‘ਭਾਰਤ ਰਤਨ’ ਲਈ ਕਿਹੜੇ ਸਾਹਿਤਕਾਰ ਦੇ ਨਾਂ ਦੀ ਕੀਤੀ ਜਾਵੇਗੀ ਸਿਫਾਰਿਸ਼

TeamGlobalPunjab
3 Min Read

ਪੰਜਾਬੀ ਸਾਹਿਤ ਦੀ ਸਿਰਮੌਰ ਹਸਤੀ ਭਾਈ ਵੀਰ ਸਿੰਘ ਦਾ ਪੰਜਾਬੀਆਂ ਵਲੋਂ ਉਹਨਾਂ ਦੀ ਦੇਣ ਦਾ ਉਹ ਮੁੱਲ ਨਹੀਂ ਪਾਇਆ ਗਿਆ ਜੋ ਬਣਦਾ ਸੀ। ਪੰਜਾਬੀ ‘ਚ ਉਹਨਾਂ ਵਲੋਂ ਰਚਿਆ ਗਿਆ ਸਾਹਿਤ ਮਹਾਨ ਕਾਰਜ ਹੈ। ਉਹਨਾਂ ਭਾਸ਼ਾ ਦੀ ਮਹਾਨਤਾ ਲਈ ਜੋ ਕੰਮ ਕੀਤਾ ਉਹ ਅੱਜ ਤਕ ਨਹੀਂ ਕੀਤਾ ਗਿਆ। ਉਹਨਾਂ ਵਲੋਂ ਸਿਰਜੀ ਗਈ ਆਧੁਨਿਕ ਕਵਿਤਾ ਉਤਮ ਕਾਰਜ ਹੈ। ਸਮੇਂ ਸਮੇਂ ਉਹਨਾਂ ਨੂੰ ਯਾਦ ਤਾਂ ਕੀਤਾ ਜਾਂਦਾ ਰਿਹਾ ਹੈ ਪਰ ਉਹਨਾਂ ਨੂੰ ਕੋਈ ਵੱਡਾ ਸਨਮਾਨ ਦੇਣ ਦੀ ਗੱਲ ਕਿਸੇ ਵੀ ਸਰਕਾਰ ਜਾਂ ਯੂਨੀਵਰਸਟੀ ਨੇ ਕਦੇ ਨਹੀਂ ਸੋਚੀ।

ਰਿਪੋਰਟਾਂ ਅਨੁਸਾਰ ਚੀਫ਼ ਖਾਲਸਾ ਦੀਵਾਨ ਵੱਲੋਂ ਆਧੁਨਿਕ ਕਵਿਤਾ ਦੇ ਪਿਤਾਮਾ ਅਤੇ ਚਿੰਤਕ ਭਾਈ ਵੀਰ ਸਿੰਘ ਦੇ ਜਨਮ ਦਿਨ ‘ਤੇ ਕਰਵਾਏ ਗਏ ਸਮਾਗਮ ਵਿੱਚ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਭਾਈ ਵੀਰ ਸਿੰਘ ਦਾ ਨਾਂ ‘ਭਾਰਤ ਰਤਨ’ ਲਈ ਕੇਂਦਰ ਸਰਕਾਰ ਨੂੰ ਭੇਜੇ। ਇਸੇ ਸਮਾਗਮ ਵਿੱਚ ਹਾਜ਼ਿਰ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਭਾਈ ਵੀਰ ਸਿੰਘ ਦਾ ਨਾਂ ਭਾਰਤ ਰਤਨ ਲਈ ਭੇਜੇਗੀ। ਉਹ ਖ਼ੁਦ ਇਹ ਮਾਮਲਾ ਮੁੱਖ ਮੰਤਰੀ ਨਾਲ ਵਿਚਾਰਨਗੇ। ਮੰਤਰੀ ਨੇ ਕਿਹਾ ਕਿ ਅਫ਼ਸੋਸ ਵਾਲੀ ਗੱਲ ਹੈ ਕਿ ਭਾਈ ਵੀਰ ਸਿੰਘ ਨੂੰ ਉਹ ਮਾਣ-ਸਤਿਕਾਰ ਕੌਮ ਅਤੇ ਸਰਕਾਰਾਂ ਵੱਲੋਂ ਨਹੀਂ ਦਿੱਤਾ ਗਿਆ, ਜਿਸ ਦੇ ਉਹ ਹੱਕਦਾਰ ਸਨ। ਭਾਈ ਵੀਰ ਸਿੰਘ ਦਾ ਸੱਚਾ ਸਨਮਾਨ ਇਹੀ ਹੈ ਕਿ ਸਾਰੇ ਉਨ੍ਹਾਂ ਵੱਲੋਂ ਰਚਿਆ ਸਾਹਿਤ ਪੜ੍ਹਨ। ਉਨ੍ਹਾਂ ਚੀਫ਼ ਖਾਲਸਾ ਦੀਵਾਨ ਵੱਲੋਂ ਕੀਤੇ ਇਸ ਉਪਰਾਲੇ ਦੀ ਸਰਾਹਨਾ ਕੀਤੀ। ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ.ਐੱਸ.ਪੀ. ਸਿੰਘ ਨੇ ਭਾਈ ਵੀਰ ਸਿੰਘ ਦੀ ਸਾਹਿਤਕ ਦੇਣ ਨੂੰ ਚੇਤੇ ਕਰਦਿਆਂ ਉਨ੍ਹਾਂ ਵੱਲੋਂ ਜਗਾਈ ਜੋਤ ਨੂੰ ਜਗਦੇ ਰੱਖਣ ਲਈ ਸਾਰੀਆਂ ਧਿਰਾਂ ਨੂੰ ਸਰਗਰਮ ਹੋਣ ਦਾ ਸੱਦਾ ਦਿੱਤਾ।

ਇਸੇ ਤਰ੍ਹਾਂ ਪੰਜਾਬੀ ਲੇਖਕ ਤੇ ਨਾਵਲ ਦੇ ਪਿਤਾਮਾ ਨਾਨਕ ਸਿੰਘ ਦਾ ਸਮੁੱਚਾ ਸਾਹਿਤ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿਚ ਸੁਸ਼ੋਭਿਤ ਹੋਵੇਗਾ। ਇਸ ਸਾਹਿਤ ਵਿਚ ਉਨ੍ਹਾਂ ਦੇ ਨਾਵਲ, ਹੱਥ ਲਿਖਤ ਖਰੜੇ, ਨਾਵਲਾਂ ਦੇ ਪਹਿਲੇ ਐਡੀਸ਼ਨ, ਤਸਵੀਰਾਂ ਤੇ ਚਿੱਠੀਆਂ ਸ਼ਾਮਲ ਹੋਣਗੀਆਂ। ਨਾਨਕ ਸਿੰਘ ਦਾ ਪਰਿਵਾਰ ਸਮੁੱਚਾ ਸਾਹਿਤ ਯੂਨੀਵਰਸਿਟੀ ਨੂੰ ਸੌਂਪਣ ਲਈ ਤਰਤੀਬ ਦੇ ਰਿਹਾ ਹੈ। ਇਹ ਸਾਰਾ ਸਾਹਿਤ ਲਾਇਬ੍ਰੇਰੀ ਦੀ ਚੌਥੀ ਮੰਜ਼ਲ ’ਤੇ ਸਥਾਪਤ ਕੀਤੇ ਜਾ ਰਹੇ ਮਿਊਜ਼ੀਅਮ ਵਿਚ ਰੱਖਿਆ ਜਾਵੇਗਾ। ਲਾਇਬ੍ਰੇਰੀ ਦੇ ਪ੍ਰੋਫ਼ੈਸਰ ਇੰਚਾਰਜ ਅਮਿਤ ਕੌਟਸ ਮੁਤਾਬਿਕ ਯੂਨੀਵਰਸਿਟੀ ਦੀ ਸਿੰਡੀਕੇਟ ਵੱਲੋਂ ਨਾਨਕ ਸਿੰਘ ਦਾ ਸਮੁੱਚਾ ਸਾਹਿਤ ਸਾਂਭਣ ਸਬੰਧੀ ਲਏ ਫ਼ੈਸਲੇ ਮਗਰੋਂ ਕਾਰਵਾਈ ਅਰੰਭ ਦਿੱਤੀ ਗਈ ਹੈ। ਇਹਨਾਂ ਮਹਾਨ ਸਾਹਿਤਕਾਰਾਂ ਮਾਣ ਸਤਿਕਾਰ ਦੇਣਾ ਚੰਗਾ ਫੈਸਲਾ ਅਤੇ ਇਕ ਸ਼ੁਭ ਸ਼ਗਨ ਹੈ।

-ਅਵਤਾਰ ਸਿੰਘ

ਸੀਨੀਅਰ ਪੱਤਰਕਾਰ

Share This Article
Leave a Comment