ਮੋਦੀ ਅਤੇ ਜਾਖੜ ਦੀ ਮੁਲਾਕਾਤ ਲਿਆਏਗੀ ਰੰਗ!

Global Team
3 Min Read

ਜਗਤਾਰ ਸਿੰਘ ਸਿੱਧੂ;

ਭਾਜਪਾ ਪੰਜਾਬ ਦੇ ਪ੍ਰਧਾਨ ਅਤੇ ਸੂਬੇ ਦੀ ਰਾਜਨੀਤੀ ਦੇ ਹੰਢੇ ਹੋਏ ਆਗੂ ਸੁਨੀਲ ਜਾਖੜ ਨੇ ਕਿਸਾਨੀ ਮੁੱਦੇ ਸਮੇਤ ਪੰਜਾਬ ਦੇ ਮਸਲਿਆਂ ਦਾ ਹਾਂ ਪੱਖੀ ਹੱਲ ਲੱਭਣ ਲਈ ਲੰਮੀ ਪੁਲਾਂਘ ਪੁੱਟੀ ਹੈ। ਭਾਜਪਾ ਆਗੂ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖੇਤੀਬਾੜੀ ਕੇਂਦਰੀ ਮੰਤਰੀ ਸ਼ਿਵ ਰਾਜ ਚੌਹਾਨ, ਕੇਂਦਰੀ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਅਤੇ ਕੁਝ ਹੋਰ ਕੇਂਦਰੀ ਆਗੂਆਂ ਅਤੇ ਮੰਤਰੀਆਂ ਨਾਲ ਇਨਾਂ ਦਿਨਾਂ ਵਿੱਚ ਲਗਾਤਾਰ ਮੁਲਾਕਾਤਾਂ ਕੀਤੀਆਂ ਹਨ। ਇਹ ਮੁਲਾਕਾਤਾਂ ਉਸ ਵੇਲੇ ਹੋਈਆਂ ਹਨ ਜਦੋਂ ਪੰਜਾਬ ਕਈ ਵੱਡੇ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਕਿਸਾਨ ਜਥੇਬੰਦੀਆਂ ਆਪਣੀਆਂ ਅਹਿਮ ਮੰਗਾਂ ਨੂੰ ਲੈ ਕੇ ਅੰਦੋਲਨ ਦੇ ਰਾਹ ਉਤੇ ਹਨ।

ਭਾਜਪਾ ਆਗੂ ਸੁਨੀਲ ਜਾਖੜ ਦੀਆਂ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਨੂੰ ਵੇਖਿਆ ਜਾਵੇ ਤਾਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਮੁੱਦਿਆਂ ਉੱਤੇ ਅੱਜ ਤੱਕ ਪੰਜਾਬ ਦੇ ਕਿਸੇ ਭਾਜਪਾ ਆਗੂ ਨੇ ਐਨਾ ਵੱਡਾ ਉਪਰਾਲਾ ਨਹੀਂ ਕੀਤਾ ਅਤੇ ਨਾ ਇਸ ਤਰ੍ਹਾਂ ਆਹਮੋ ਸਾਹਮਣੇ ਗੱਲ ਹੋਈ ਹੈ। ਬੇਸ਼ਕ ਮੀਡੀਆ ਵਿੱਚ ਕਈ ਹੋਰ ਭਾਜਪਾ ਆਗੂ ਵੀ ਕਿਸਾਨਾਂ ਸਮੇਤ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਰਹਿੰਦੇ ਹਨ ਪਰ ਉਹ ਮਾਮਲਾ ਮੀਡੀਆ ਦੀਆਂ ਸੁਰਖੀਆਂ ਤੱਕ ਹੀ ਸਿਮਟ ਕੇ ਰਹਿ ਜਾਂਦਾ ਹੈ। ਸੁਨੀਲ ਜਾਖੜ ਨੂੰ ਇਹ ਮਾਣ ਤਾਂ ਜਾਂਦਾ ਹੈ ਕਿ ਉਨਾ ਮੀਡੀਆ ਵਿੱਚ ਗੱਲਬਾਤ ਕਰਨ ਦਾ ਸਿਹਰਾ ਲੈਣ ਤੋਂ ਪਹਿਲਾਂ ਮੁਲਾਕਾਤਾਂ ਕਰਕੇ ਪੰਜਾਬ ਅਤੇ ਸੂਬੇ ਨਾਲ ਜੁੜੇ ਮੁੱਦਿਆਂ ਨੂੰ ਸੰਜੀਦਗੀ ਨਾਲ ਕੇਂਦਰ ਕੋਲ ਉਠਾਇਆ ਹੈ । ਹਾਲਾਂਕਿ ਕਿ ਉਨਾਂ ਨੇ ਮੁਲਾਕਾਤਾਂ ਬਾਰੇ ਮੀਡੀਆ ਨੂੰ ਕੋਈ ਜਾਣਕਾਰੀ ਤਾਂ ਨਹੀਂ ਦਿੱਤੀ ਪਰ ਜਾਖੜ ਦੇ ਸ਼ਬਦਾਂ ਵਿੱਚ ਹੀ ਕਿਹਾ ਜਾ ਸਕਦਾ ਹੈ ਕਿ ਸਾਹਿਬ ਕੋਈ ਐਨਾ ਅਣਜਾਣ ਵੀ ਨਹੀਂ ਹੁੰਦਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਜਾਖੜ ਦੀ ਮੁਲਾਕਾਤ ਦੇ ਮਾਇਨੇ ਵੀ ਨਾ ਸਮਝੇ। ਖਾਸ ਤੌਰ ਤੇ ਕੇਂਦਰੀ ਖੇਤੀ ਮੰਤਰੀ ਨਾਲ ਮੁਲਾਕਾਤ ਹੋਰ ਵੀ ਇਕ ਸਪੱਸ਼ਟ ਸੁਨੇਹਾ ਹੈ।

ਜਾਖੜ ਕੇਵਲ ਰਾਜਸੀ ਨੇਤਾ ਹੀ ਨਹੀਂ ਸਗੋਂ ਕਿੱਤੇ ਵਜੋਂ ਕਿਸਾਨ ਵੀ ਹਨ। ਉਹ ਜਦੋਂ ਵਿਰੋਧੀ ਧਿਰ ਦੇ ਨੇਤਾ ਸਨ ਤਾਂ ਪੰਜਾਬ ਵਿਧਾਨ ਸਭਾ ਵਿੱਚ ਕਿਸਾਨੀ ਮੁੱਦੇ ਉਪਰ ਗੱਲ ਕਰਦੇ ਤਾਂ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਆਪਣੇ ਸਾਥੀਆਂ ਨੂੰ ਆਖਦੇ ਅਕਸਰ ਸੁਣੇ ਜਾਂਦੇ ਸਨ ਕਿ ਜਾਖੜ ਸਾਹਿਬ ਬੋਲ ਰਹੇ ਅਤੇ ਕੋਈ ਟੋਕਾ ਟਾਕੀ ਨਾ ਕਰੇ। ਇਸ ਕੱਦ ਦੇ ਨੇਤਾ ਨੂੰ ਜਦੋ ਆਪਣੀ ਪਾਰਟੀ ( ਕਾਂਗਰਸ) ਹੀ ਸੁਨਣ ਤੋਂ ਇਨਕਾਰੀ ਹੋ ਗਈ ਅਤੇ ਹੁਣ ਨਵੀਆਂ ਪ੍ਰਸਥਿਤੀਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਜਾਖੜ ਦੀ ਗੱਲ ਸੁਣ ਰਹੇ ਹੋਣ ਤਾਂ ਮੀਟਿੰਗ ਦੀ ਗੰਭੀਰਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕਿਧਰੇ ਮਰਹੂਮ ਮੁੱਖ ਮੰਤਰੀ ਬਾਦਲ ਅਤੇ ਮੋਦੀ ਵਿਚਕਾਰ ਸਮਝ ਦੀ ਤਾਰ ਤਾਂ ਮਿਲਦੀ ਸੀ। ਜਾਖੜ ਅਤੇ ਮੋਦੀ ਦੀ ਮੁਲਾਕਾਤ ਬਾਦਲ ਦੇ ਵਾਰਸਾਂ ਅਤੇ ਕਾਂਗਰਸ ਲਈ ਵੀ ਸੁਨੇਹਾ ਹੈ ਕਿ ਨੇਤਾ ਰਾਤੋ ਰਾਤ ਪੈਦਾ ਨਹੀਂ ਹੁੰਦੇ।
ਹੁਣ ਨਜ਼ਰਾਂ ਇਸ ਜੋੜੀ ਦੀ ਮੁਲਾਕਾਤ ਤੇ ਬਣੇ ਰਹਿਣਾ ਸੁਭਾਵਿਕ ਹੈ।

ਸੰਪਰਕ 9814002186

Share This Article
Leave a Comment