ਵਿਸ਼ਵ ਫ਼ੂਡ ਸੇਫ਼ਟੀ ਦਿਵਸ: ਦੁਨੀਆ ਵਿੱਚ ਹਰ ਸਾਲ ਇਕ ਤਿਹਾਈ ਹਿੱਸਾ ਭੋਜਨ ਹੁੰਦਾ ਹੈ ਬਰਬਾਦ

TeamGlobalPunjab
4 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਕਿੰਨੀ ਹੈਰਾਨੀਜਨਕ ਗੱਲ ਹੈ ਕਿ ਕੌਮਾਂਤਰੀ ਸੰਸਥਾ ਐਫ਼. ਏ.ਓ. ਭਾਵ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਅਨੁਸਾਰ ਹਰ ਸਾਲ ਦੁਨੀਆ ਭਰ ਦੇ ਕੁੱਲ ਭੋਜਨ ਦਾ ਇੱਕ ਤਿਹਾਈ ਹਿੱਸਾ ਵੱਖ ਵੱਖ ਕਾਰਨਾਂ ਕਰਕੇ ਬਰਬਾਦ ਹੋ ਜਾਂਦਾ ਹੈ ਤੇ ਇਸ ਬਰਬਾਦ ਹੋਏ ਭੋਜਨ ਦੀ ਕੁੱਲ ਕੀਮਤ 750 ਬਿਲੀਅਨ ਡਾਲਰ ਬਣਦੀ ਹੈ।

ਇਸੇ ਮਾਮਲੇ ਵਿੱਚ ਜੇਕਰ ਦੁਨੀਆ ਤੋਂ ਬਾਅਦ ਭਾਰਤ ‘ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇੱਥੇ ਹਰ ਸਾਲ 92 ਹਜ਼ਾਰ ਕਰੋੜ ਰੁਪਏ ਦੇ ਕੀਮਤ ਦਾ 67 ਮਿਲੀਅਨ ਟਨ ਭੋਜਨ ਬੇਕਾਰ ਚਲਿਆ ਜਾਂਦਾ ਹੈ ਤੇ ਇਸ ਭੋਜਨ ਨੂੰ ਜੇਕਰ ਕਿਸੇ ਤਰ੍ਹਾਂ ਬਰਬਾਦ ਹੋਣ ਤੋਂ ਬਚਾਅ ਲਿਆ ਜਾਵੇ ਤਾਂ ਬਿਹਾਰ ਦੀ ਕੁੱਲ ਆਬਾਦੀ ਨੂੰ ਇੱਕ ਸਾਲ ਲਈ ਭੋਜਨ ਕਰਵਾਇਆ ਜਾ ਸਕਦਾ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਕਰੋੜਾਂ ਨਾਗਰਿਕਾਂ ਵਾਲੇ ਸਾਡੇ ਮੁਲਕ ਵਿੱਚ ਹਰ ਸਾਲ 21 ਮਿਲੀਅਨ ਮੀਟ੍ਰਿਕ ਟਨ ਕਣਕ ਖ਼ਰਾਬ ਹੋ ਕੇ ਬਰਬਾਦ ਹੋ ਜਾਂਦੀ ਹੈ ਤੇ ਕਿਸੇ ਗ਼ਰੀਬ ਦੇ ਪੇਟ ‘ਚ ਪੈਣ ਦਾ ਸੁਭਾਗ ਉਸਨੂੰ ਹਾਸਿਲ ਨਹੀਂ ਹੁੰਦਾ ਹੈ।

ਵਿਸ਼ਵ ਭਰ ਵਿੱਚ ਹੁੰਦੀ ਅੰਨ ਦੀ ਬਰਬਾਦੀ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਐਫ਼.ਏ.ਓ. ਦੇ ਉਦਮ ਨਾਲ ਸਾਲ 2019 ਵਿੱਚ ਪਹਿਲੀ ਵਾਰ ‘ਵਿਸ਼ਵ ਫ਼ੂਡ ਸੇਫ਼ਟੀ ਦਿਵਸ’ ਮਨਾਇਆ ਗਿਆ ਸੀ ਤੇ ਅਦੀਸਾ ਅਬਾਬਾ ਕਾਨਫਰੰਸ ਅਤੇ ਜਨੇਵਾ ਫੋਰਮ ਜਿਹੇ ਵੱਡੇ ਵਿਸ਼ਵ ਪੱਧਰੀ ਸਮਾਗਮ ਕਰਵਾਏ ਗਏ ਸਨ ਜਿਨ੍ਹਾ ਵਿੱਚ ਅੰਨ ਦੀ ਬਰਬਾਦੀ ਰੋਕਣ ਲਈ ਗੰਭੀਰ ਵਿਚਾਰ ਚਰਚਾ ਕੀਤੀ ਗਈ ਸੀ।

- Advertisement -

ਅੱਜ 7 ਜੂਨ ਦੇ ਦਿਨ ਇਹ ਦਿਵਸ ਦੁਨੀਆ ਭਰ ਵਿੱਚ ਦੂਜੀ ਵਾਰ ਮਨਾਇਆ ਜਾ ਰਿਹਾ ਹੈ ਤੇ ਵਿਸ਼ਵ ਸਿਹਤ ਸੰਗਠਨ ਅਤੇ ਐਫ਼.ਏ.ਓ. ਵੱਲੋਂ ਸਮੂਹ ਮੁਲਕਾਂ ਨੂੰ ਇਸ ਸਮੱਸਿਆ ਦੇ ਹੱਲ ਲਈ ਯਤਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦਿਵਸ ਦਾ ਥੀਮ ਰੱਖਿਆ ਗਿਆ ਹੈ-‘ਬਚਾਉਣਾ ਅੰਨ, ਹਰੇਕ ਦਾ ਕੰਮ’। ਇਹ ਮੰਨਿਆ ਜਾਂਦਾ ਹੈ ਕਿ ‘ਭੋਜਨ ਬਚਾਉਣਾ’ ਦੋ ਅਰਥੀ ਕੰਮ ਹੈ। ਇਸਦਾ ਇੱਕ ਅਰਥ ਹੈ ‘ਸੇਵ ਫੂਡ’ ਭਾਵ ਭੋਜਨ ਨੂੰ ਬਰਬਾਦ ਹੋਣ ਤੋਂ ਬਚਾਉਣਾ ਤੇ ਦੂਜਾ ਅਰਥ ਹੈ ‘ਸੇਫ ਫੂਡ’ ਭਾਵ ਕਿ ਭੋਜਨ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣਾ ਤੇ ਉਸਦੇ ਅੰਦਰਲੇ ਪੌਸ਼ਟਿਕ ਤੱਤਾਂ ਦੀ ਰਾਖੀ ਕਰਕੇ ਉਸਨੂੰ ਖਾਣਯੋਗ ਬਣਾਉਣਾ।

ਭਾਰਤ ਦੀ ਆਰਥਿਕ ਰਾਜਧਾਨੀ ਮੰਨੇ ਜਾਂਦੇ ਮੁੰਬਈ ਸ਼ਹਿਰ ਦੀ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਹਰ ਸਾਲ 9400 ਮੀਟ੍ਰਿਕ ਟਨ ਠੋਸ ਕੂੜਾ ਬਣਦਾ ਹੈ ਜਿਸਦਾ 73 ਫ਼ੀਸਦੀ ਬਰਬਾਦ ਹੋਇਆ ਜਾਂ ਜੂਠਾ ਕਰਕੇ ਸੁੱਟਿਆ ਗਿਆ ਭੋਜਨ ਹੁੰਦਾ ਹੈ। ਇਹੋ ਹਾਲ ਕੁਝ ਦਿੱਲੀ,ਬੰਗਲੌਰ ਤੇ ਹੋਰ ਵੱਡੇ ਸ਼ਹਿਰਾਂ ਦਾ ਵੀ ਹੈ। ਭੋਜਨ ਸੁਰੱਖਿਆ ਲਈ ਸਰਕਾਰ,ਕਿਸਾਨ,ਵਪਾਰੀ ਅਤੇ ਉਪਭੋਗਤਾ ਆਦਿ ਨੂੰ ਸਾਂਝੇ ਤੌਰ ‘ਤੇ ਯਤਨ ਕਰਨੇ ਚਾਹੀਦੇ ਹਨ। ਕਿਸਾਨ ਦਾ ਫ਼ਰਜ਼ ਹੈ ਕਿ ਉਹ ਸਾਫ-ਸੁਥਰਾ ਤੇ ਸੁਰੱਖਿਅਤ ਅੰਨ ਉਗਾਵੇ,ਵਪਾਰੀ ਦਾ ਫ਼ਰਜ਼ ਹੈ ਕਿ ਉਹ ਇਸਨੂੰ ਸੁਰੱਖਿਅਤ ਸੰਭਾਲੇ,ਸਰਕਾਰ ਦਾ ਫ਼ਰਜ਼ ਹੈ ਕਿ ਉਹ ਅੰਨ ਦੀ ਹਰੇਕ ਪੱਧਰ ‘ਤੇ ਰਾਖੀ ਤੇ ਸੰਭਾਲ ਨੂੰ ਯਕੀਨੀ ਬਣਾਵੇ। ਉਪਭੋਗਤਾ ਦਾ ਫ਼ਰਜ਼ ਹੈ ਕਿ ਉਹ ਅੰਨ ਦਾ ਸੁਰੱਖਿਆਪੂਰਵਕ ਤੇ ਸਹੀ ਮਾਤਰਾ ਵਿੱਚ ਉਪਭੋਗ ਕਰੇ ਤੇ ਅੰਨ ਨੂੰ ਬਰਬਾਦ ਨਾ ਹੋਣ ਦੇਵੇ।

ਭਾਰਤ ਦੇ ਅਨੇਕਾਂ ਧਰਮ ਅਸਥਾਨਾਂ ਤੇ ਡੇਰਿਆਂ ‘ਤੇ ਚੱਲਦੇ ਲੰਗਰਾਂ ਤੇ ਭੰਡਾਰਿਆਂ ਦੇ ਨਾਲ ਨਾਲ ਘਰਾਂ ਤੇ ਪੈਲੇਸਾਂ ਵਿੱਚ ਹੁੰਦੇ ਵਿਆਹ-ਸ਼ਾਦੀਆਂ ਵਿੱਚ ਹੁੰਦੀ ਪੱਕੇ ਹੋਏ ਅੰਨ ਦੀ ਬਰਬਾਦੀ ਰੋਕਣ ਦੀ ਬੜੀ ਭਾਰੀ ਲੋੜ ਹੈ। ਕਨੇਡਾ ਵਿੱਚ ਭੋਜਨ ਦੀ ਬਰਬਾਦੀ ਰੋਕਣ ਲਈ ਇੱਕ ਤਰੀਕਾ ਇਹ ਅਪਣਾਇਆ ਜਾਂਦਾ ਹੈ ਕਿ ਸਰਕਾਰ ਭੋਜਨ ਦੀ ਪੈਦਾਵਾਰ ਕਰਨ ਵਾਲਿਆਂ ਤੇ ਵੇਚਣ ਵਾਲਿਆਂ ਕੋਲੋਂ ਅਣਵਰਤੇ ਤੇ ਅਣਵਿਕੇ ਭੋਜਨ ਪਦਾਰਥਾਂ ਜਾਂ ਅੰਨ ਨੂੰ ਲੈ ਲੈਂਦੀ ਹੈ ਤੇ ਉਸ ਭੋਜਨ ਨੂੰ ਪਕਾ ਕੇ ਹਜ਼ਾਰਾਂ ਲੋੜਵੰਦਾਂ ਤੱਕ ਪਹੁੰਚਾ ਦਿੰਦੀ ਹੈ।

ਸਵੀਡਨ ਵਿੱਚ ਹਰ ਸਾਲ ਘਰਾਂ ਵਿੱਚੋਂ ਇਕੱਠੇ ਕੀਤੇ 22 ਮਿਲੀਅਨ ਟਨ ਜੂਠੇ ਭੋਜਨਯੁਕਤ ਠੋਸ ਕੂੜੇ ਨੂੰ ਬਿਜਲੀ ਪੈਦਾ ਕਰਨ ਲਈ ਵਰਤ ਲਿਆ ਜਾਂਦਾ ਹੈ ਤੇ ਬਰਬਾਦ ਹੋਣ ਨਹੀਂ ਦਿੱਤਾ ਜਾਂਦਾ ਹੈ। ਭਾਰਤ ਸਮੇਤ ਸਮੂਹ ਏਸ਼ੀਆਈ ਮੁਲਕਾਂ ਨੂੰ ਅੰਨ ਦੀ ਬਰਬਾਦੀ ਰੋਕਣ ਲਈ ਵੱਡੇ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਇਸ ਖਿੱਤੇ ਵਿੱਚ ਅੰਨ ਦੀ ਬਰਬਾਦੀ ਵੀ ਵੱਧ ਹੈ ਤੇ ਲੋੜ ਵੀ ਜ਼ਿਆਦਾ ਹੈ

ਸੰਪਰਕ: 97816-46008

- Advertisement -
Share this Article
Leave a comment