-ਅਵਤਾਰ ਸਿੰਘ
ਵਿਸ਼ਵ ਰੰਗ ਮੰਚ ਦਿਵਸ ਹਰ ਸਾਲ ਇਹ ਦਿਨ ਮਨਾਉਣ ਦੀ ਸ਼ੁਰੂਆਤ 27 ਮਾਰਚ 1962 ਤੋਂ ਹੋਈ ਅਤੇ ਪਹਿਲੀ ਵਾਰ ਪੈਰਿਸ ਵਿੱਚ ‘ਥੀਏਟਰ ਆਫ ਨੈਸ਼ਨਜ’ ਵਲੋਂ ਮਨਾਇਆ ਗਿਆ।
ਜੂਨ 1961 ਵਿਚ ‘ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ’ ਦੀ ਵਿਆਨਾ ਵਿੱਚ ਹੋਈ ਨੌਵੀਂ ਵਿਸ਼ਵ ਕਾਂਗਰਸ ਵਿੱਚ ਸੰਸਥਾ ਦੇ ਮੁਖੀ ਐਰਵੀ ਕਿਵੀਨਾ ਨੇ ਇਹ ਦਿਨ ਮਨਾਉਣ ਲਈ ਮਤਾ ਰੱਖਿਆ, ਜਿਸਨੂੰ ਰੰਗਮੰਚ ਦੇ ਖੇਤਰ ਵਿੱਚ ਕੰਮ ਕਰਦੇ ਲੋਕਾਂ ਨੇ ਪ੍ਰਵਾਨਗੀ ਦੇ ਦਿੱਤੀ। ਇਸ ਦਾ ਉਦੇਸ਼ ਕਲਾ ਨੂੰ ਉਤਸ਼ਾਹਤ, ਰੰਗਕਰਮੀਆਂ ਨੂੰ ਜਾਣਕਾਰੀ, ਆਪਸੀ ਸੂਝ-ਬੂਝ ਤੇ ਇਸ ਵਿਧੀ ਰਾਂਹੀ ਦੁਨੀਆਂ ਵਿੱਚ ਸ਼ਾਂਤੀ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਤਾਂ ਜੋ ਯੂਨੈਸਕੋ ਦੇ ਟੀਚਿਆਂ ਨੂੰ ਲੋਕਾਂ ਤਕ ਲਿਜਾਇਆ ਜਾ ਸਕੇ।
ਹਰ ਸਾਲ ਥੀਏਟਰ ਨਾਲ ਸਬੰਧਤ ਪ੍ਰਮੁੱਖ ਸ਼ਖਸੀਅਤ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਸਦਾ ਦਿੱਤਾ ਜਾਂਦਾ ਤੇ ਉਸਦਾ ਅਨੁਵਾਦ ਕਰਕੇ ਕਰੋੜਾਂ ਰੰਗਕਰਮੀਆਂ ਤੱਕ ਭੇਜਿਆ ਜਾਂਦਾ। ਨਾਟਕ ਕਲਾ ਦਾ ਵਿਕਾਸ ਪ੍ਚੀਨ ਭਾਰਤ ਵਿੱਚ ਹੋਇਆ।
ਰਿਗ ਵੇਦ ਵਿੱਚ ਕੁਝ ਸੰਵਾਦ ਸ਼ਾਮਲ ਹਨ। ਇਤਿਹਾਸ ਵਿੱਚ ਕਾਲੀਦਾਸ ਪ੍ਰਸਿੱਧ ਨਾਟਕ, ਰਮਾਇਣ ਦੇ ਨਾਟਕ ਖੇਡਣ ਦਾ ਜਿਕਰ ਆਉਦਾ ਹੈ। ਭਰਤ ਮੁਨੀ ਨੇ ਆਦਿਵਾਸੀਆਂ ਤੇ ਆਰੀਅਨ, ਦੋਵਾਂ ਦੇ ਨਾਟ ਮੰਡਪਾਂ ਦੇ ਅਕਾਰ ਨੂੰ ਅਪਣਾਇਆ ਹੈ।
ਅੰਗਰੇਜਾਂ ਦੇ ਭਾਰਤ ਵਿਚ ਆਉਣ ਨਾਲ ਪੱਛਮੀ ਨਾਟਕਾਂ ਦੀ ਆਮਦ ਹੋਈ। ਪਾਰਸੀ ਲੋਕਾਂ ਨੇ ਬੰਬਈ ਵਿੱਚ ਨਾਟਕਾਂ ਦੇ ਮੰਚ ਲਈ ਇਕ ਨਵੀਂ ਕਿਸਮ ਦੀ ਅਭਿਨੈਸ਼ਾਲਾ ਨੂੰ ਜਨਮ ਦਿੱਤਾ।
ਰੰਗਮੰਚ ਦੇ ਬੋਹੜ ਭਾਜੀ ਗੁਰਸ਼ਰਨ ਸਿੰਘ ਉਰਫ ਮੰਨਾ ਸਿੰਘ ਨੇ ਨਾਟਕਾਂ ਨੂੰ ਘਰ ਘਰ ਪਹੁੰਚਾਉਣ ਲਈ ਚਾਰ ਦਹਾਕੇ ਤੋਂ ਵੱਧ ਸਮਾਂ ਲਾਇਆ। ਅੰਮ੍ਰਿਤਸਰ ਵਿੱਚ ‘ਨਾਟਸ਼ਾਲਾ’ ਬਿਆਸ ਵਿੱਚ ਇਕ ਓਪਨ ਏਅਰ ਥੀਏਟਰ, ਮੁਲਾਂਪੁਰ ਮੰਡੀ ਵਿਚ ‘ਗੁਰਸ਼ਰਨ ਰੰਗ ਮੰਚ’, ਵਿਰਸਾ ਵਿਹਾਰ ਅੰਮ੍ਰਿਤਸਰ ਤੇ ਹੋਰ ਸ਼ਹਿਰਾਂ ਵਿੱਚ ਨਾਟਕ ਤੇ ਰਿਹਰਸਲਾਂ ਹੁੰਦੀਆਂ ਰਹਿੰਦੀਆਂ ਹਨ।
ਪੰਜਾਬ ਦੀਆਂ ਯੂਨੀਵਰਸਿਟੀਆਂ, ਵਿਦਿਅਕ ਅਦਾਰਿਆਂ, ਸ਼ਹਿਰਾਂ ਤੇ ਪਿੰਡਾਂ ਵਿੱਚ ਰੰਗ ਮੰਚ ਟੀਮਾਂ ਵਲੋਂ ਇਤਿਹਾਸਕ, ਤਰਕਸ਼ੀਲ, ਸਮਾਜਿਕ ਬੁਰਾਈਆਂ, ਰਾਜਨੀਤਿਕ ਕਟਾਸ਼ਾਂ, ਹਾਸਰਾਸ, ਅਗਾਂਹਵਧੂ ਸੋਚ ਨਾਲ ਸਬੰਧਤ ਤੇ ਹੋਰ ਵੰਨਗੀਆਂ ਦੇ ਨਾਟਕ, ਨੁਕੜ ਨਾਟਕ, ਕੋਰੀਓਗਰਾਫੀਆਂ ਤੇ ਗੀਤ ਪੇਸ਼ ਕੀਤੇ ਜਾਂਦੇ ਹਨ।
ਇੰਗਲੈਂਡ, ਅਮਰੀਕਾ,ਕਨੈਡਾ ਆਦਿ ਦੇਸਾਂ ਵਿਚ ਪੰਜਾਬੀ ਰੰਗ ਮੰਚ ਸਰਗਰਮ ਹੈ। ਪੰਜਾਬੀ ਰੰਗ ਮੰਚ ਦੀਆਂ ਪ੍ਰਮੁਖ ਸ਼ਖਸੀਅਤਾਂ ਆਈ ਸੀ ਨੰਦਾ ਤੋਂ ਲੈ ਕੇ ਗੁਰਦਿਆਲ ਸਿੰਘ ਫੁਲ, ਡਾ ਹਰਚਰਨ ਸਿੰਘ, ਪਾਲੀ ਭੁਪਿੰਦਰ ਸਿੰਘ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਪ੍ਰੋਫੈਸਰ ਅਜਮੇਰ ਸਿੰਘ ਔਲਖ, ਡਾ ਆਤਮਜੀਤ, ਦਵਿੰਦਰ ਦਮਨ, ਸੈਮੂਅਲ, ਜਤਿੰਦਰ ਬਰਾੜ, ਸਾਹਿਬ ਸਿੰਘ, ਕੇਵਲ ਧਾਲੀਵਾਲ, ਸਵਰਾਜਬੀਰ, ਮਾ.ਤਰਲੋਚਨ ਸਿੰਘ, ਇੰਦਰਜੀਤ ਰੂਪੋਵਾਲੀ ਆਦਿ ਨਾਟਕਕਾਰ ਹਨ।
ਜਲੰਧਰ ਵਿਖੇ ਪਹਿਲੀ ਨਵੰਬਰ ਨੂੰ ਗਦਰੀ ਬਾਬਿਆਂ ਦਾ ਜਲੰਧਰ ਯਾਦਗਾਰੀ ਮੇਲਾ ਤੇ ਪਹਿਲੀ ਮਈ ਨੂੰ ਪਲਸ ਮੰਚ ਦੇ ਪ੍ਰੋਗਰਾਮ ਨਾਟਕਾਂ ਦੀ ਸ਼ਾਮ ਲੁਧਿਆਣਾ ਵੇਖਣਯੋਗ ਹੁੰਦੀ ਹੈ। ਇਸ ਤੋਂ ਇਲਾਵਾ ਹਰ ਸਾਲ ਛੇ ਅਪਰੈਲ ਨੂੰ ਵਿਸ਼ਵ ਪੰਜਾਬੀ ਰੰਗ ਮੰਚ ਦਿਵਸ ਮਨਾਇਆ ਜਾਂਦਾ ਹੈ।