ਤਿਰੂਵਨੰਤਪੁਰਮ: ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਸਰਕਾਰੀ ਰਿਹਾਇਸ਼ ਕਲਿਫ ਹਾਊਸ ਵੱਲ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਆਯੋਜਿਤ ਰੋਸ ਮਾਰਚ ਦੌਰਾਨ ਬੁੱਧਵਾਰ ਨੂੰ ਹਿੰਸਾ ਭੜਕ ਗਈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਅਤੇ ਜਲ ਤੋਪਾਂ ਛੱਡੀਆਂ। ਯੂਥ ਕਾਂਗਰਸ ਨੇ ਕਲਮਾਸੇਰੀ, ਕੋਚੀ ਵਿੱਚ ਆਪਣੇ ਪਾਰਟੀ ਸਾਥੀਆਂ ਖ਼ਿਲਾਫ਼ ਪੁਲੀਸ ’ਤੇ ਸਖ਼ਤੀ ਦਾ ਦੋਸ਼ ਲਾਉਂਦਿਆਂ ਇਹ ਮਾਰਚ ਕੱਢਿਆ। ਸੂਬੇ ਦੇ ਬਜਟ ‘ਚ ਫਿਊਲ ਸੈੱਸ ਅਤੇ ਹੋਰ ਟੈਕਸ ਪ੍ਰਸਤਾਵਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਕੀਤੇ ਗਏ ਮਾਰਚ ‘ਚ ਕਈ ਯੂਥ ਕਾਂਗਰਸ ਵਰਕਰ ਅਤੇ ਕੁਝ ਪੁਲਸ ਕਰਮਚਾਰੀ ਜ਼ਖਮੀ ਹੋ ਗਏ।
ਕਾਲੀਆਂ ਕਮੀਜ਼ਾਂ ਪਾ ਕੇ ਅਤੇ ਪਾਰਟੀ ਦੇ ਝੰਡੇ ਲੈ ਕੇ ਵੱਡੀ ਗਿਣਤੀ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਨੇ ਕਲਿਫ ਹਾਊਸ ਤੱਕ ਮਾਰਚ ਕੀਤਾ । ਜਦੋਂ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਰਿਹਾਇਸ਼ ਦੇ ਨੇੜੇ ਇੱਕ ਚੌਰਾਹੇ ‘ਤੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ, ਜਿਸ ਨਾਲ ਹੱਥੋਪਾਈ ਹੋ ਗਈ।
ਗੁੱਸੇ ਵਿੱਚ ਆਏ ਕਾਰਕੁਨਾਂ ਨੂੰ ਖਦੇੜਨ ਲਈ ਪੁਲੀਸ ਨੇ ਕਈ ਵਾਰ ਲਾਠੀਚਾਰਜ ਕੀਤਾ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ। ਇਸ ਹੰਗਾਮੇ ਵਿੱਚ ਯੂਥ ਕਾਂਗਰਸ ਦਾ ਇੱਕ ਵਰਕਰ ਮਾਮੂਲੀ ਜ਼ਖ਼ਮੀ ਹੋ ਗਿਆ। ਬਾਅਦ ਵਿਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਦਸਤੀ ਇਲਾਕੇ ਤੋਂ ਹਟਾ ਦਿੱਤਾ। ਯੂਥ ਕਾਂਗਰਸ ਦੇ ਵਰਕਰ ਪਿਛਲੇ ਕੁਝ ਸਮੇਂ ਤੋਂ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਂਦੇ ਹੋਏ, ਹਾਲ ਹੀ ਦੇ ਬਜਟ ਵਿੱਚ ਐਲਾਨੀਆਂ ਟੈਕਸ ਤਜਵੀਜ਼ਾਂ ਅਤੇ ਫਿਊਲ ਸੈੱਸ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰ ਰਹੇ ਹਨ।