ਅਕਾਲੀ ਰਾਜਨੀਤੀ : ਸਿਆਸੀ ਭਾਜੀਆਂ ਮੋੜਨ ਦਾ ਸਮਾਂ

TeamGlobalPunjab
6 Min Read

ਅਵਤਾਰ ਸਿੰਘ

 

ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਕਾਲੀ ਦਲ ਆਪੋ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਵਿੱਚ ਜੁਟਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇਕ ਧੜੇ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਕਰ ਰਹੇ ਅਤੇ ਦੂਜੇ ਧੜੇ ਦੇ ਮੋਹਰੀ ਸਾਬਕਾ ਰਾਜ ਸਭ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਤੇ ਹੋਰ ਟਕਸਾਲੀ ਆਗੂ ਹਨ। ਇਹ ਦੋਵੇਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਡੀਆਂ ਰੈਲ਼ੀਆਂ ਕਰ ਕੇ ਆਪੋ ਆਪਣੇ ਦਾਅਵੇ ਜਤਾ ਰਹੇ ਹਨ।

ਰਿਪੋਰਟਾਂ ਮੁਤਾਬਿਕ ਬੀਤੇ ਕੱਲ੍ਹ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਵਿੱਚ ‘ਪੰਜਾਬ ਬਚਾਓ-ਪੰਥ ਬਚਾਓ’ ਨਾਂ ਹੇਠ ਵੱਡੀ ਰੈਲੀ ਕਰ ਕੇ ਆਪਣੀ ਸਿਆਸੀ ਜ਼ੋਰ ਅਜ਼ਮਾਈ ਕੀਤੀ।
ਇਸ ਮੌਕੇ ਢੀਂਡਸਾ ਪਿਉ – ਪੁੱਤਰ ਨੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖ਼ਾਸਤ ਕਰਨ ਦਾ ਮਤਾ ਪਾਸ ਕਰਵਾ ਕੇ ਬਾਦਲਾਂ ਨੂੰ ਸਿਆਸੀ ਭਾਜੀ ਮੋੜ ਦਿੱਤੀ। ਚੇਤੇ ਕਰਵਾਇਆ ਜਾਂਦਾ ਕਿ ਦੋ ਫਰਵਰੀ ਨੂੰ ਇਸੇ ਜਗਾਹ ’ਤੇ ਢੀਂਡਸਾ ਪਿਤਾ-ਪੁੱਤਰ ਖ਼ਿਲਾਫ਼ ਅਕਾਲੀ ਦਲ ਨੇ ਮਤੇ ਪਾਸ ਕਰਵਾਏ ਸਨ।

- Advertisement -

ਰੈਲੀ ਦੌਰਾਨ ਅਕਾਲ ਤਖ਼ਤ ਸਾਹਿਬ, ਐੱਸਜੀਪੀਸੀ ਅਤੇ ਹੋਰ ਪੰਥਕ ਸੰਸਥਾਵਾਂ ਨੂੰ ਇੱਕ ਪਰਿਵਾਰ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਦਾ ਅਹਿਦ ਵੀ ਲਿਆ ਗਿਆ।

ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਦੋਵਾਂ ਨੂੰ ਗੁਲਾਮੀ ਤੋਂ ਆਜ਼ਾਦ ਕਰਾਉਣ ਦੀ ਰਸਮ ਵੀ ਅਦਾ ਕੀਤੀ। ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਨੇ ਸੁਖਬੀਰ ਬਾਦਲ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਭਾਵੇਂ ਸੁਖਬੀਰ ਬਾਦਲ ਵਲੋਂ ਇਸ ਥਾਂ ’ਤੇ ਰੈਲੀ ਨੂੰ ਉਨ੍ਹਾਂ ਦੇ ਪਰਿਵਾਰ ਦੀ ਅੰਤਿਮ ਅਰਦਾਸ ਕਰਾਰ ਦਿੱਤਾ ਗਿਆ ਸੀ ਪਰ ਉਹ ਆਪਣੇ ਦੁਸ਼ਮਣ ਬਾਰੇ ਵੀ ਅਜਿਹਾ ਨਹੀਂ ਕਹਿ ਸਕਦੇ।

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਰੈਲੀ ਨੇ ਸੁਖਬੀਰ ਬਾਦਲ ਦਾ ਹੰਕਾਰ ਤੋੜ ਦਿੱਤਾ ਹੈ। ਢੀਂਡਸਾ ਨੇ ਕਿਹਾ ਕਿ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਰਵੀਇੰਦਰ ਸਿੰਘ, ਐਚ.ਐੱਸ. ਫੂਲਕਾ ਸਮੇਤ ਸਾਰੀਆਂ ਹਮਖ਼ਿਆਲ ਧਿਰਾਂ ਨਾਲ ਮਿਲ ਕੇ ਪਹਿਲਾਂ ਐੱਸਜੀਪੀਸੀ ਚੋਣਾਂ ਲੜੀਆਂ ਜਾਣਗੀਆਂ। ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਬਾਦਲਾਂ ਨੇ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਡੇਰਾ ਮੁਖੀ ਨੂੰ ਮੁਆਫ਼ੀ ਦਿਵਾ ਕੇ ਸਮੁੱਚੇ ਪੰਥ ਨਾਲ ਦਗ਼ਾ ਕਮਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੋਈ ਵੀ ਅਣਖ਼ੀ ਸ਼ਖ਼ਸੀਅਤ ਸੁਖਬੀਰ ਬਾਦਲ ਨਾਲ ਨਹੀਂ ਚੱਲ ਸਕਦੀ। ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸੰਗਰੂਰ ਦੀ ਧਰਤੀ ਤੋਂ ਮੁੜ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ ਹੈ। ਅਕਾਲੀ ਦਲ (1920) ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਕਿ ਜਦ ਤੱਕ ਗੁਰੂ ਘਰਾਂ ਨੂੰ ਇੱਕ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਨਹੀਂ ਕਰਵਾ ਲਿਆ ਜਾਂਦਾ ਉਦੋਂ ਤੱਕ ਚੈਨ ਨਾਲ ਨਹੀਂ ਬੈਠਨਗੇ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਵੀ ਬਾਦਲਾਂ ਨੂੰ ਨਿਸ਼ਾਨੇ ‘ਤੇ ਰੱਖਿਆ। ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਬਰਗਾੜੀ ਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਲਈ ਜ਼ਿੰਮੇਵਾਰਾਂ ਨੂੰ ਸਿੱਖ ਕੌਮ ਤੋਂ ਮੁਆਫ਼ੀ ਮੰਗਵਾ ਕੇ ਛੱਡਾਂਗੇ। ਰੈਲੀ ਦੌਰਾਨ ਗੁਰਬਚਨ ਸਿੰਘ ਬਚੀ ਵਲੋਂ 12 ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਸੰਗਤ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਐੱਸਜੀਪੀਸੀ ਮੈਂਬਰ ਮਲਕੀਤ ਸਿੰਘ ਚੰਗਾਲ, ਰਾਮਪਾਲ ਸਿੰਘ ਬਹਿਣੀਵਾਲ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਕਰਨੈਲ ਸਿੰਘ ਪੀਰਮੁਹੰਮਦ, ਗੁਰਸੇਵ ਸਿੰਘ ਹਰਪਾਲਪੁਰ, ਰਾਜਿੰਦਰ ਸਿੰਘ ਕਾਂਝਲਾ, ਉਜਾਗਰ ਸਿੰਘ ਬਡਾਲੀ, ਸੁਖਵੰਤ ਸਿੰਘ ਸਰਾਓ, ਹਰਦੇਵ ਸਿੰਘ ਰੋਗਲਾ, ਪ੍ਰਿਤਪਾਲ ਸਿੰਘ ਹਾਂਡਾ, ਅਬਦੁਲ ਗੁਫ਼ਾਰ ਤੇ ਹੋਰ ਹਾਜ਼ਰ ਸਨ।

ਪਾਸ ਕੀਤੇ ਗਏ ਮਤਿਆਂ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖ਼ਾਸਤ ਕਰਨ ਦਾ ਮਤਾ ਪਾਸ ਕੀਤਾ ਗਿਆ। ਅਕਾਲ ਤਖ਼ਤ ਸਾਹਿਬ ਦੀ ਸ਼ਾਨ ਬਹਾਲ ਕਰਵਾਉਣ, ਸ਼੍ਰੋਮਣੀ ਕਮੇਟੀ ’ਚ ਹੋਏ ਘੁਟਾਲਿਆਂ ਦੀ ਨਿਰਪੱਖ ਜਾਂਚ ਕਰਵਾਉਣ ਤੇ ਕਮੇਟੀ ਨੂੰ ਇੱਕ ਪਰਿਵਾਰ ਦੇ ਕਬਜ਼ੇ ’ਚੋਂ ਮੁਕਤ ਕਰਵਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਕੇਂਦਰ ਸਰਕਾਰ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਜਲਦੀ ਕਾਰਵਾਉਣ ਦੀ ਮੰਗ ਵੀ ਕੀਤੀ ਗਈ। ਮਤਾ ਪਾਸ ਕਰ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਤੇ ਰਿਹਾਈ ਦੀ ਮੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਬੇਅਦਬੀਆਂ, ਬਹਿਬਲ ਕਲਾਂ ਗੋਲੀ ਕਾਂਡ ਲਈ ਜ਼ਿੰਮੇਵਾਰਾਂ ਨੂੰ ਸਜ਼ਾਵਾਂ ਦੇਣ ਬਾਰੇ ਵੀ ਮਤਾ ਸ਼ਾਮਿਲ ਕੀਤਾ ਗਿਆ। ਇਸ ਤੋਂ ਇਲਾਵਾ ਅਸਾਮ ਵਿਚ ਗੁਰਦੁਆਰਾ ਡਾਂਗਮਾਰ, ਉੜੀਸਾ ’ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰੂ ਮੱਠ, ਯੂਪੀ ਵਿਚ ਗੁਰਦੁਆਰਾ ਗਿਆਨ ਗੋਦੜੀ ਜਿਹੇ ਮਾਮਲਿਆਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਹੱਲ ਕਰਨ ਦੀ ਮੰਗ ਵੀ ਕੀਤੀ ਗਈ। ਪੰਜਾਬ ਵਿਚ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ, ਭ੍ਰਿਸ਼ਟਾਚਾਰ ਘਟਾਉਣ, ਬਿਜਲੀ ਸਸਤੀ ਕਰਨ, ਬਿਜਲੀ ਸਮਝੌਤੇ ਰੱਦ ਕਰਨ, ਮੁਲਾਜ਼ਮਾਂ, ਕਿਸਾਨਾਂ ਨਾਲ ਜੁੜੀਆਂ ਮੰਗਾਂ ਵੀ ਮਤਿਆਂ ਵਿਚ ਸ਼ਾਮਲ ਸਨ।

ਅਕਾਲੀ ਦਲ ਦੀ ਪੰਜਾਬ ਵਿੱਚ ਡਿਗ ਚੁੱਕੀ ਹੋਂਦ ਨੂੰ ਬਚਾਉਣ ਲਈ ਭਾਵੇਂ ਦੋਵਾਂ ਧੜਿਆਂ ਨੇ ਅੱਡੀ ਛੋਟੀ ਦਾ ਜ਼ੋਰ ਲਾਇਆ ਹੋਇਆ ਹੈ, ਰੈਲ਼ੀਆਂ ਕਰਕੇ ਲੋਕਾਂ ਨੂੰ ਨਾਲ ਜੋੜਿਆ ਜਾ ਰਿਹਾ ਹੈ। ਪਰ ਸਿਆਸੀ ਮਾਹਿਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਹੋ ਸਕਦਾ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤਕ ਇਹ ਦੋਵੇਂ ਧੜੇ ਇਕੱਠੇ ਹੋ ਕੇ ਚੋਣਾਂ ਲੜਨ ਲਗ ਜਾਣ। ਸਿਆਸਤ ਵਿੱਚ ਸਭ ਕੁਝ ਸੱਚ ਹੈ ਕਿਉਂਕਿ ਰਾਜਨੀਤੀ ‘ਚ ਕੋਈ ਪੱਕਾ ਦੁਸ਼ਮਣ ਤਾਂ ਹੁੰਦਾ ਨਹੀਂ। ਬਾਕੀ ਤਾਂ ਸਮਾਂ ਹੀ ਦੱਸੇਗਾ ਕਿ ਕੋਈ ਕਿੱਧਰ ਨੂੰ ਪਾਸਾ ਬਦਲਦਾ ਹੈ।

- Advertisement -
Share this Article
Leave a comment