਸਹਿਯੋਗ ਕੀਤਾ। ਉਹ ਕਈ ਮਹੀਨੇ ਤੱਕ ਅਦਾਲਤਾਂ ਵਿੱਚ ਬੈਠਿਆ ਰਿਹਾ। ਜੌਨ ਮਹਲ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਕਰੀਅਰ ਲਈ ਕਾਫ਼ੀ ਪੈਸਾ ਲਗਾਇਆ ਸੀ, ਪਰ ਇਸ ਦੌਰਾਨ ਉਨ੍ਹਾਂ ਦੇ ਪਿਤਾ ਦਾ ਐਕਸੀਡੈਂਟ ਹੋ ਗਿਆ ਅਤੇ ਮਾਂ ਨੂੰ ਟਿਊਮਰ ਹੋ ਗਿਆ, ਜਿਸ ਕਾਰਨ ਦੋਵਾਂ ਦਾ ਕੁਝ ਮਹੀਨਿਆਂ ਵਿੱਚ ਦੇਹਾਂਤ ਹੋ ਗਿਆ।

ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (SSOC) ਨੇ ਉਨ੍ਹਾਂ ਨੂੰ 4 ਜੂਨ 2025 ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ’ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਲਈ ਕੰਮ ਕਰਨ ਅਤੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਲੱਗੇ ਸਨ। ਉਹ ਕਰੀਬ 10 ਮਹੀਨੇ ਤੱਕ ਨਿਆਂਇਕ ਹਿਰਾਸਤ ਵਿੱਚ ਰਹੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮਤੇ ਵੀ Follow ਕਰਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment