ਸ੍ਰੀ ਆਨੰਦਪੁਰ ਸਾਹਿਬ : ਕਿਸਾਨੀ ਸੰਘਰਸ਼ ਦਰਮਿਆਨ ਜਿੱਥੇ ਅੱਜ ਹਰ ਕੋਈ ਦਿੱਲੀ ਜਾ ਕੇ ਆਪਣਾ ਯੋਗਦਾਨ ਪਾ ਰਿਹਾ ਹੈ ਤਾਂ ਉਥੇ ਹੀ ਪਿੰਡਾਂ ਤੋਂ ਵੀ ਕਈ ਅਜਿਹੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਜਿੱਥੇ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਸਾਨੀ ਸੰਘਰਸ਼ ਦੀ ਜਿੱਤ ਦੇ ਲਈ ਅਰਦਾਸ ਕੀਤੀ ਗਈ ਤਾਂ ਉੱਥੇ ਹੀ ਪਿੰਡਾਂ ਦੇ ਸਥਾਨਕ ਗੁਰਦੁਆਰਿਆਂ ਵਿੱਚ ਵੀ ਅਰਦਾਸ ਕੀਤੀ ਗਈ । ਇਸ ਦੇ ਚੱਲਦਿਆਂ ਹੁਣ ਪਿੰਡਾਂ ਦੇ ਵਿੱਚ ਸੰਘਰਸ਼ ਦੀ ਜਿੱਤ ਲਈ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਵੀ ਕਰਵਾਏ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਖਾਨਪੁਰ ਵਿਖੇ ਸੰਘਰਸ਼ ਦੀ ਜਿੱਤ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਮੌਕੇ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਵੀ ਪਹੁੰਚੇ ।
ਉਨ੍ਹਾਂ ਬੋਲਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਦੇਸ਼ ਨੂੰ ਬਰਬਾਦ ਕਰਨ ਦੇ ਲਈ ਬਹੁਤ ਅਹਿਮ ਰੋਲ ਅਦਾ ਕੀਤਾ ਹੈ । ਉਨ੍ਹਾਂ ਕਿਹਾ ਕਿ ਜਾਤ ਧਰਮ ਦੇ ਨਾਮ ‘ਤੇ ਲੋਕਾਂ ਦੇ ਵਿੱਚ ਵੰਡੀਆਂ ਪਾਈਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਦੇਸ਼ ਨੂੰ ਇਸ ਕਦਰ ਖੋਖਲਾ ਕਰ ਦਿੱਤਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਕਦੇ ਮੁਆਫ ਨਹੀਂ ਕਰਨਗੀਆਂ ।