ਮੁੰਬਈ : ਮਸ਼ਹੂਰ ਸਿਆਸਤਦਾਨ ਬਾਬਾ ਸਿੱਦੀਕੀ ਦੇ ਕਤਲ ਦਾ ਸਿੱਧਾ ਸਬੰਧ ਲਾਰੈਂਸ ਬਿਸ਼ਨੋਈ ਦੇ ਗੈਂਗ ਨਾਲ ਹੈ। ਮੁੰਬਈ ਪੁਲਿਸ ਨੇ ਅਦਾਲਤ ਵਿੱਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਇਸ ਕਤਲ ਵਿੱਚ ਬਿਸ਼ਨੋਈ ਗੈਂਗ ਦੀ ਸ਼ਮੂਲੀਅਤ ਦੇ ਸਬੂਤ ਮਿਲੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਸਾਰਿਆਂ ਦੀਆਂ ਵੱਖ-ਵੱਖ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਸਨ। ਸ਼ੂਟਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਿਰਫ ਲਾਰੈਂਸ ਗੈਂਗ ਵੱਲੋਂ ਟਾਰਗੇਟ ਦੱਸੇ ਗਏ ਸਨ। ਕਿਸੇ ਨੂੰ ਨਹੀਂ ਪਤਾ ਕਿ ਕਤਲ ਦਾ ਹੁਕਮ ਕਿਸ ਨੇ ਦਿੱਤਾ ਸੀ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਗੈਂਗ ਕਾਨੂੰਨ ਵਿਵਸਥਾ ਨੂੰ ਕਮਜ਼ੋਰ ਕਰਨ ਦੇ ਨਾਲ-ਨਾਲ ਪੁਲਿਸ ਵਿਭਾਗ ਲਈ ਵੱਡੀ ਚੁਣੌਤੀ ਬਣ ਰਿਹਾ ਹੈ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਲਾਰੈਂਸ ਨੂੰ ਹਿਰਾਸਤ ‘ਚ ਲੈ ਕੇ ਸਖਤੀ ਨਾਲ ਪੁੱਛਗਿੱਛ ਕਰਨਾ ਚਾਹੁੰਦੀ ਹੈ। ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ‘ਚ ਵੀ ਲਾਰੈਂਸ ਦਾ ਨਾਮ ਆਇਆ ਸੀ। ਉਦੋਂ ਤੋਂ ਪੁਲਿਸ ਲਾਰੈਂਸ ਦੀ ਹਿਰਾਸਤ ਦੀ ਮੰਗ ਕਰ ਰਹੀ ਹੈ ਪਰ ਮੁੰਬਈ ਪੁਲਿਸ ਲਈ ਉਸ ਨੂੰ ਹਿਰਾਸਤ ‘ਚ ਲੈਣਾ ਆਸਾਨ ਨਹੀਂ ਹੈ ਕਿਉਂਕਿ ਗ੍ਰਹਿ ਮੰਤਰਾਲੇ ਦੇ ਹੁਕਮਾਂ ‘ਚ ਰੁਕਾਵਟ ਆ ਰਹੀ ਹੈ।
ਗ੍ਰਹਿ ਮੰਤਰਾਲੇ ਵੱਲੋਂ ਪਿਛਲੇ ਸਾਲ ਧਾਰਾ 268 (1) ਤਹਿਤ ਜਾਰੀ ਹੁਕਮਾਂ ਕਾਰਨ ਅਧਿਕਾਰੀਆਂ ਨੂੰ ਸਾਬਰਮਤੀ ਜੇਲ੍ਹ ਤੋਂ ਉਹਨਾਂ ਦੀ ਕਸਟਡੀ ਹਾਸਲ ਕਰਨ ‘ਚ ਅੜਚਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਧਾਰਾ ਰਾਜ ਸਰਕਾਰ ਨੂੰ ਇਹ ਨਿਰਦੇਸ਼ ਦੇਣ ਦੀ ਇਜਾਜ਼ਤ ਦਿੰਦੀ ਹੈ ਕਿ ਕਿਸੇ ਵੀ ਵਿਅਕਤੀ ਜਾਂ ਵਰਗ ਨੂੰ ਜੇਲ੍ਹ ਵਿੱਚੋਂ ਨਹੀਂ ਕੱਢਿਆ ਜਾਵੇਗਾ ਜੋ ਧਾਰਾ 267 ਦੇ ਤਹਿਤ ਦਿੱਤੇ ਗਏ ਕਿਸੇ ਵੀ ਹੁਕਮ ਦੀ ਉਲੰਘਣਾ ਕਰਾ ਹੈ।
ਜੇਲ੍ਹ ਵਿੱਚ ਜਾ ਕੇ ਹੀ ਕੀਤੀ ਜਾ ਸਕਦੀ ਹੈ ਪੁੱਛਗਿੱਛ
ਸੀਆਰਪੀਸੀ 268 ਦੇ ਤਹਿਤ ਪਹਿਲਾ ਆਰਡਰ 30 ਅਗਸਤ 2023 ਨੂੰ ਦਿੱਤਾ ਗਿਆ ਸੀ। ਉਸ ਹੁਕਮ ਮੁਤਾਬਕ ਕੋਈ ਵੀ ਏਜੰਸੀ ਜਾਂ ਸੂਬਾ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਇਕ ਸਾਲ ਲਈ ਹਿਰਾਸਤ ਵਿਚ ਨਹੀਂ ਲੈ ਸਕਦੀ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਲਾਰੈਂਸ ਨੂੰ ਜੇਲ੍ਹ ਤੋਂ ਲੈ ਕੇ ਆਉਣ ਸਮੇਂ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਬਿਸ਼ਨੋਈ ਹੁਣ ਗੁਜਰਾਤ ਦੀ ਸਾਬਰਮਤੀ ਜੇਲ ‘ਚ ਬੰਦ ਹੈ, ਏਜੰਸੀ ਜਾਂ ਪੁਲਿਸ ਸਾਬਰਮਤੀ ਜੇਲ੍ਹ ‘ਚ ਜਾ ਕੇ ਹੀ ਉਸ ਤੋਂ ਪੁੱਛਗਿੱਛ ਕਰ ਸਕਦੀ ਹੈ। ਸੂਤਰਾਂ ਮੁਤਾਬਕ ਉਹਨਾਂ ਹੁਕਮ ਨੂੰ ਇਕ ਸਾਲ ਲਈ ਹੋਰ ਵਧਾ ਦਿੱਤਾ ਗਿਆ ਹੈ, ਇਸ ਲਈ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਹੁਣ ਮੁੰਬਈ ਪੁਲਸ ਲਾਰੈਂਸ ਨੂੰ ਹਿਰਾਸਤ ‘ਚ ਨਹੀਂ ਲੈ ਸਕੇਗੀ।