ਚੰਡੀਗੜ੍ਹ: ਮੌਸਮ ਵਿਭਾਗ ਨੇ ਪੰਜਾਬ ਵਿੱਚ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਚੰਡੀਗੜ੍ਹ ਸਮੇਤ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬੂੰਦਾਬਾਂਦੀ ਹੋ ਰਹੀ ਹੈ। ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਵਿੱਚ ਸਵੇਰੇ ਨਮੀ ਵਾਲੀ ਗਰਮੀ ਸੀ, ਪਰ ਨੌਂ ਵਜੇ ਦੇ ਆਸਪਾਸ ਹਲਕੇ ਬੱਦਲਾਂ ਨੇ ਅਸਮਾਨ ਨੂੰ ਢੱਕ ਲਿਆ ਹੈ।
ਮੋਹਾਲੀ ਵਿੱਚ ਬੱਦਲ ਛਾਏ ਹੋਏ ਹਨ। ਅਗਲੇ 3 ਦਿਨਾਂ ਵਿੱਚ ਮਾਨਸੂਨ ਪੰਜਾਬ ਪਹੁੰਚ ਜਾਵੇਗਾ। ਮੌਸਮ ਵਿਭਾਗ ਅਨੁਸਾਰ, ਮੱਧ ਰਾਜਸਥਾਨ ਵਿੱਚ ਮਾਨਸੂਨ ਸਰਗਰਮ ਹੈ ਅਤੇ ਹਿਮਾਚਲ ਪ੍ਰਦੇਸ਼ ਵੱਲ ਵੀ ਤੇਜ਼ੀ ਨਾਲ ਵਧ ਰਿਹਾ ਹੈ। ਅੱਜ ਵੀ ਪੰਜਾਬ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ, ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ, ਲੁਧਿਆਣਾ, ਫਰੀਦਕੋਟ ਅਤੇ ਜਲੰਧਰ ਵਿੱਚ ਵੀ ਤਾਪਮਾਨ 36 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ। ਅੱਜ ਵੀ ਤਾਪਮਾਨ ਵਿੱਚ ਥੋੜ੍ਹਾ ਵਾਧਾ ਦੇਖਿਆ ਜਾ ਸਕਦਾ ਹੈ। ਪਰ ਅਗਲੇ 24 ਘੰਟਿਆਂ ਬਾਅਦ, ਤਾਪਮਾਨ ਵਿੱਚ ਫਿਰ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਮੌਸਮ ਵਿਭਾਗ ਅਨੁਸਾਰ, 1 ਜੂਨ ਤੋਂ 19 ਜੂਨ, 2025 ਤੱਕ ਪੰਜਾਬ ਵਿੱਚ ਮਾਨਸੂਨ ਤੋਂ ਪਹਿਲਾਂ ਦੀ ਔਸਤ ਬਾਰਿਸ਼ 26.65 ਮਿਲੀਮੀਟਰ ਰਹੀ ਹੈ, ਜਦੋਂ ਕਿ ਇਸ ਸਮੇਂ ਦੌਰਾਨ ਆਮ ਬਾਰਿਸ਼ 45 ਤੋਂ 50 ਮਿਲੀਮੀਟਰ ਮੰਨੀ ਜਾਂਦੀ ਹੈ। ਯਾਨੀ ਇਸ ਵਾਰ 40% ਤੋਂ ਵੱਧ ਬਾਰਿਸ਼ ਦੀ ਘਾਟ ਦਰਜ ਕੀਤੀ ਗਈ ਹੈ।
ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਤੂਫਾਨ, ਬਿਜਲੀ ਡਿੱਗਣ ਅਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਗਰਜ ਅਤੇ ਬਿਜਲੀ ਡਿੱਗਣ ਦਾ ਯੈਲੋ ਅਲਰਟ ਹੈ।