ਚੰਡੀਗੜ੍ਹ: ਕਾਲੇ ਕਾਨੂੰਨਾਂ ਦੀ ਵਾਪਸੀ ਲਈ ਟਿਕਰੀ ਬਾਡਰ ਦਿੱਲੀ ਅਤੇ ਪੰਜਾਬ ਵਿੱਚ 40 ਥਾਂਈਂ ਜ਼ਬਰਦਸਤ ਲਾਮਬੰਦੀਆਂ ਵਾਲੇ ਧਰਨਿਆਂ ਦੇ ਚਲਦਿਆਂ ਭਲਕੇ ਦਿੱਲੀ ਵਿਖੇ ਖੁਦਕੁਸ਼ੀ ਪੀੜਤ ਕਿਸਾਨ ਮਜਦੂਰ ਪ੍ਰਵਾਰਾਂ ਦੇ ਦੁੱਖਾਂ ਦਰਦਾਂ ਦੀ ਦਾਸਤਾਂ ਦੁਨੀਆਂ ਸਾਂਹਵੇਂ ਪੇਸ਼ ਕਰਨ ਲਈ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਉਲੀਕੇ ਗਏ ਪਰੋਗ੍ਰਾਮ ‘ਚ ਸ਼ਾਮਲ ਹੋਣ ਲਈ ਵੱਖ ਵੱਖ ਜਿਲ੍ਹਿਆਂ ਤੋਂ ਪੀੜਤ ਔਰਤਾਂ ਦੇ ਕਾਫਲੇ ਅੱਜ ਹੀ ਦਿੱਲੀ ਲਈ ਰਵਾਨਾ ਹੋ ਗਏ ਹਨ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹੁਣ ਤੱਕ ਹਾਸਲ ਜਾਣਕਾਰੀ ਮੁਤਾਬਕ ਜਿਲ੍ਹਾ ਸੰਗਰੂਰ ਤੋਂ 6 ਬੱਸਾਂ, ਮਾਨਸਾ ਤੋਂ 2 ਬੱਸਾਂ , ਬਠਿੰਡਾ ਤੋਂ 3 ਬੱਸਾਂ 2 ਟਰਾਲੀਆਂ, ਬਰਨਾਲਾ ਤੋਂ 2 ਬੱਸਾਂ, ਮੋਗਾ ਅਤੇ ਪਟਿਆਲਾ ਤੋਂ 1-1 ਬੱਸ ਰਵਾਨਾ ਹੋ ਚੁੱਕੀਆਂ ਹਨ।
ਇਸ ਤੋਂ ਇਲਾਵਾ ਰਾਤੀਂ ਚਲਦੀਆਂ ਰੇਲ ਗੱਡੀਆਂ ਰਾਹੀਂ ਵੀ ਅਤੇ ਛੋਟੇ ਤੇਜ ਵਹੀਕਲਾਂ ਰਾਹੀਂ ਵੀ ਕਾਫੀ ਗਿਣਤੀ ਜਾਵੇਗੀ। ਕਿਸਾਨ ਆਗੂ ਅਨੁਸਾਰ ਸਾਰੇ ਪਿੰਡਾਂ ਸ਼ਹਿਰਾਂ ਤੋਂ ਕਿਸਾਨਾਂ ਮਜਦੂਰਾਂ ਤੇ ਆਮ ਲੋਕਾਂ ਅੰਦਰ ਮੋਦੀ ਭਾਜਪਾ ਸਰਕਾਰ ਦੇ ਲੋਕ- ਵਿਰੋਧੀ ਕਾਰਪੋਰੇਟ- ਪੱਖੀ ਹੰਕਾਰੀ ਵਤੀਰੇ ਵਿਰੁੱਧ ਵਿਆਪਕ ਰੋਹ ਆਏ ਦਿਨ ਹੋਰ ਪ੍ਰਚੰਡ ਹੁੰਦੇ ਜਾਣ ਦੀਆਂ ਰਿਪੋਰਟਾਂ ਧੜਾ ਧੜ ਆ ਰਹੀਆਂ ਹਨ।
ਅੱਜ ਦੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਅਮਰਜੀਤ ਸਿੰਘ ਸੈਦੋਕੇ, ਹਰਦੀਪ ਸਿੰਘ ਟੱਲੇਵਾਲ, ਅਮਰੀਕ ਸਿੰਘ ਗੰਢੂਆਂ, ਇੰਦਰਜੀਤ ਸਿੰਘ ਝੱਬਰ ਆਦਿ ਸ਼ਾਮਲ ਸਨ। ਬੁਲਾਰਿਆਂ ਵੱਲੋਂ ਸਮੂਹ ਕਿਸਾਨਾਂ ਮਜਦੂਰਾਂ ਤੇ ਕਿਰਤੀ ਕਾਮੇ ਲੋਕਾਂ ਨੂੰ ਆਪਣੀਆਂ ਜਮੀਨਾਂ ਤੇ ਰੋਜ਼ੀ ਰੋਟੀ ਦੀ ਸੁਰੱਖਿਆ ਲਈ ਲਾਮਬੰਦ ਹੋ ਕੇ ਪ੍ਰਵਾਰਾਂ ਸਮੇਤ ਮੌਜੂਦਾ ਫੈਸਲਾਕੁੰਨ ਘੋਲ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।