ਵੌਅਨ: ਕੈਨੇਡਾ ਵਿੱਚ ਇਮਾਰਤਾਂ ਦੀ ਤਿਆਰੀ ਦੌਰਾਨ ਮਹਿੰਗਾ ਸਾਜ਼ੋ-ਸਾਮਾਨ ਚੋਰੀ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਕਾਰਵਾਈ ‘ਚ ਯਾਰਕ ਰੀਜਨਲ ਪੁਲਿਸ ਨੇ ਚਾਰ ਪੰਜਾਬੀਆਂ ਸਮੇਤ ਕੁੱਲ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਤਿੰਨ ਮਿਲੀਅਨ ਡਾਲਰ ਤੋਂ ਵੀ ਵੱਧ ਮੁੱਲ ਦਾ ਚੋਰੀਸ਼ੁਦਾ ਮਾਲ ਬਰਾਮਦ ਕੀਤਾ। ਦੱਸਿਆ ਜਾ ਰਿਹਾ ਹੈ ਕਿ ‘ਪ੍ਰੋਜੈਕਟ ਸਟੀਲ ਐਂਡ ਸਪਿਰਿਟਸ’ ਤਹਿਤ ਦਸੰਬਰ 2024 ਤੋਂ ਮਾਰਚ 2025 ਤੱਕ ਚੱਲੀ ਜਾਂਚ ਦੌਰਾਨ ਇਹ ਗਿਰੋਹ ਸਾਹਮਣੇ ਆਇਆ ਜੋ ਗਰੇਟਰ ਟੋਰਾਂਟੋ ਖੇਤਰ ਵਿੱਚ ਹੋਲਸੇਲ ਅਤੇ ਰਿਟੇਲ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ।
ਟੋਰਾਂਟੋ ਦੇ ਇੱਕ ਘਰ ਅਤੇ ਕਈ ਸਟੋਰੇਜ ਯੂਨਿਟਾਂ ‘ਤੇ ਛਾਪੇ ਮਾਰ ਕੇ ਪੁਲਿਸ ਨੇ ਲਗਭਗ 30 ਲੱਖ ਡਾਲਰ ਮੁੱਲ ਦਾ ਚੋਰੀ ਕੀਤਾ ਸਮਾਨ ਜ਼ਬਤ ਕੀਤਾ। 42 ਸਾਲਾ ਲਖਵਿੰਦਰ ਤੂਰ, 43 ਸਾਲਾ ਜਗਦੀਸ਼ ਪੰਧੇਰ, 31 ਸਾਲਾ ਮਨੀਸ਼, 42 ਸਾਲਾ ਹਰਪ੍ਰੀਤ ਭੰਡਾਲ, 45 ਸਾਲਾ ਚੈਨ ਫੈਂਗ ਅਤੇ 46 ਸਾਲਾ ਜੀ ਜ਼ੋਊ ਖਿਲਾਫ਼ ਵੱਖ ਵੱਖ ਮਾਮਲਿਆਂ ਵਿੱਚ ਦੋਸ਼ ਦਰਜ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਜਾਂਚ ਹਾਲੇ ਵੀ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।
ਜਾਂਚ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਪ੍ਰਾਜੈਕਟ ਦਾ ਉਦੇਸ਼ ਸਿਰਫ ਚੋਰੀ ਕਰਨ ਵਾਲਿਆਂ ਨੂੰ ਫੜਨਾ ਨਹੀਂ ਸੀ, ਸਗੋਂ ਚੋਰੀ ਹੋਈ ਚੀਜਾਂ ਨੂੰ ਕਾਲਾ ਬਜ਼ਾਰ ਰਾਹੀਂ ਵੇਚਣ ਵਾਲੇ ਨੈਟਵਰਕ ਦਾ ਵੀ ਖੁਲਾਸਾ ਕਰਨਾ ਸੀ।
ਮਿਸੀਸਾਗਾ ਦੇ ਹਰਪ੍ਰੀਤ ਭੰਡਾਲ ਅਤੇ ਮਨੀਸ਼, ਕੈਲੇਡਨ ਦੇ ਲਖਵਿੰਦਰ ਤੂਰ ਅਤੇ ਬਰੈਂਪਟਨ ਦੇ ਜਗਦੀਸ਼ ਪੰਧੇਰ ਉੱਤੇ ਅਪਰਾਧਕ ਗਿਰੋਹ ਦੀ ਸਰਗਰਮੀ, ਚੋਰੀ ਰਾਹੀਂ ਮਿਲੀ ਸੰਪਤੀ ਰੱਖਣ ਅਤੇ ਵੱਡੇ ਪੈਮਾਨੇ ‘ਤੇ ਫਰਾਡ ਕਰਨ ਦੇ ਗੰਭੀਰ ਦੋਸ਼ ਲਾਏ ਗਏ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।