ਚੰਡੀਗੜ੍ਹ : ਬੀਤੀ ਰਾਤ ਪੰਜਾਬ ਵਿੱਚ ਚੱਲੀ ਤੇਜ਼ ਹਨੇਰੀ ਅਤੇ ਮੀਂਹ ਨੇ ਕਣਕ ਦੀ ਫਸਲ ਨੂੰ ਤਬਾਹ ਕਰ ਦਿੱਤਾ ਹੈ। ਬੇਮੌਸਮੇ ਮੀਂਹ ਅਤੇ ਤੇਜ਼ ਹਨ੍ਹੇਰੀ ਦੇ ਕਾਰਨ ਕਣਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਰੁੱਖ ਅਤੇ ਬਿਜਲੀ ਦੇ ਖੰਭੇ ਵੀ ਟੁੱਟ ਗਏ। ਕੁਝ ਥਾਵਾਂ ‘ਤੇ ਬਿਜਲੀ ਲਾਈਨਾਂ ਨੁਕਸਾਨੀਆਂ ਜਾਣ ਦੇ ਨਾਲ ਸਪਲਾਈ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਗਈ ਹੈ। ਤੇਜ਼ ਤੂਫਾਨ ਅਤੇ ਮੀਂਹ ਦੇ ਨਾਲ ਸਭ ਤੋਂ ਵੱਧ ਨੁਕਸਾਨ ਮਾਲਵਾ ਖੇਤਰ ਵਿੱਚ ਹੋਇਆ ਹੈ। ਜਦਕਿ ਮਾਝਾ ਅਤੇ ਦੁਆਬਾ ਖੇਤਰ ਵਿੱਚ ਹਲਕੀ ਬੂੰਦਾਬਾਂਦੀ ਹੋਈ ਹੈ ਅਤੇ ਤੇਜ਼ ਹਵਾਵਾਂ ਚੱਲੀਆਂ ਪਰ ਇਸ ਨਾਲ ਖਡ਼੍ਹੀ ਫਸਲ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ।
ਬਠਿੰਡਾ ਵਿਚ ਖੇਤਾਂ ‘ਚ ਪੱਕੀ ਖੜ੍ਹੀ ਕਣਕ ਦੀ ਫਸਲ ਧਰਤੀ ‘ਤੇ ਵਿਛ ਗਈ। ਝੱਖੜ ਦੇ ਨਾਲ ਬਹੁਤ ਸਾਰੇ ਰੁੱਖ ਟੁੱਟ ਗਏ ਅਤੇ ਬਹੁਤ ਸਾਰੇ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਵੀ ਠੱਪ ਹੋ ਗਈ।
ਬਠਿੰਡਾ, ਮਾਨਸਾ, ਮੁਕਤਸਰ, ਮੋਗਾ, ਫਰੀਦਕੋਟ ਆਦਿ ਜ਼ਿਲ੍ਹਿਆਂ ਦੇ ਵਿੱਚ ਪਿਛਲੀ ਸਵੇਰ ਤੋਂ ਹੀ ਬੱਦਲਵਾਈ ਦਿਖਾਈ ਦਿੱਤੀ ਸੀ। ਮੀਂਹ ਦੇ ਨਾਲ ਨੁਕਸਾਨੀ ਗਈ ਫਸਲ ਨੂੰ ਲੈ ਕੇ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਨੁਕਸਾਨੀ ਗਈ ਫਸਲ ਦੀ ਗਿਰਦਾਵਰੀ ਕਰਵਾ ਕੇ ਜਲਦ ਤੋਂ ਜਲਦ ਮੁਆਵਜ਼ਾ ਰਾਸ਼ੀ ਜਾਰੀ ਕਰੇ ਤਾਂ ਜੋ ਉਨ੍ਹਾਂ ਦੇ ਉਪਰ ਵਾਧੂ ਦਾ ਬੋਝ ਨਾ ਪੈ ਸਕੇ।