ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ
ਕੇਂਦਰ ਵਿਚ ਮੋਦੀ ਸਰਕਾਰ ਆਉਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਜਦੋਂ ਦੇਸ਼ ਦੇ 9 ਵੱਡੇ ਆਗੂਆਂ ਅਤੇ ਮੁੱਖ ਮੰਤਰੀਆਂ ਵੱਲੋਂ ਸਾਂਝੇ ਤੌਰ ’ਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿੱਖ ਕੇ ਕਿਹਾ ਗਿਆ ਹੈ ਕਿ ਕੇਂਦਰੀ ਏੰਜਸੀਆਂ ਵਿਰੋਧੀ ਆਗੂਆਂ ਵਿਰੁੱਧ ਸ਼ਰੇਆਮ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੀਆਂ ਹਨ। ਇਹ ਪੱਤਰ ਲਿੱਖਣ ਵਾਲੇ ਮੁੱਖ ਮੰਤਰੀਆਂ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਸਮੇਤ ਵਿਰੋਧੀ ਧਿਰਾਂ ਦੇ ਕਈ ਵੱਡੇ ਆਗੂ ਸ਼ਾਮਿਲ ਹਨ। ਪੱਤਰ ਵਿਚ ਸਮਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੀਆਂ ਵਿਰੋਧੀ ਸਰਕਾਰਾਂ ਨੂੰ ਡਰਾਉਣ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਵਿਰੋਧੀ ਸਰਕਾਰਾਂ ਵਾਲੇ ਰਾਜਾਂ ਵਿਚ ਰਾਜਪਾਲਾਂ ਵੱਲੋਂ ਕੇਂਦਰ ਦੇ ਕਹਿਣ ਉਪਰ ਸਰਕਾਰੀ ਮਾਮਲਿਆਂ ਵਿਚ ਸਿੱਧੇ ਤੌਰ ’ਤੇ ਦਖ਼ਲ ਦਿੱਤਾ ਜਾ ਰਿਹਾ ਹੈ। ਇਹ ਕਿਹਾ ਗਿਆ ਹੈ ਕਿ ਕੇਂਦਰ ਦੀਆਂ ਅਜਿਹੀਆਂ ਕਾਰਵਾਈਆਂ ਦੇਸ਼ ਦੀ ਜਮਹੂਰੀਅਤ ਲਈ ਸਿੱਧੇ ਤੌਰ ’ਤੇ ਖਤਰਾ ਹਨ। ਇਸ ਸਥਿਤੀ ਵਿਚ ਅਹਿਮ ਗੱਲ ਇਹ ਵੀ ਹੈ ਕਿ ਕਾਂਗਰਸ ਦੇ ਪੁਰਾਣੇ ਨੇਤਾ ਕਪਿਲ ਸਿੱਬਲ ਵੱਲੋਂ ਕੇਂਦਰ ਵਿਰੁੱਧ ਇਨਸਾਫ਼ ਮੰਚ ਕਾਇਮ ਕੀਤਾ ਗਿਆ ਹੈ। ਸਿੱਬਲ ਨੇ ਇਸ ਮੰਚ ਲਈ ਸਾਰੀਆਂ ਵਿਰੋਧੀ ਧਿਰਾਂ ਦੀ ਹਮਾਇਤ ਮੰਗੀ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਹਿਲੇ ਵੱਡੇ ਨੇਤਾ ਹਨ ਜਿਹਨਾਂ ਨੇ ਫੌਰੀ ਤੌਰ ’ਤੇ ਇਸ ਮੰਚ ਦੀ ਹਮਾਇਤ ਕੀਤੀ ਹੈ। ਕੇਜਰੀਵਾਲ ਨੇ ਇਹ ਵੀ ਆਖਿਆ ਹੈ ਕਿ ਉਹ ਇਸ ਮੰਚ ਲਈ ਹੋਰਾਂ ਆਗੂਆਂ ਨੂੰ ਵੀ ਹਮਾਇਤ ਦੇਣ ਲਈ ਕਹਿਣਗੇ। ਇਸ ਤਰ੍ਹਾਂ ਲੱਗਦਾ ਹੈ ਕਿ 2024 ਦੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਪੱਤਰ ਲਿੱਖਣ ਵਾਲੇ ਆਗੂ ਮੋਦੀ ਸਰਕਾਰ ਵਿਰੁੱਧ ਇੱਕ ਸਾਂਝਾ ਫਰੰਟ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਕੇਜਰੀਵਾਲ ਦੇ ਸਭ ਤੋਂ ਨਜ਼ਦੀਕੀ ਸਾਥੀ ਮਨੀਸ਼ ਸਿਸੋਦੀਆ ਵਿਰੁੱਧ ਸੀ.ਬੀ.ਆਈ ਦੀ ਕਾਰਵਾਈ ਤੋਂ ਫੌਰੀ ਬਾਅਦ ਲਿੱਖੇ ਇਹ ਪੱਤਰ ਨਾਲ ਇਹ ਪ੍ਰਭਾਵ ਵੀ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਮੋਦੀ ਦੀ ਇਸ ਧੱਕੇਸ਼ਾਹੀ ਦਾ ਦੂਜੀਆਂ ਵਿਰੋਧੀ ਧਿਰਾਂ ਨੂੰ ਇਕੱਠਾ ਕਰਕੇ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ।
ਕੇਵਲ ਅਜਿਹਾ ਨਹੀਂ ਹੈ ਕਿ ਪੱਤਰ ਲਿੱਖਣ ਵਾਲੇ 9 ਆਗੂਆਂ ਦੇ ਨਾਲ ਵਿਰੋਧੀ ਧਿਰ ਦਾ ਏਕਾ ਮੁਕੰਮਲ ਹੋ ਜਾਂਦਾ ਹੈ। ਅਜੇ ਵੀ ਦੇਸ਼ ਦੀ ਕੌਮੀ ਪੱਧਰ ’ਤੇ ਮੁੱਖ ਵਿਰੋਧੀ ਧਿਰ ਵਜੋਂ ਜਾਣੀ ਜਾਂਦੀ ਕਾਂਗਰਸ ਪਾਰਟੀ ਪੱਤਰ ਉਤੇ ਦਸਤਖ਼ਤ ਕਰਨ ਵਾਲਿਆਂ ਵਿਚ ਸ਼ਾਮਿਲ ਨਹੀਂ ਹੈ। ਇਸੇ ਤਰ੍ਹਾਂ DMK ਅਤੇ ਖੱਬੀਆਂ ਧਿਰਾਂ ਵੀ ਇਸ ਪੱਤਰ ਦੀ ਨੀਤੀ ਤੋਂ ਬਾਹਰ ਹਨ। ਇਸ ਤਰ੍ਹਾਂ ਕੇਜਰੀਵਾਲ ਅਤੇ ਉਸ ਦੇ ਸਾਥੀਆਂ ਵੱਲੋਂ ਕੇਂਦਰੀ ਏੰਜਸੀਆਂ ਦੀ ਧੱਕੇਸ਼ਾਹੀ ਵਿਰੁੱਧ ਫਰੰਟ ਖੜਾ ਕਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਹੈ ਪਰ ਆਪਣੇ ਆਪ ਵਿਚ ਇਹ ਕਾਰਵਾਈ ਮੁਕੰਮਲ ਨਹੀਂ ਹੈ। ਅਕਸਰ ਇਹ ਕਿਹਾ ਜਾਂਦਾ ਹੈ ਕਿ ਇਸ ਵੇਲੇ ਦੇਸ਼ ਅੰਦਰ ਭਾਜਪਾ ਸਭ ਤੋਂ ਸ਼ਕਤੀਸ਼ਾਲੀ ਪਾਰਟੀ ਹੈ। ਭਾਜਪਾ ਵੱਲੋਂ 2024 ਦੀਆਂ ਪਾਰਲੀਮੈਂਟ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਮਜਬੂਤ ਪਾਰਟੀ ਦਾ ਟਾਕਰਾ ਵਿਰੋਧੀ ਪਾਰਟੀਆਂ ਇਕੱਠੇ ਹੋ ਕੇ ਕਰਨ ਦੀ ਸਮਰਥਾ ਦਾ ਦਾਅਵਾ ਤਾਂ ਪੇਸ਼ ਕਰ ਸਕਦੀਆਂ ਹਨ ਪਰ ਜੇਕਰ ਇਹ ਧਿਰਾਂ ਆਪੋ-ਆਪਣੇ ਖੇਮਿਆਂ ਵਿਚ ਵੰਡੀਆਂ ਰਹਿਣਗੀਆਂ ਤਾਂ ਭਾਜਪਾ ਦਾ ਮੁਕਾਬਲਾ ਐਨਾਂ ਸੌਖਾ ਨਹੀਂ ਹੈ। ਪਿਛਲੇ ਦਿਨਾਂ ਵਿਚ ਆਏ ਤਿੰਨ ਸੂਬਿਆਂ ਦੇ ਨਤੀਜੇ ਵੀ ਇਹ ਦੱਸਦੇ ਹਨ ਕਿ ਭਾਜਪਾ ਅੱਜ ਦੀ ਸਥਿਤੀ ਵਿਚ ਸਭ ਤੋਂ ਮਜਬੂਤ ਰਾਜਸੀ ਧਿਰ ਹੈ। ਇਸ ਲਈ ਆਉਣ ਵਾਲੇ ਸਮੇਂ ਵਿਚ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਸੂਬਿਆਂ ਵਿਚ ਆਉਣ ਵਾਲੀਆਂ ਚੋਣਾਂ ਅੰਦਰ ਵਿਰੋਧੀ ਧਿਰ ਨੂੰ ਆਪਣੀ ਮਜਬੂਤ ਸ਼ਕਤੀ ਵਖਾਉਣਾ ਆਪਣੇ ਆਪ ਵਿਚ ਇੱਕ ਵੱਡੀ ਚੁਣੌਤੀ ਹੈ।
ਬੇਸ਼ੱਕ ਜਦੋਂ ਵਿਰੋਧੀ ਧਿਰਾਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਧੱਕੇਸ਼ਾਹੀ ਅਤੇ ਤਾਨਾਸ਼ਾਹੀ ਦੀ ਗੱਲ ਕਰਦੀਆਂ ਹਨ ਤਾਂ ਇਹਨਾਂ ਦੀ ਬੋਲੀ ਤਕਰੀਬਨ ਇੱਕੋ-ਜਿਹੀ ਹੁੰਦੀ ਹੈ ਪਰ ਇਕੱਠੇ ਹੋਣ ਦੇ ਮਾਮਲੇ ’ਤੇ ਬੋਲੀ ਦੀ ਇੱਕਸੁਰਤਾ ਨਜ਼ਰ ਨਹੀਂ ਆਉਂਦੀ। ਮਸਾਲ ਵਜੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਪਿਛਲੇ ਦਿਨਾਂ ਤੋਂ ਲਗਾਤਾਰ ਇਹ ਆਖ਼ ਰਹੇ ਹਨ ਕਿ ਮੋਦੀ ਦੀਆਂ ਨੀਤੀਆਂ ਦੇਸ਼ ਦੀ ਜਮਹੂਰੀਅਤ ਲਈ ਬਹੁਤ ਵੱਡਾ ਖਤਰਾ ਹਨ। ਇਹ ਵੀ ਕਿਹਾ ਗਿਆ ਹੈ ਕਿ ਭਾਜਪਾ ਦੇਸ਼ ਦੇ ਲੋਕਾਂ ਦਾ ਮੁੰਹ ਬੰਦ ਕਰਾ ਕੇ ਕੁੱਝ ਗਿਣੇ-ਚੁਣੇ ਲੋਕਾਂ ਨੂੰ ਫਾਇਦਾ ਦੇਣ ਦੀ ਨੀਤੀ ਉਪਰ ਚੱਲ ਰਹੀ ਹੈ। ਇਸੇ ਤਰ੍ਹਾਂ ਕਾਂਗਰਸ ਦੇ ਮੌਜੂਦਾ ਪ੍ਰਧਾਨ ਖੜਗੇ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਮੋਦੀ ਨੂੰ ਪਾਰਲੀਮੈਂਟ ਚੋਣਾਂ ਵਿਚ ਹਰਾਉਣ ਲਈ ਵਿਰੋਧੀ ਧਿਰਾਂ ਨੂੰ ਇਕੱਠਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਆਗੂਆਂ ਦੇ ਬਿਆਨ ਜ਼ਮੀਨੀ ਹਕੀਕਤਾਂ ਨਾਲ ਕਿਨਾਂ ਮੇਲ ਖਾਂਦੇ ਹਨ।