-ਅਵਤਾਰ ਸਿੰਘ;
ਟੋਕੀਓ ਓਲੰਪਿਕ ਖੇਡਾਂ ਵਿਚ ਬਹੁਤ ਸਾਰੇ ਮੁਲਕਾਂ ਦੇ ਖਿਡਾਰੀਆਂ ਨੇ ਜ਼ੋਰ ਅਤੇ ਭਾਗ ਅਜ਼ਮਾਈ ਕੀਤੀ ਹੈ। ਖੇਡ ਸੱਭਿਆਚਾਰ ਬਣ ਹੀ ਅਜਿਹਾ ਗਿਆ ਹੈ ਕਿ ਤਮਾਮ ਇਨਾਮ ਸਨਮਾਨ ਜਿੱਤ ਨਾਲ ਜੁੜੇ ਹੋਣ ਕਾਰਨ ਹਰ ਖਿਡਾਰੀ ਦਾ ਧਿਆਨ ਜਿੱਤ ਵੱਲ ਰਹਿੰਦਾ ਹੈ ਤੇ ਖੇਡ ਨਾਲ ਸਬੰਧਤ, ਹੋਰ ਬੜਾ ਕੁਝ ਜਾਂ ਬਾਕੀ ਸਭ ਕੁਝ, ਪਿੱਛੇ ਰਹਿ ਜਾਂਦਾ ਹੈ।
ਸਾਨੂੰ ਖੇਡ ਦੇ ਨਤੀਜੇ ਦੀਆਂ ਦੋ ਹਾਲਤਾਂ, ਅਰਥਾਤ ਜਿੱਤ ਅਤੇ ਹਾਰ ਦਾ ਪਤਾ ਹੈ। ਪਰ, ਖੇਡ ਨਤੀਜੇ ਦੀ ਜਿੱਤ ਹਾਰ ਤੋਂ ਪਰੇ ਵੀ ਇਕ ਹਾਲਤ ਹੁੰਦੀ ਹੈ, ਜਿਹਨੂੰ ਅਸੀਂ ਬਰਾਬਰੀ ਕਹਿੰਦੇ ਹਾਂ ਤੇ ਇਸ ਅਜਿੱਤ ਅਵਸਥਾ ਲਈ ਸਾਡੇ ਦਿਲਾਂ ਵਿੱਚ ਕੋਈ ਥਾਂ ਨਹੀਂ। ਕਹਿੰਦੇ ਹਨ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਅਖਾੜੇ ਵਿਖੇ, ਕੁਸ਼ਤੀ ਜਿੱਤਣ ਜਾਂ ਹਾਰਨ ਵਾਲੇ ਮੱਲਾਂ ਦੀ ਬਜਾਏ, ਬਰਾਬਰ ਰਹਿਣ ਵਾਲੇ ਭਲਵਾਨਾਂ ਤੋਂ ਵਧੇਰੇ ਪ੍ਰਸੰਨ ਹੁੰਦੇ ਸਨ।
ਪਰ ਅਸੀਂ ਬਰਾਬਰ ਰਹਿਣ ਵਾਲੇ ਤਾਂ ਕਿਤੇ ਰਹੇ ਤੇ ਜਿੱਤਣ ਹਾਰਨ ਵਾਲੇ ਵੀ ਛੱਡੋ, ਅਸੀਂ ਤਾਂ ਖਿਡਾਰੀਆਂ ਦੀਆਂ ਜਾਤਾਂ, ਗੋਤਾਂ, ਕਿੱਤਿਆਂ, ਖਿੱਤਿਆਂ ਤੇ ਪਿੰਡਾਂ ਮਹੱਲਿਆਂ ਤੱਕ ਦੀ ਸਾਂਝ ਕੱਢ ਕੱਢ ਕੇ ਹੁੱਬਦੇ ਹਾਂ। ਕੋਈ ਕਿਸੇ ਦੇ ਗੋਤ ਕਰਕੇ ਜਿੱਤਣ ਲਈ ਅਰਦਾਸਾਂ ਕਰਦਾ ਹੈ, ਕੋਈ ਜਾਤ ਕਰਕੇ ਤੇ ਕੋਈ ਪਿੰਡ ਕਰਕੇ। ਕਈ ਨਾਮੀ ਗ੍ਰਾਮੀ ਖੇਡ ਲੇਖਕਾਂ ਨੇ ਆਪਣੀ ਜਾਤ ਗੋਤ ਦੇ ਖਿਡਾਰੀ ਖਿਡਾਰਨਾਂ ਦੀ ਖੋਜ ਕਰ ਲਈ ਹੈ ਤੇ ਫੇਸਬੁੱਕ ‘ਤੇ ਵੀ ਜਾਤਾਂ ਗੋਤਾਂ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ। ਹੋਰ ਤਾਂ ਹੋਰ ਕਈ ‘ਜੂੜਿਆਂ’ ਤੋਂ ਸੰਮੋਹਿਤ ਹੋ ਕੇ ਰੁਮਾਲਾਂ ‘ਚ ਉੜੇ ਫਿਰਦੇ ਹਨ।
ਕਿੱਡੀ ਹਾਸੋਹੀਣੀ ਗੱਲ ਹੈ ਕਿ ਅਸੀਂ ਅੱਜ ਵੀ ਖਿਡਾਰੀਆਂ ਤੇ ਉਨ੍ਹਾਂ ਦੀ ਖੇਡ ਜੁਗਤ ਅਤੇ ਸੰਵੇਦਨਾ ਦੀ ਬਜਾਏ ਉਨ੍ਹਾਂ ਦੀਆਂ ਜਾਤਾਂ ਗੋਤਾਂ ਵਿੱਚ ਵਧੇਰੇ ਰੁਚੀ ਲੈ ਰਹੇ ਹਾਂ। ਗੂਗਲ ਵਾਲ਼ੇ ਦੱਸਦੇ ਹਨ ਕਿ ਕਿਸੇ ਖਿਡਾਰੀ ਦੇ ਜਿੱਤ ਦੇ ਨੇੜੇ ਪੁੱਜਦੇ ਹੀ ਭਾਰਤੀ ਮੂਲ਼ ਦੇ ਲੋਕ ਉਹਦੀ ਜਾਤ ਗੋਤ ‘ਤੇ ਸਰਚ ਮਾਰਨੀ ਸ਼ੁਰੂ ਕਰ ਦਿੰਦੇ ਹਨ। ਕਿਸੇ ਦੀ ਆਪਣੀ ਜਾਤ ਗੋਤ ਦਾ ਕੋਈ ਖਿਡਾਰੀ ਲੱਭ ਜਾਵੇ ਤਾਂ ਅਸੀਂ ਉਹਦੇ ਚਾਅ ਅਤੇ ਹੱਕ ਵਿੱਚ ਸੋਸ਼ਲ ਮੀਡੀਏ ‘ਤੇ ਹਨੇਰੀਆਂ ਲਿਆ ਦਿੰਦੇ ਹਾਂ ਤੇ ਇਸੇ ਨੂੰ ਅਸੀਂ ਸਪੋਰਟਸਮੈਨਸ਼ਿੱਪ ਸਮਝਦੇ ਹਾਂ।
ਭਾਰਤ ਅਤੇ ਬਰਤਾਨੀਆ ਦੀਆਂ ਟੀਮਾਂ ਦਰਮਿਆਨ ਹਾਕੀ ਦਾ ਮੈਚ ਖੇਡਿਆ ਗਿਆ ਤਾਂ ਭਾਰਤ ਜਿੱਤ ਗਿਆ। ਉਨ੍ਹਾਂ ਖਿਡਾਰੀਆਂ ਨੇ ਗੋਲ਼ ਕੀਤੇ, ਜਿਨ੍ਹਾਂ ਦੇ ਸਿਰ ‘ਤੇ ਜੂੜੇ ਸਨ, ਜੂੜਿਆਂ ‘ਤੇ ਰੁਮਾਲ ਬੰਨੇ ਹੋਏ ਸਨ ਤੇ ਨਾਵਾਂ ਪਿੱਛੇ ਸਿੰਘ ਲੱਗਦਾ ਸੀ। ਇਨ੍ਹਾਂ ਜੂੜਿਆਂ ਤੇ ਰੁਮਾਲਾਂ ਨੇ ਸਿੱਖਾਂ ਵਿੱਚ ਅਜਿਹਾ ਜੋਸ਼ ਭਰਿਆ ਕਿ ਫ਼ੋਨਾਂ ਦਾ ਹੜ੍ਹ ਆ ਗਿਆ, ਵੱਟਸਅੱਪ ਤੇ ਫੇਸਬੁੱਕ ਨੂੰ ਉਬਾਲ਼ੇ ਆਉਣ ਲੱਗੇ ਤੇ ਮੁਬਾਰਕਾਂ ਦਾ ਧੂੰਆਂ ਕੱਢ ਦਿੱਤਾ, ਜਿਹਦੇ ਵਿੱਚੋਂ ਅੱਗ ਦੇ ਫ਼ਲੂਹੇ ਸਾਫ਼ ਨਜ਼ਰ ਆਉਂਦੇ। ਜ਼ਾਹਿਰ ਹੈ ਕਿ ਇਹ ਜੋਸ਼ ਨਾ ਖੇਡ ਅਚਾਰ ਵਿਹਾਰ ਦਾ ਸੀ, ਨਾ ਭਾਰਤੀ ਟੀਮ ਦੀ ਸਮੂਹਿਕ ਜਿੱਤ ਦਾ। ਇਹ ਤਾਂ ਜੂੜਿਆਂ, ਰੁਮਾਲਾਂ ਤੇ ਨਾਂਵ ਪਿੱਛੇ ਲੱਗੇ ਸਿੰਘ ਦਾ ਜੋਸ਼ ਸੀ, ਜਿਹੜਾ ਜਾਦੂ ਦੀ ਬਜਾਏ ਪਾਗਲਪਣ ਦੀ ਤਰਾਂ ਸੋਸ਼ਲ ਮੀਡੀਆ ‘ਤੇ ਛਾਅ ਗਿਆ ਸੀ।
ਇਸ ਜਿੱਤ ਦੇ ਦੋ ਦਿਨ ਬਾਦ ਸਾਡੀ ਹਾਕੀ ਹਾਰ ਗਈ ਤਾਂ ਸਾਡੇ ਮੂੰਹ ਲਟਕ ਗਏ ਤੇ ਅਸੀਂ ਸੋਚਣ ਲੱਗ ਪਏ ਕਿ ਇਸ ਨਮੋਸ਼ੀ ਦਾ ਹਾਰ ਕਿਹਦੇ ਗਲ਼ ਵਿੱਚ ਪਾਈਏ। ਜਦ ਫਿਰ ਸਾਡੀ ਟੀਮ ਕਾਂਸੀ ਦਾ ਤਗਮਾ ਜਿੱਤੀ ਤਾਂ ਅਸੀਂ ਝੱਟ ਦੇਣੇ ਜਿੱਤ ਵਾਲ਼ੇ ਹਾਰ ਆਪਣੇ ਗਲ਼ਾਂ ਵਿੱਚ ਤੂਸ ਲਏ ਤੇ ਸਾਡੇ ਦਿਲਾਂ ਵਿੱਚ ਜੂੜਿਆਂ ਦੀ ਸਾਂਝ ਤੇ ਰੁਮਾਲਾਂ ਦਾ ਹੇਜ ਜਾਗ ਪਿਆ। ਮੇਰੇ ਦੋਸਤ ਪ੍ਰੋ. ਹਰਪਾਲ ਸਿੰਘ ਨੇ ਬੜੀ ਪਤੇ ਦੀ ਗੱਲ ਕਹੀ ਕਿ ਜੋ ਜੋ ਸੋਚ ਕੇ ਅਸੀਂ ਇਨ੍ਹਾਂ ਖਿਡਾਰੀਆਂ ਲਈ ਦੁਆਵਾਂ ਕਰਦੇ ਹਾਂ, ਅਸਲ ਵਿੱਚ ਉਹ ਬਦਦੁਆਵਾਂ ਹਨ। ਉਹ ਦੁਆਵਾਂ ਕਾਹਦੀਆਂ ਦੁਆਵਾਂ, ਜਿਨਾਂ ਪਿੱਛੇ ਮਜ਼੍ਹਬੀ ਜਨੂੰਨ, ਜਾਤੀ ਹੇਜ ਅਤੇ ਗੋਤੀ ਮਾਨਸਿਕਤਾ ਡੁੱਲ੍ਹ ਡੁੱਲ੍ਹ ਪੈਂਦੀ ਹੋਵੇ।
ਇਹ ਖ਼ੁਸ਼ੀ ਕਿੱਦਾਂ ਦੀ ਖ਼ੁਸ਼ੀ ਹੈ, ਜਿਹਦੇ ਲਈ ਅਸੀਂ ਜਿੱਤਣ ਵਾਲ਼ਿਆਂ ਦੀ ਜਾਤ ਗੋਤ ਦਾ ਪਤਾ ਕਰਨ ਲਈ ਗੂਗਲ ਤੇ ਸਰਚਾਂ ਮਾਰਦੇ ਹਾਂ ਜਾਂ ਉਨ੍ਹਾਂ ਦੇ ਨਾਵਾਂ ਥਾਂਵਾਂ ਤੋਂ ਕਿਆਫ਼ੇ ਲਾਉਂਦੇ ਹਾਂ। ਫਿਰ ਵੀ ਗੱਲ ਨਾ ਬਣੇ ਤਾਂ ਅਸੀਂ ਪੈੜੂ ਕੁੱਤਿਆਂ ਦੀ ਤਰਾਂ ਖਿਡਾਰੀਆਂ ਬਾਬਤ ਛਪੀਆਂ ਖ਼ਬਰਾਂ ਸੁੰਘਦੇ ਹਾਂ ਕਿ ਸਾਨੂੰ ਖ਼ੁਸ਼ ਹੋਣ ਦਾ ਸਬੱਬ ਮਿਲ ਸਕੇ।
ਮੇਰੇ ਦੋਸਤ ਜਸਕਰਨ ਸਿੰਘ ਨੇ ਲਿਖਿਆ ਕਿ “ਸਾਰੇ ਓਲੰਪਿਕ ਜੇਤੂਆਂ ਅਧਾਰਤ ਛੋਟੇ ਛੋਟੇ ਰਾਸ਼ਟਰਵਾਦ ਭਾਵ ਇਲਾਕਾਵਾਦ, ਧਰਮਵਾਦ, ਨਸਲਵਾਦ, ਜਾਤਵਾਦ, ਗੋਤਵਾਦ ਕੁਝ ਕੁ ਦਿਨਾਂ ‘ਚ ਲੱਭ ਲਏ ਜਾਣਗੇ ਤੇ ਆਪਣੇ ਆਪ ਨੂੰ ਇਹਨਾਂ ਨਾਲ ਜੋੜਕੇ ਮਾਣ ਮਹਿਸੂਸ ਕੀਤਾ ਜਾਵੇਗਾ”।
ਬੰਬੇ ਵਸਦੇ ਇਕ ਸੀਰੀਅਲ ਲੇਖਕ ਦੋਸਤ ਨੇ ਵੱਟਸਅੱਪ ‘ਤੇ ਮੈਨੂੰ ਲੰਬਾ ਚੌੜਾ ਸੁਨੇਹਾ ਘੱਲਿਆ। ਅਖੇ ਉੱਨੀ ਸੌ ਸੱਤਰ ਵਿੱਚ, ਭਾਰਤ ਵਿੱਚ ਹਾਕੀ ਖੇਡਣ ਆਈ, ਪਾਕਿਸਤਾਨੀ ਟੀਮ ਦੇ ਕਪਤਾਨ ਨੇ ਕਿਹਾ ਸੀ “ਜੇ ਭਾਰਤੀ ਟੀਮ ਵਿੱਚ ਜੂੜੇ ਵਾਲ਼ੇ ਅੱਧਿਓਂ ਵੱਧ ਹੋਏ ਤਾਂ ਸਾਡੇ ਜਿੱਤਣ ਦੀ ਕੋਈ ਉਮੀਦ ਨਹੀਂ। ਜੇ ਚਾਰ ਪੰਜ ਹੋਏ ਤਾਂ ਸ਼ਾਇਦ ਅਸੀਂ ਜਿੱਤ ਜਾਈਏ। ਪਰ ਜੇ ਸਿਰਫ਼ ਦੋ ਤਿੰਨ ਜਾਣੇ ਹੋਏ ਤਾਂ ਅਸੀਂ ਹਰ ਹਾਲ ਜਿੱਤਾਂਗੇ।”
ਇਹ ਗੱਲ ਪੜ੍ਹ ਕੇ ਮੈਨੂੰ ਬੜਾ ਕੁਝ ਯਾਦ ਆਇਆ। ਸਾਡੇ ਮੁਲਕ ਵਿੱਚ ਸਮਾਜ ਸ਼ਾਸਤਰ ‘ਤੇ ਹੋਣ ਵਾਲੇ ਸੈਮੀਨਾਰਾਂ ਵਿੱਚ ਪੜ੍ਹਿਆ ਜਾਣ ਵਾਲਾ ਕਿਹੜਾ ਖੋਜ ਪਰਚਾ ਹੈ, ਜਿਹਦੇ ਵਿੱਚ ਬਸਤੀਵਾਦ ਦੇ ਰੋਣੇ ਨਹੀਂ ਰੋਏ ਜਾਂਦੇ ਕਿ ਗੋਰਿਆਂ ਨੇ ਕਿਵੇਂ ਸਾਨੂੰ ਜਾਤੀ ਅਤੇ ਮਜ਼੍ਹਬੀ ਰੂਪ ਵਿੱਚ ਨਿਖੇੜਿਆ, ਪਾੜਿਆ ਤੇ ਲੜਾਇਆ। ਕਿਵੇਂ ਅਸੀਂ ਘੁੱਗ ਵਸਦੇ ਰਸਦੇ ਲੋਕ ਖੱਖੜੀ ਖੱਖੜੀ ਹੋਏ। ਕਿਵੇਂ ਅਸੀਂ ਬਾਲਣ ਬਣੇ ਤੇ ਕਿਵੇਂ ਅਸੀਂ ਉਨ੍ਹਾਂ ਦੀਆਂ ਜੰਗਾਂ ਦੀਆਂ ਭੱਠੀਆਂ ਵਿੱਚ ਝੋਕ ਦਿੱਤੇ ਗਏ ਤੇ ਅਖ਼ੀਰ ਵਿੱਚ ਕਿਵੇਂ ਅਸੀਂ ਭਰਾ ਮਾਰੂ ਦੰਗੇ ਫ਼ਸਾਦ ਹੱਲੇ ਅਤੇ ਰੌਲ਼ਿਆਂ ਸਮੇਂ ਦਸ ਲੱਖ ਇਨਸਾਨੀ ਜਾਨਾਂ ਦਾ ਕਤਲ ਕੀਤਾ। ਅਸੀਂ ਅਜਿਹੇ ਰੁਝਾਨ ਤੋਂ ਤੋਬਾ ਕਰਨ ਦੀ ਬਜਾਏ, ਖੇਡ ਜਗਤ ਵਿੱਚ ਵੀ ਲੈ ਆਏ ਹਾਂ। ਸ਼ਾਇਦ ਇਸੇ ਲਈ ਜੌਰਜ ਔਰਵੈਲ ਨੇ ਖੇਡਾਂ ਨੂੰ ਮਾਰੂ ਜਨੂੰਨ, ਦੁਸ਼ਮਣੀ ਦਾ ਅਮਿੱਟ ਕਾਰਣ ਅਤੇ ਜੰਗ ਦੀ ਮਸ਼ਕ ਦੱਸਿਆ ਹੈ।
ਇਸ ਵਾਰ ਓਲੰਪਿਕ ਵਿਚ ਹਾਕੀ ਖੇਡਿਆ, ਹਾਰਦਿਕ ਸਿੰਘ 2018-19 ਵਿੱਚ ਸਾਡੇ ਕਾਲਜ ਦਾ ਵਿਦਿਆਰਥੀ ਸੀ। ਉਹ ਅਕਸਰ ਪਟਕਾ ਬੰਨ੍ਹਦਾ ਤੇ ਕਦੇ ਕਦੇ ਸੋਹਣੀ ਦਸਤਾਰ ਸਜਾਉਂਦਾ। ਉਦੋਂ ਉਹ ਬੋਟ ਜਿਹਾ ਹੀ ਸੀ। ਪਰ ਉਹਦੇ ਹੱਸਦੇ ਦੰਦ, ਖ਼ੁਸ਼ ਅੱਖਾਂ ਤੇ ਚਿਹਰੇ ਦੀ ਚਮਕ ਵਿੱਚੋਂ ਉਹਦੇ ਅੰਦਰਲੇ ਚਮਤਕਾਰ ਦੀ ਦੱਸ ਪੈਂਦੀ ਸੀ।
ਹੁਣ ਉਹ ਜਿੱਤ ਗਿਆ ਹੈ ਤੇ ਅਸੀਂ ਉਹਦੇ ‘ਤੇ ਮਾਣ ਕਰਦੇ ਹਾਂ, ਪਰ ਉਹ ਸਾਡੇ ‘ਤੇ ਮਾਣ ਨਹੀਂ ਕਰ ਸਕਦਾ। ਕਿਉਂਕਿ ਅਸੀਂ ਉਹਦੇ ਲਈ ਅਜਿਹਾ ਕੁਝ ਵੀ ਨਹੀਂ ਸੀ ਕੀਤਾ ਕਿ ਉਹ ਮਾਣ ਕਰੇ। ਬੇਸ਼ੱਕ ਉਹ ਵਿਸ਼ੇਸ਼ ਅਤੇ ਵੱਖਰਾ ਸੀ। ਪਰ ਅਸੀਂ ਉਹਦੇ ਲਈ ਨਾ ਵਿਸ਼ੇਸ਼ ਸਾਬਤ ਹੋਏ ਨਾ ਵੱਖਰੇ। ਫਿਰ ਉਹ ਤੇ ਅਸੀਂ ਕਾਹਦਾ ਮਾਣ ਕਰੀਏ!
ਵੀਹ ਸੌ ਸੋਲ਼ਾਂ ਦੀ ਰੀਓ ਓਲੰਪਿਕਸ ਵਿਚ ਭਾਰਤੀ ਖਿਡਾਰਨ ਪੀ ਵੀ ਸਿੰਧੂ ਨੇ ਸਪੇਨੀ ਖਿਡਾਰਨ ਕੈਰੋਲਾਈਨਾ ਮੈਰੀਨ ਨਾਲ਼ ਬੈੱਡਮਿੰਟਨ ਖੇਡਦਿਆਂ ਪਹਿਲੀ ਬਾਜ਼ੀ ਜਿੱਤ ਲਈ ਸੀ ਪਰ ਦੂਜੀ ਬਾਜ਼ੀ ਹਾਰ ਗਈ ਤੇ ਇਕ ਦੰਮ ਜ਼ਮੀਨ ‘ਤੇ ਡਿਗ ਪਈ। ਉਹਦਾ ਮੂੰਹ ਅਕਾਸ਼ ਵੱਲ ਸੀ, ਜਿਵੇਂ ਰੱਬ ਨਾਲ਼ ਗਿਲਾ ਕਰ ਰਹੀ ਹੋਵੇ। ਉਹਦਾ ਛਿੱਕਾ ਉਹਦੇ ਹੱਥ ਵਿੱਚ ਹੀ ਰਿਹਾ। ਮੈਰੀਨ ਤੋਂ ਜਿੱਤ ਬਰਦਾਸ਼ਤ ਨਾ ਹੋਈ। ਉਹਨੇ ਆਪਣਾ ਛਿੱਕਾ ਪਰਾਂਹ ਵਗਾਹ ਮਾਰਿਆ ਤੇ ਖ਼ੁਦ ਜ਼ਮੀਨ ‘ਤੇ ਲੇਟ ਗਈ। ਉਹਦਾ ਮੂੰਹ ਪਤਾਲ਼ ਵੱਲ ਸੀ, ਜਿਵੇਂ ਧਰਤੀ ਨੂੰ ਮੁਕੰਮਲ ਚੁੰਮਣ ਦੇ ਰਹੀ ਹੋਵੇ। ਸਿੰਧੂ ਇਕ ਦੰਮ ਉੱਠੀ, ਮੈਰੀਨ ਨੂੰ ਉਠਾਇਆ ਤੇ ਉਹਦਾ ਛਿੱਕਾ ਚੁੱਕਿਆ ਤੇ ਅਦਬ ਨਾਲ਼ ਇਕ ਪਾਸੇ ਰੱਖ ਦਿੱਤਾ। ਬੇਸ਼ੱਕ ਪੀ ਵੀ ਸਿੰਧੂ ਬੈੱਡਮਿੰਟਨ ਵਿੱਚ ਹਾਰ ਗਈ ਸੀ, ਪਰ ਉਹ ਖੇਡ ਦੀ ਤਹਿਜ਼ੀਬ ਅਤੇ ਜਿੱਤ ਹਾਰ ਦੀ ਸੰਵੇਦਨਸ਼ੀਲਤਾ ਵਿੱਚ ਜਿੱਤ ਗਈ। ਇਸੇ ਨੂੰ ਕਹਿੰਦੇ ਹਨ ਸਪੋਰਟਸਮੈਨਸ਼ਿੱਪ।
ਕਿਸੇ ਸੂਫ਼ੀ ਦਰਵੇਸ਼ ਦੇ ਕੌਲ ਮੁਤਾਬਕ “ਜਿੱਤਣ ਦਾ ਮੁੱਲ ਕੌਡੀ ਪੈਂਦਾ ਹਾਰਨ ਦਾ ਮੁੱਲ ਹੀਰਾ”। ਪਰ ਖੇਡ ਮੈਦਾਨ ਵਿੱਚ ਹਰ ਕੋਈ ਜਿੱਤਣ ਲਈ ਜਾਂਦਾ ਹੈ। ਇਸ ਵਾਰ ਟੋਕੀਓ ਓਲੰਪਿਕਸ ਵਿੱਚ ਕਤਰ ਦੇ ਬਾਰਸ਼ਿਮ ਤੇ ਇਟਲੀ ਦੇ ਤਾਂਬੇਰੀ ਨੇ 2.37 ਮੀਟਰ ਉੱਚੀ ਛਾਲ ਮਾਰੀ ਤੇ ਦੋਵੇਂ ਪਹਿਲੇ ਸਥਾਨ ‘ਤੇ ਰਹੇ। ਫਿਰ ਦੋਵਾਂ ਨੂੰ 3-3 ਛਾਲ਼ਾਂ ਹੋਰ ਲਾਉਣ ਨੂੰ ਕਿਹਾ ਗਿਆ। ਕੋਈ ਵੀ ਇਕ ਦੂਜੇ ਨੂੰ ਕੱਟ ਨਾ ਸਕਿਆ ਤੇ ਇਟਲੀ ਦੇ ਤਾਂਬੇਰੀ ਦਾ ਪੈਰ ਜ਼ਖ਼ਮੀ ਹੋ ਗਿਆ। ਪ੍ਰਬੰਧਕਾਂ ਨੇ ਹਾਰ ਜਿੱਤ ਦਾ ਫੈਸਲਾ ਕਰਨ ਲਈ ਦੋ ਦੋ ਹੋਰ ਛਾਲ਼ਾਂ ਮਾਰਨ ਲਈ ਕਿਹਾ ਤਾਂ ਕਤਰ ਦੇ ਬਾਰਸ਼ਿਮ ਨੂੰ ਪਤਾ ਸੀ ਕਿ ਹੁਣ ਇਟਲੀ ਦੇ ਤਾਂਬੇਰੀ ਤੋਂ ਛਾਲ਼ ਨਹੀਂ ਵੱਜਣੀ ਤੇ ਸੋਨ ਤਗਮਾ ਹਰ ਹਾਲ ਉਸੇ ਨੂੰ ਮਿਲਣਾ ਹੈ। ਉਹਨੂੰ ਇਹ ਵੀ ਪਤਾ ਸੀ ਕਿ ਇਹ ਮੌਕਾ ਸਿਰਫ ਤਾਂਬੇਰੀ ਦੇ ਸੱਟ ਲੱਗਣ ਕਾਰਣ ਬਣਿਆ ਹੈ ਤੇ ਇਹ ਤਗਮਾ ਸਿਰਫ ‘ਤੇ ਸਿਰਫ ਮੌਕਾਪ੍ਰਸਤੀ ਦਾ ਇਨਾਮ ਹੋਵੇਗਾ। ਉਹਨੇ ਪੜਤਾਲ਼ ਕੀਤੀ ਕਿ ਜੇ ਉਹ ਵੀ ਛਾਲ਼ ਨਾ ਲਾਵੇ ਫਿਰ ਤਗਮਾ ਦੋਵਾਂ ਨੂੰ ਮਿਲ ਸਕਦਾ ਹੈ ਤੇ ਛਾਲ਼ ਲਾਉਣ ਤੋਂ ਨਾਂਹ ਕਰ ਦਿੱਤੀ। ਸੋਨ ਤਗਮਾ ਕਤਰ ਦੇ ਬਾਰਸ਼ਿਮ ਤੇ ਇਟਲੀ ਦੇ ਤਾਂਬੇਰੀ ਵਿੱਚ ਤਕਸੀਮ ਹੋ ਗਿਆ। ਪਹਿਲਾਂ ਕਿਸੇ ਇਕ ਨੇ ਜਿੱਤਣਾ ਸੀ ਪਰ ਹੁਣ ਦੋਵੇਂ ਜਿੱਤ ਗਏ।
ਵੀਹ ਸੌ ਬਾਰਾਂ ਵਿੱਚ ਸਪੇਨ ਵਿਖੇ ਕਰੌਸ ਕੰਟਰੀ ਰੇਸ ਵਿੱਚ ਸਭ ਤੋਂ ਅੱਗੇ ਦੌੜਦਾ ਕੀਨੀਆਂ ਦਾ ਅਬੇਲ ਮੁਥਾਈ, ਭੁਲੇਖੇ ਨਾਲ਼ ਫਿਨਿਸ਼ ਲਾਈਨ ਤੋਂ ਉਰੇ ਰੁਕ ਗਿਆ ਸੀ। ਪਿੱਛੇ ਆ ਰਹੇ ਸਪੇਨੀ ਦੌੜਾਕ ਇਵਾਨ ਫ਼ਰਨਾਡੇਜ਼ ਨੇ, ਉਹਦੇ ਭੁਲੇਖੇ ਦਾ ਫ਼ਾਇਦਾ ਉਠਾਉਣ ਦੀ ਬਜਾਏ, ਉਹਨੂੰ ਅੱਗੇ ਵਧਣ ਲਈ ਕਿਹਾ, ਪਰ ਉਹਨੂੰ ਪਤਾ ਨਾ ਲੱਗਿਆ, ਕਿਉਂਕਿ ਉਹ ਸਪੈਨਿਸ਼ ਨਹੀਂ ਸੀ ਜਾਣਦਾ; ਉਹਨੂੰ ਇਸ਼ਾਰੇ ਵੀ ਕੀਤੇ, ਪਰ ਉਹ ਸਮਝ ਨਾ ਸਕਿਆ। ਨੇੜੇ ਪੁੱਜਕੇ ਉਹਨੇ ਉਹਦੇ ਹੁੱਝ ਮਾਰੀ ਤਾਂ ਉਹਨੂੰ ਸਮਝ ਆਈ; ਉਹ ਦੌੜ ਪਿਆ ਤੇ ਜਿੱਤ ਗਿਆ। ਪਿੱਛੇ ਰਹੇ ਇਵਾਨ ਫ਼ਰਨਾਡੇਜ਼ ਨੇ ਕਿਹਾ ਕਿ ਉਹ ਅਵੇਲ ਮੁਥਾਈ ਦਾ ਹੱਕ ਨਹੀਂ ਸੀ ਮਾਰਨਾ ਚਾਹੁੰਦਾ ਤੇ ਉਹਦੇ ਭੁਲੇਖੇ ਕਾਰਣ ਜੇ ਉਹ ਜਿੱਤ ਵੀ ਜਾਂਦਾ ਤਾਂ ਉਹਦਾ ਚਿੱਤ ਓਨਾ ਪ੍ਰਸੰਨ ਨਹੀਂ ਸੀ ਹੋਣਾ, ਜਿੰਨਾ ਉਹਦੀ ਮੱਦਦ ਕਰਕੇ ਹੋਇਆ।
ਇਹੀ ਭਾਵ ਗੁਰੂ ਅੰਗਦ ਦੇਵ ਜੀ ਦੀ ਉਸ ਪ੍ਰਸੰਨਤਾ ਦਾ ਸੀ, ਜੋ ਉਹ ਖਾਡੂਰ ਸਾਹਿਬ ਵਿਖੇ ਅਖਾੜੇ ਵਿੱਚ ਘੁਲਣ ਵਾਲੇ ਮੱਲਾਂ ਦੇ ਬਰਾਬਰ ਰਹਿਣ ਅਰਥਾਤ ਅਜਿੱਤ ਹੋਣ ‘ਤੇ ਪ੍ਰਗਟ ਕਰਦੇ ਸਨ। ਸਾਖੀਆਂ ਵਿੱਚ ਅੰਕਤ ਸਿੱਖ ਇਤਿਹਾਸ ਦੀ ਇਸ ਹਕੀਕਤ ਵੱਲ ਕਦੇ ਤਵੱਜੋ ਨਹੀਂ ਦਿੱਤੀ ਗਈ। ਕਿੰਨਾ ਚੰਗਾ ਹੋਵੇ ਜੇ ਅਸੀਂ ਖੇਡ ਸੱਭਿਆਚਾਰ ਜਾਂ ਅਚਾਰ ਵਿਹਾਰ ਨੂੰ ਜਿੱਤ ਹਾਰ ਦੀ ਬਜਾਏ, ਅਜਿੱਤ ਅਤੇ ਬਰਾਬਰੀ ਭਾਵ ਵਿਚ ਦੇਖੀਏ।
ਸੰਪਰਕ: 9417518384