ਮਾਸਕੋ: ਰੂਸ-ਯੂਕਰੇਨ ਜੰਗ ਨੂੰ ਸ਼ੁਰੂ ਹੋਏ 6 ਹਫ਼ਤੇ ਬੀਤ ਚੁੱਕੇ ਹਨ। ਅਮਰੀਕਾ ਸਮੇਤ ਕਈ ਦੇਸ਼ਾਂ ਨੇ ਰੂਸ ‘ਤੇ ਆਰਥਿਕ ਪਾਬੰਦੀਆਂ ਲਗਾਈਆਂ ਹਨ।ਇਸ ਦੌਰਾਨ, ਹੁਣ ਰੂਸੀ ਸੰਸਦ ਦੇ ਚੈਨਲ ਨੂੰ ਵੀਡੀਓ ਹੋਸਟਿੰਗ ਸੇਵਾ ਯੂਟਿਊਬ ਦੁਆਰਾ ਬਲੌਕ ਕਰ ਦਿੱਤਾ ਗਿਆ ਹੈ। ਰੂਸੀ ਸੰਸਦ ਦੇ ਹੇਠਲੇ ਸਦਨ ਦੇ ਯੂਟਿਊਬ ਚੈਨਲ ‘ਦਿ ਸਟੇਟ ਡੂਮਾ’ ਨੂੰ ਬਲਾਕ ਕਰ ਦਿੱਤਾ ਗਿਆ ਹੈ।
ਚੈਨਲ ਨੇ ਇਸ ਪਾਬੰਦੀ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗ੍ਰਾਮ ‘ਤੇ ਸਾਂਝੀ ਕੀਤੀ ਹੈ। ਇਹ ਵੀ ਕਿਹਾ ਕਿ ਉਸ ਦੇ ਯੂਟਿਊਬ ਚੈਨਲ ‘ਤੇ 145,000 ਸਬਸਕ੍ਰਾਈਬਰ ਹਨ। ਇਸ ਸਬੰਧ ਵਿਚ ਰੂਸੀ ਸਮਾਚਾਰ ਏਜੰਸੀ ਇੰਟਰਫੈਕਸ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਗੂਗਲ ਨੇ ਆਪਣੇ ਇਸ ਕਦਮ ਦਾ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ। ਹਾਲਾਂਕਿ, ਉਕਤ ਕੰਪਨੀ ਸਾਰੀਆਂ ਲਾਗੂ ਪਾਬੰਦੀਆਂ ਅਤੇ ਕਾਰੋਬਾਰੀ ਪਾਲਣਾ ਕਾਨੂੰਨਾਂ ਦੀ ਪਾਲਣਾ ਕਰਦੀ ਹੈ।
ਰੂਸ ਦੇ ਰਾਜ ਸੰਚਾਰ ਰੈਗੂਲੇਟਰ ਨੇ ਯੂਟਿਊਬ ਤੋਂ ਰੂਸੀ ਸੰਸਦ ਦੇ ਚੈਨਲ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ। ਸਟੇਟ ਡੂਮਾ ਦੇ ਸਪੀਕਰ ਵਿਆਚੇਸਲਾਵ ਵੋਲੋਡਿਨ ਨੇ ਸੰਸਦ ਦੇ ਯੂਟਿਊਬ ਚੈਨਲ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਅਮਰੀਕਾ ਵੱਲੋਂ ਨਾਗਰਿਕਾਂ ਦੀਆਂ ਆਜ਼ਾਦੀਆਂ ਅਤੇ ਅਧਿਕਾਰਾਂ ਦੀ ਉਲੰਘਣਾ ਦੀ ਇੱਕ ਹੋਰ ਉਦਾਹਰਣ ਦੱਸਿਆ ਹੈ।