ਚੰਡੀਗੜ੍ਹ: ਸ੍ਰੀ ਦਰਬਾਰ ਸਾਹਿਬ ਦੇ ਪਰਿਸਰ ਵਿੱਚ ਸਿੱਖ ਜਥੇਬੰਦੀਆਂ ਦੇ ਆਪਸੀ ਟਕਰਾਅ ਉੱਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਿੱਖ ਕੌਮ ਦੇ ਆਪਸੀ ਮਨ ਮੁਟਾਵ ਦੂਰ ਕਰਕੇ ਉਹਨਾ ਨੂੰ ਇੱਕਜੁਟ ਕਰਨ ਦੀ ਅਪੀਲ ਕੀਤੀ। ਢਿੱਲੋਂ ਨੇ ਕਿਹਾ ਕਿ ਰਾਜਸੀ ਆਗੂਆਂ ਦੇ ਬਹਿਕਾਵੇ ਵਿੱਚ ਆ ਕੇ ਸਿੱਖ ਕੌਮ ਦੋਫਾੜ ਹੋ ਰਹੀ ਹੈ ਅਤੇ ਇਸ ਸਮੇਂ ਸਾਰੀ ਕੌਮ ਨੂੰ ਇਕੱਠੀ ਕਰਨਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਕਿਹਾ ਕਿ ਕੌਮ ਦੇ ਜਥੇਦਾਰ ਸਾਹਿਬ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਇਸ ਨੂੰ ਨਿਭਾਉਂਦਿਆਂ ਹੋਇਆਂ ਜਥੇਦਾਰ ਸਾਹਿਬ ਨੂੰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਯਤਨ ਕਰਨੇ ਚਾਹੀਦੇ ਹਨ।
ਢਿੱਲੋਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਉੱਥੇ ਹਮੇਸ਼ਾ ਸਿੱਖ ਕੌਮ ਨੂੰ ਸਹੀ ਰਾਹ ਦਿਖਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਕੌਮ ਨੇ ਹਮੇਸ਼ਾ ਜਥੇਦਾਰ ਸਾਹਿਬ ਦੀ ਆਗਿਆ ਦੀ ਪਾਲਣਾ ਕਰਦੇ ਹੋਏ ਸਿੱਖੀ ਦੀ ਚੜ੍ਹਦੀ ਕਲਾ ਲਈ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਦੀ ਕਾਬਲੀਅਤ ਅਤੇ ਸਿਆਣਪ ਉੱਤੇ ਕੋਈ ਸ਼ੱਕ ਨਹੀਂ ਹੈ ਅਤੇ ਉਨ੍ਹਾਂ ਨੂੰ ਆਪਣੀ ਦੂਰ ਦ੍ਰਿਸ਼ਟੀ ਦਾ ਮੁਜ਼ਾਹਰਾ ਕਰਦਿਆਂ ਇਕ ਵਾਰ ਫਿਰ ਸਿੱਖ ਕੌਮ ਨੂੰ ਮਾੜੇ ਦੌਰ ਵਿੱਚੋਂ ਕੱਢਣ ਲਈ ਆਪਣਾ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਸਿੱਖ ਸੰਸਥਾਵਾਂ ਨੂੰ ਵੀ ਇਕੱਠੇ ਬੈਠ ਕੇ ਗਿਲੇ ਸ਼ਿਕਵੇ ਦੂਰ ਕਰਨ ਦੀ ਤਾਕੀਦ ਕੀਤੀ।
ਆਪਣੀ ਰਾਜਸੀ ਭੁੱਖ ਮਿਟਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਮਾਣਮੱਤੀ ਸੰਸਥਾ ਦੇ ਰਾਜਨੀਤੀਕਰਨ ਕਰਨ ਲਈ ਬਾਦਲ ਪਰਿਵਾਰ ਦੀ ਨਿਖੇਧੀ ਕਰਦਿਆਂ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖੀ ਦੇ ਮੂਲ ਸਿਧਾਂਤਾਂ ਦੀ ਕਦਰ ਕਰਦਿਆਂ ਧਾਰਮਿਕ ਸੰਸਥਾਵਾਂ ਦਾ ਰਾਜਨੀਤੀਕਰਨ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸਿੱਖ ਧਰਮ ਨੂੰ ਹਮੇਸ਼ਾ ਆਪਣੇ ਰਾਜਨੀਤਕ ਮੁਫਾਦਾਂ ਲਈ ਵਰਤਿਆ ਹੈ ਜੋ ਕਿ ਅਤਿ ਨਿੰਦਣਯੋਗ ਗੱਲ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦੁਆਰਾ ਦਰਬਾਰ ਸਾਹਿਬ ਪਰਿਸਰ ਵਿੱਚ ਮੀਡੀਆ ਕਵਰੇਜ ਲਈ ਗਏ ਮੀਡੀਆ ਕਰਮੀਆਂ ਨਾਲ ਦੁਰਵਿਵਹਾਰ ਕਰਨ ਅਤੇ ਉਨ੍ਹਾਂ ਦੇ ਕੈਮਰੇ ਆਦਿ ਤੋੜਨ ਦੀ ਨਿਖੇਧੀ ਕਰਦਿਆਂ ਢਿੱਲੋਂ ਨੇ ਕਿਹਾ ਕਿ ਅਜਿਹਾ ਕਰਕੇ ਉਹ ਸਿੱਖੀ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਹਮੇਸ਼ਾ ਸਭਨਾਂ ਨੂੰ ਆਦਰ ਸਨਮਾਨ ਦੇਣ ਅਤੇ ਕਿਸੇ ਤੇ ਅੱਤਿਆਚਾਰ ਨਾ ਕਰਨ ਦਾ ਸੁਨੇਹਾ ਦਿੰਦਾ ਹੈ ਅਤੇ ਅਜਿਹਾ ਕਰਕੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਸਿੱਖ ਮਰਿਆਦਾਵਾਂ ਦਾ ਕਾਰਨ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਦੇ ਅਜਿਹੇ ਕਰਮਚਾਰੀਆਂ ਦੀ ਪਛਾਣ ਕਰ ਕੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।