ਮਲੇਰੀਆ ਦਿਵਸ: ਸਾਵਧਾਨੀ ਹੈ ਮਲੇਰੀਆ ਤੋਂ ਬਚਣ ਦਾ ਸੌਖਾ ਤਰੀਕਾ

TeamGlobalPunjab
5 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਸਾਡਾ ਭਾਰਤੀਆਂ ਦਾ ਸੁਭਾਅ ਹੈ ਕਿ ਅਸੀਂ ਕੈਂਸਰ, ਦਿਲ ਦੀ ਬਿਮਾਰੀ, ਫੇਫੜਿਆਂ ਜਾਂ ਗੁਰਦਿਆਂ ਦੀ ਬਿਮਾਰੀ ਨੂੰ ਤਾਂ ਵੱਡੀ ਬਿਮਾਰੀ ਸਮਝਦੇ ਹਾਂ ਪਰ ਮਲੇਰੀਆ ਤੇ ਚਿਕਨਗੁਨੀਆ ਜਿਹੀਆਂ ਬਿਮਾਰੀਆਂ ਨੂੰ ਬਹੁਤ ਹੀ ਹਲਕੇ ‘ਚ ਲੈਂਦੇ ਹਾਂ ਜਦੋਂਕਿ ਕੌੜਾ ਸੱਚ ਇਹ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੁਨੀਆ ਭਰ ਦੇ 106 ਮੁਲਕਾਂ ਵਿੱਚ 3.3 ਬਿਲੀਅਨ ਲੋਕ ਮਲੇਰੀਆ ਦੀ ਜਕੜ ਵਿੱਚ ਆਉਣ ਦੇ ਮੁਹਾਣੇ ‘ਤੇ ਖੜੇ ਹਨ।

ਹੈਰਾਨੀਜਨਕ ਅੰਕੜੇ ਦੱਸਦੇ ਹਨ ਕਿ ਸਾਲ 2012 ਵਿੱਚ ਮਲੇਰੀਏ ਕਰਕੇ ਦੁਨੀਆ ਭਰ ਵਿੱਚ 6,27000 ਮੌਤਾਂ ਹੋਈਆਂ ਸਨ ਜਿਨ੍ਹਾ ਵਿੱਚੋਂ ਅਧਿਕਤਰ ਅਫ਼ਰੀਕਾ, ਲਾਤੀਨੀ, ਅਮਰੀਕਾ, ਮੱਧ ਪੂਰਬ ਦੇ ਦੇਸ਼ਾਂ ਅਤੇ ਯੂਰਪ ਦੇ ਕੁਝ ਹਿੱਸਿਆਂ ਵਿੱਚ ਹੋਈਆਂ ਸਨ ਜਦੋਕਿ ਸਾਲ 2015 ਵਿੱਚ ਵਧੀਆ ਸਿਹਤ ਸਹੁਲਤਾਂ ਉਪਲਬਧ ਹੋਣ ਦੇ ਬਾਵਜੂਦ ਮਲੇਰੀਆ ਕਾਰਨ ਹੋਈਆਂ ਮੌਤਾਂ ਦਾ ਅੰਕੜਾ 4,29000 ਸੀ।

ਮਲੇਰੀਆ ਜਿਹੀ ਬਿਮਾਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਸੰਨ 2007 ਵਿੱਚ ਸੰਯੁਕਤ ਰਾਸ਼ਟਰ ਸੰਘ ਦੀ ‘ ਵਰਲਡ ਹੈਲਥ ਅਸੈਂਬਲੀ ‘ ਭਾਵ ਵਿਸ਼ਵ ਸਿਹਤ ਸਭਾ ਦੇ 60ਵੇਂ ਸੈਸ਼ਨ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਹਰ ਸਾਲ 25 ਅਪ੍ਰੈਲ ਨੂੰ ਦੁਨੀਆ ਭਰ ਵਿੱਚ ਮਲੇਰੀਆ ਦਿਵਸ ਮਨਾਇਆ ਜਾਵੇਗਾ। ਇਸ ਦਿਵਸ ਨੂੰ ਮਨਾਉਣ ਹਿਤ ਉਕਤ ਮਿਤੀ ਇਸ ਕਰਕੇ ਚੁਣੀ ਗਈ ਸੀ ਕਿਉਂਕਿ ਮਲੇਰੀਆ ਕਰਕੇ ਭਾਰੀ ਤਬਾਹੀ ਝੱਲ ਰਹੇ ਅਫ਼ਰੀਕਾ ਵਿੱਚ ਸਾਲ 2001 ਤੋਂ ਹੀ ਮਲੇਰੀਆ ਦਿਵਸ ਮਨਾਇਆ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਜਿਨ੍ਹਾ ਅੱਠ ਜਨਤਕ ਸਿਹਤ ਲਹਿਰਾਂ ਦਾ ਅਰੰਭ ਕੀਤਾ ਗਿਆ ਹੈ ਮਲੇਰੀਆ ਦਿਵਸ ਉਨ੍ਹਾ ਵਿੱਚੋਂ ਇੱਕ ਹੈ ਜਦੋਂ ਕਿ ਬਾਕੀ ਦਿਵਸਾਂ ਵਿੱਚ ਵਿਸ਼ਵ ਸਿਹਤ ਦਿਵਸ,ਵਿਸ਼ਵ ਖ਼ੂਨਦਾਨ ਦਿਵਸ,ਵਿਸ਼ਵ ਟੀ.ਬੀ.ਦਿਵਸ, ਵਿਸ਼ਵ ਤੰਬਾਕੂਮੁਕਤ ਦਿਵਸ, ਵਿਸ਼ਵ ਹੈਪੇਟਾਈਟਸ ਦਿਵਸ ਅਤੇ ਵਿਸ਼ਵ ਏਡਜ਼ ਦਿਵਸ ਆਦਿ ਸ਼ਾਮਿਲ ਹਨ।

- Advertisement -

ਵਿਸ਼ਵ ਸਿਹਤ ਸੰਗਠਨ ਅਨੁਸਾਰ ਮਲੇਰੀਆ ਦਿਵਸ ਮਨਾਉਣ ਦਾ ਮੁੱਖ ਮੰਤਵ ਦੁਨੀਆ ਭਰ ਵਿੱਚ ਮਲੇਰੀਆ ਸਬੰਧੀ ਸਿੱਖਿਆ ਤੇ ਸਮਝ ਦਾ ਪ੍ਰਸਾਰ ਕਰਨਾ ਹੈ। ਇਹ ਦਿਵਸ ਵੱਖ ਵੱਖ ਮੁਲਕਾਂ ਨੂੰ ਮਲੇਰੀਆ ਖ਼ਤਮ ਕਰਨ ਸਬੰਧੀ ਯੋਜਨਾਬਦੀ ਕਰਨ ਅਤੇ ਲੋਕਾਂ ਅੰਦਰ ਮਲੇਰੀਆ ਤੋਂ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਲਹਿਰਾਂ ਚਲਾਉਣ ਦੀ ਯਾਦ ਦਿਵਾਉਂਦਾ ਹੈ। ਇਹ ਦਿਨ ਵੱਖ ਵੱਖ ਬਹੁਕੌਮੀ ਸੰਗਠਨਾਂ ਅਤੇ ਕਾਰਪੋਰੇਸ਼ਨਾਂ ਨੂੰ ਮਿਲਜੁਲ ਕੇ ਮਲੇਰੀਏ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਹਿਤ ਕੰਮ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ।

ਸਾਲ 2019 ਵਿੱਚ ਵਿਸ਼ਵ ਮਲੇਰੀਆ ਦਿਵਸ ਦਾ ਮੁੱਖ ਥੀਮ ਸੀ ” ਜ਼ੀਰੋ ਮਲੇਰੀਆ ਸਟਾਰਟਸ ਵਿਦ ਮੀ ” ਭਾਵ ਮੇਰੇ ਤੋਂ ਹੀ ਸ਼ੁਰੂ ਹੁੰਦੀ ਹੈ ਮਲੇਰੀਆ ਮੁਕਤੀ। ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਵਿਸ਼ਵ ਪੱਧਰ ‘ਤੇ ਇੰਨੇ ਯਤਨ ਕਰਨ ਤੇ ਜਾਗਰੂਕਤਾ ਲਹਿਰਾਂ ਚਲਾਉਣ ਦੇ ਬਾਵਜੂਦ ਸਾਲ 2017 ਵਿੱਚ ਮਲੇਰੀਆਂ ਕਾਰਨ 4,35000 ਮੌਤਾਂ ਦੁਨੀਆਂ ਭਰ ਵਿੱਚ ਹੋ ਗਈਆਂ ਸਨ। ਸਾਲ 2016 ਵਿੱਚ ਵੀ ਤਕਰੀਬਨ ਇੰਨੀਆਂ ਹੀ ਮੌਤਾਂ ਹੋਹੀਆਂ ਸਨ ਜਿਸ ਤੋਂ ਸਿੱਧ ਹੁੰਦਾ ਹੈ ਕਿ ਮਲੇਰੀਆ ਖ਼ਿਲਾਫ਼ ਜੰਗ ਅਜੇ ਹੋਰ ਵੱਡੀ ਤਿਆਰੀ ਅਤੇ ਹੋਰ ਮਜ਼ਬੂਤ ਸੰਕਲਪ ਨਾਲ ਲੜਨੀ ਬਾਕੀ ਹੈ। ਵਿਸ਼ਵ ਪ੍ਰਸਿੱਧ ਹਸਤੀ ਡਾ.ਤਾਕੇਸ਼ੀ ਕਾਸਾਈ ਦਾ ਕਹਿਣਾ ਹੈ।” ਮਲੇਰੀਆ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਦਾ ਵਕਤ ਆ ਗਿਆ ਹੈ। ਅਸੀਂ ਇਕੱਠੇ ਹੋ ਕੇ ਜੇਕਰ ਇਸ ਮਹਾਂਮਾਰੀ ਖ਼ਿਲਾਫ਼ ਲੜਾਂਗੇ ਤਾਂ ਹੀ ਇਸ ਵਿਸ਼ਵ ਨੂੰ ਮਲੇਰੀਆ ਮੁਕਤ ਕਰ ਪਾਵਾਂਗੇ। ”

ਅੱਜ ਵਿਸ਼ਵ ਮਲੇਰੀਆ ਦਿਵਸ ਮੌਕੇ ਆਓ ਮਲੇਰੀਆਂ ਦੇ ਸਰੋਤਾਂ, ਲੱਛਣਾਂ ਤੇ ਸਾਵਧਾਨੀਆਂ ਸਬੰਧੀ ਜਾਗਰੂਕ ਹੋਈਏ। ਮਾਹਿਰ ਡਾਕਟਰਾਂ ਅਨੁਸਾਰ ਮਲੇਰੀਆ, ਮਾਦਾ ਮੱਛਰ ਐਨੋਫ਼ਲੀਜ਼ ਦੁਆਰਾ ਕੱਟੇ ਜਾਣ ਕਰਕੇ ਹੁੰਦਾ ਹੈ ਜੋ ਕਿ ਅਧਿਕਤਰ ਪ੍ਰਭਾਤ ਅਤੇ ਸ਼ਾਮ ਦਰਮਿਆਨ ਕੱਟਦਾ ਹੈ। ਇਹ ਰੋਗ ਪਲਾਜ਼ਮੋਡੀਅਮ ਨਾਮਕ ਪਰਜੀਵੀ ਰਾਹੀਂ ਫ਼ੈਲਦਾ ਹੈ ਜਿਸਦਾ ਵਾਹਕ ਐਨੋਫ਼ਲੀਜ਼ ਮੱਛਰ ਹੁੰਕਾ ਹੈ। ਮਲੇਰੀਆ ਹੋ ਜਾਣ ਦੇ ਮੁੱਖ ਲੱਛਣਾਂ ਵਿੱਚ ਕੰਬਣੀ ਸਹਿਤ ਤੇਜ਼ ਬੁਖ਼ਾਰ, ਸਿਰ ਦਰਦ, ਮਾਸ ਪੇਸ਼ੀਆਂ ਦਾ ਦਰਦ, ਥਕਾਨ ਤੇ ਕਮਜ਼ੋਰੀ, ਖ਼ਾਂਸੀ,ਉਲਟੀਆਂ, ਪੇਟ ਦਰਦ ਜਾਂ ਦਸਤ ਆਦਿ ਪ੍ਰਮੁੱਖ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮਲੇਰੀਆਂ ਤੋਂ ਬਚਣ ਲਈ ਬਹੁਤ ਹੀ ਸਧਾਰਨ ਸਾਵਧਾਨੀਆਂ ਵਰਤੇ ਜਾਣ ਦੀ ਜ਼ਰੂਰਤ ਹੈ ਜਿਸ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਆਪਣੇ ਘਰ ਦੇ ਅੰਦਰ ਜਾਂ ਬਾਹਰ ਜਾਂ ਆਪਣੇ ਕੰਮ ਵਾਲੀਆਂ ਥਾਵਾਂ ਨੇੜੇ ਪਾਣੀ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਹੈ।

ਕੂਲਰ ਤੇ ਗਮਲਿਆਂ ਦਾ ਪਾਣੀ ਸਮੇਂ ਸਮੇਂ ਸਿਰ ਬਦਲਦੇ ਰਹਿਣਾ ਚਾਹੀਦਾ ਹੈ। ਮੱਛਰ ਤੋਂ ਬਚਾਅ ਹਿਤ ਮੱਛਰਦਾਨੀ,ਮੱਛਰਮਾਰ ਦਵਾਈ,ਲੋਸ਼ਨ ਜਾਂ ਕ੍ਰੀਮ ਦੀ ਵਰਤੋਂ ਕਰਨ ਦੇ ਨਾਲ ਨਾਲ ਪੂਰਾ ਤਨ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ।

ਸੰਪਰਕ: 97816-46008

- Advertisement -
Share this Article
Leave a comment