ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਅੰਦਰ ਜਦੋਂ ਤੋਂ ਕਿਸਾਨ ਮਾਰੂ ਕਾਲੇ ਕਾਨੰਨਾਂ ਵਿਰੁੱਧ ਸੰਘਰਸ਼ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਤਨ ਮਨ ਅਤੇ ਧਨ ਨਾਲ ਇਸ ਅੰਦੋਲਨ ਦਾ ਸਮਰਥਨ ਕਰਦੀ ਆ ਰਹੀ ਹੈ। ਪੰਜਾਬ ਵਿੱਚ ਚੱਲੇ ਤਿੰਨ ਮਹੀਨੇ ਦੇ ਲੰਮੇ ਸੰਘਰਸ਼ ਦੌਰਾਨ ਕੇਂਦਰੀ ਸਭਾ ਨੇ ਨਿਰੰਤਰ ਧਰਨੇ ਭੁੱਖ ਹੜਤਾਲ਼ਾਂ ਅਤੇ ਸੈਮੀਨਾਰਾਂ ਰਾਹੀਂ ਇਸ ਅੰਦੋਲਨ ਦਾ ਡਟਵਾਂ ਸਮਰਥਨ ਕੀਤਾ ਹੈ। ਜਦੋਂ ਤੋਂ ਇਹ ਘੋਲ ਦਿੱਲੀ ਵੱਲ ਵਧਿਆ ਉਸ ਦਾ ਵੀ ਨਿਰੰਤਰ ਸਮਰਥਨ ਤੇ ਸਹਿਯੋਗ ਕੀਤਾ ਗਿਆ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਨੇ ਅੱਜ ਬਿਆਨ ਜਾਰੀ ਕਰਦਿਆਂ ਸਮੂਹ ਲੇਖਕ ਸਭਾਵਾਂ ਅਤੇ ਬੁੱਧੀ-ਜੀਵੀਆਂ ਦੀਆਂ ਸੰਸਥਾਵਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ਤੇ ‘ਦਿੱਲੀ ਚਲੋ’ ਦਾ ਨਾਅਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 31 ਦਸੰਬਰ ਨੂੰ ਸਵੇਰੇ 9 ਵਜੇ ਲੇਖਕਾਂ ਤੇ ਬੁੱਧੀ-ਜੀਵੀਆਂ ਦਾ ਇਹ ਜੱਥਾ ਸ਼ੰਭੂ ਬਾਡਰ ਤੋਂ ਦਿੱਲੀ ਵੱਲ ਕੂਚ ਕਰੇਗਾ। ਉਨ੍ਹਾਂ ਕਿਹਾ 31 ਦਸੰਬਰ 2020 ਦੀ ਰਾਤ ਨੂੰ ਸਿੰਘੂ ਬਾਡਰ ਉਤੇ ਕਿਸਾਨਾਂ ਨਾਲ ਨਵੇਂ ਸਾਲ ਦੀ ਆਮਦ ਦਾ ਜਸ਼ਨ ਮਨਾਇਆ ਜਾਵੇਗਾ ਅਤੇ 01 ਜਨਵਰੀ 2021 ਨੂੰ ਬਾਅਦ ਦੁਪਿਹਰ ਵਾਪਸੀ ਕੀਤੀ ਜਾਵੇਗੀ।
ਸਮੂਹ ਲੇਖਕ ਸਭਾਵਾਂ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨ ਤਾਂ ਜੋ ਕਿਰਤੀ ਕਿਸਾਨਾਂ ਦੇ ਇਸ ਘੋਲ ਨੂੰ ਹੋਰ ਮਜ਼ਬੂਤੀ ਮਿਲ ਸਕੇ ਤੇ ਕੇਂਦਰ ਦੀ ਹੱਠੀ ਤੇ ਜਿੱਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ।
ਕਿਸਾਨਾਂ ਨਾਲ ਨਵਾਂ ਸਾਲ ਮਨਾਉਣਗੇ ਲੇਖਕ ਤੇ ਬੁੱਧੀਜੀਵੀ
Leave a Comment
Leave a Comment