ਵੱਡੀ ਖ਼ਬਰ – 1 ਮਈ ਨੂੰ ਪੰਜਾਬ ‘ਚ ਨੌਜਵਾਨਾਂ ਨੂੰ ਨਹੀਂ ਲੱਗੇਗਾ ਕੋਰੋਨਾ ਵੈਕਸੀਨ ਦਾ ਟੀਕਾ

TeamGlobalPunjab
3 Min Read

ਚੰਡੀਗੜ੍ਹ  :  ਕੋਵਿਡ ਵੈਕਸੀਨ ਦੀ ਘਾਟ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 18-45 ਸਾਲ ਉਮਰ ਵਰਗ ਦੀ ਤੀਜੇ ਪੜਾਅ ਦੇ ਟੀਕਾਕਰਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਜਿਹੜੀ ਪਹਿਲੀ ਮਈ ਨੂੰ ਸ਼ੁਰੂ ਹੋਣੀ ਸੀ। ਇਸ ਤੋਂ ਇਲਾਵਾ ਭਲਕੇ ਸ਼ਨਿਚਰਵਾਰ ਤੋਂ ਪ੍ਰਾਈਵੇਟ ਸਿਹਤ ਸੇਵਾਵਾਂ ਵਿਖੇ ਟੀਕਾਕਰਨ ਮੁਲਤਵੀ ਰਹੇਗਾ।
ਮੁੱਖ ਮੰਤਰੀ ਨੇ ਇਹ ਸਪੱਸ਼ਟ ਕੀਤਾ ਕਿ ਵੈਕਸੀਨ ਉਪਲੱਬਧ ਨਾ ਹੋਣ ਕਾਰਨ 18-45 ਸਾਲ ਉਮਰ ਵਰਗ ਦੀ ਤੀਜੇ ਪੜਾਅ ਦੀ ਟੀਕਾਕਰਨ ਮੁਹਿੰਮ ਆਪਣੇ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਸ਼ੁਰੂ ਨਹੀਂ ਕੀਤੀ ਜਾ ਸਕੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਪ੍ਰਾਈਵੇਟ ਸਿਹਤ ਸੰਸਥਾਵਾਂ ਵੱਲੋਂ ਸ਼ੁੱਕਰਵਾਰ ਸ਼ਾਮ ਨੂੰ ਬਕਾਇਆ ਪਈ ਅਣਵਰਤੀ ਵੈਕਸੀਨ ਭਾਰਤ ਸਰਕਾਰ ਨੂੰ ਵਾਪਸ ਕੀਤੇ ਜਾਣ ਨਾਲ ਇਨ੍ਹਾਂ ਸੰਸਥਾਵਾਂ ਕੋਲ ਭਲਕੇ ਤੋਂ 45 ਸਾਲ ਤੋਂ ਵੱਧ ਵਰਗ ਲਈ ਲਗਾਈ ਜਾਣ ਵਾਲੀ ਖੁਰਾਕ ਨਹੀਂ ਬਚੀ। ਉਨ੍ਹਾਂ ਕਿਹਾ ਕਿ ਵੈਕਸੀਨ ਦੀ ਸਪਲਾਈ ਨਾ ਹੋਣ ਕਾਰਨ 18-45 ਸਾਲ ਉਮਰ ਵਰਗ ਦੇ ਵੀ ਟੀਕਾਕਰਨ ਨਹੀਂ ਕੀਤਾ ਜਾ ਸਕਦਾ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵੈਕਸੀਨ ਦਾ ਘਾਟ ਦਾ ਮੁੱਦਾ ਕੇਂਦਰ ਕੋਲ ਉਠਾਇਆ ਹੈ ਕਿਉਂਕਿ ਸਥਿਤੀ ਬਹੁਤ ਨਾਜ਼ੁਕ ਹੈ। ਕੋਵਿਡ ਵੈਕਸੀਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੱਦੀ ਵਰਚੁਅਲ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ 2 ਲੱਖ ਖੁਰਾਕਾਂ ਮਿਲੀਆਂ ਸਨ ਪਰ ਇਹ 45 ਸਾਲ ਤੋਂ ਵੱਧ ਉਮਰ ਵਰਗ ਦੀਆਂ ਦੋ ਦਿਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਨਾਕਾਫੀ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਪਹਿਲ ਦੇ ਆਧਾਰ ‘ਤੇ 45 ਸਾਲ ਤੋਂ ਵੱਧ ਵਾਲਿਆਂ ਵਾਸਤੇ ਕੇਂਦਰ ਤੋਂ ਵੈਕਸੀਨ ਦੀ ਸਪਲਾਈ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਡਾ. ਗਗਨਦੀਪ ਕੰਗ ਦੇ ਮਾਹਿਰਾਂ ਦੇ ਗਰੁੱਪ ਦੀ ਅੰਤਰਿਮ ਰਿਪੋਰਟ ਦੇ ਆਧਾਰ ‘ਤੇ ਤੀਜੇ ਪੜਾਅ ਦੇ ਟੀਕਾਕਰਨ ਦੀ ਰਣਨੀਤੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਸੀਰਮ ਇੰਸਟੀਚਿਊਟ ਕੋਲ 26 ਅਪਰੈਲ ਨੂੰ 18-45 ਸਾਲ ਉਮਰ ਵਰਗ ਲਈ ਕੋਵੀਸ਼ੀਲਡ ਦੀਆਂ 30 ਲੱਖ ਖੁਰਾਕਾਂ ਦਾ ਆਰਡਰ ਦਿੱਤਾ ਗਿਆ ਸੀ ਪਰ ਉਨ੍ਹਾਂ ਪਾਸੋਂ ਜਵਾਬ ਆਇਆ ਕਿ ਵੈਕਸੀਨ ਦੀ ਉਪਲੱਬਧਤਾ ਦਾ ਪਤਾ ਚਾਰ ਹਫਤਿਆਂ ਦੇ ਅੰਦਰ ਲੱਗੇਗਾ। ਅੱਗੇ ਦੱਸਿਆ ਗਿਆ ਕਿ ਸੀਰਮ ਇੰਸਟੀਚਿਊਟ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਅਗਲੇ 3-4 ਮਹੀਨਿਆਂ ਲਈ ਮੰਗ ਦੱਸੀ ਜਾਵੇ ਅਤੇ ਇਸ ਲਈ ਐਡਵਾਂਸ ਭੁਗਤਾਨ ਕਰਨਾ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਨੂੰ ਇਹ ਸਪਲਾਈ ਹਰੇਕ ਮਹੀਨੇ ਪੜਾਵਾਂ ਵਿੱਚ ਮਿਲੇਗੀ।

- Advertisement -

ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਸਭ ਤੋਂ ਵੱਧ ਪ੍ਰਭਾਵਿਤ ਛੇ ਜ਼ਿਲ੍ਹਿਆਂ ਵਿੱਚੋਂ ਮੁਹਾਲੀ, ਜਲੰਧਰ ਤੇ ਲੁਧਿਆਣਾ ਵਿਖੇ ਟੀਕਾਕਰਨ ਲਈ ਚੰਗੇ ਯਤਨ ਕੀਤੇ ਜਾ ਰਹੇ ਹਨ ਜਦੋਂ ਕਿ ਅੰਮ੍ਰਿਤਸਰ, ਬਠਿੰਡਾ ਤੇ ਪਟਿਆਲਾ ਮਿੱਥੇ ਟੀਚਿਆਂ ਤੋਂ ਪਿੱਛੇ ਚੱਲ ਰਹੇ ਹਨ। ਮੁੱਖ ਮੰਤਰੀ ਨੇ ਇਨ੍ਹਾਂ ਤਿੰਨੇ ਜ਼ਿਲ੍ਹਿਆਂ ਨੂੰ ਯਤਨ ਤੇਜ਼ ਕਰਨ ਲਈ ਆਖਿਆ।

Share this Article
Leave a comment