ਸੰਗਰੂਰ: ਪੰਜਾਬ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੰਦੋਲਨਾਂ ਦੌਰਾਨ ਕਈ ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਕਿਸਾਨਾਂ ਦੀ ਧਰਨਾ ਪ੍ਰਦਰਸ਼ਨ ਦੀ ਥਾਂ ਤੇ ਹਾਰਟ ਅਟੈਕ ਹੋਣ ਕਾਰਨ ਮੌਤ ਹੋਈ ਹੈ। ਜਿਸ ‘ਤੇ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੂੰ ਇਕ ਮੰਗ ਕੀਤੀ ਹੈ।
ਵਿਰੋਧੀ ਧਿਰ ਲੀਡਰ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਜਾਨਾਂ ਗਵਾ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਦੱਸ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਅਨੁਸਾਰ ਨੌਕਰੀ ਵੀ ਦਿੱਤੀ ਜਾਵੇ।
ਇਸ ਤੋਂ ਇਲਾਵਾ ਹਰਪਾਲ ਚੀਮਾ ਨੇ ਕਿਹਾ ਕਿ ਖੇਤੀ ਕਾਨੂੰਨ ਲਾਗੂ ਹੋਣ ਨਾਲ ਸਿਰਫ ਕਿਸਾਨ ਹੀ ਨਹੀਂ ਬਰਬਾਦ ਹੋਵੇਗਾ ਬਲਕਿ ਇਸ ਨਾਲ ਸੂਬੇ ਦਾ ਹਰ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਇਸ ਦੀ ਲਪੇਟ ਵਿਚ ਮਜ਼ਦੂਰ, ਛੋਟੇ-ਵੱਡੇ ਵਪਾਰੀ, ਆੜ੍ਹਤੀਏ ਵੀ ਬਰਬਾਦ ਹੋ ਜਾਣਗੇ। ਹਰਪਾਲ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਜਲਦ ਤੋਂ ਜਲਦ ਸਰਕਾਰ ਮੁਆਵਜ਼ਾ ਦੇਵੇ।