Breaking News

ਕਿਉਂ ਆਪਣਾ ਪਿੰਡ ਹੀ ਚੰਗਾ ਲੱਗਣੋਂ ਹਟ ਗਿਆ ਪੰਜਾਬ ਦੇ ਨੌਜਵਾਨਾਂ ਨੂੰ ?

-ਖੇਡਾਂ ,ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ,ਵਿਰਸੇ ਅਤੇ ਇਤਿਹਾਸ ਦੇ ਗਿਆਨ ਤੋਂ ਹੁਣ ਕੋਹਾਂ ਦੂਰ ਹੈ ਪੰਜਾਬ ਦੀ ਜਵਾਨੀ

ਇੱਕ ਵਕਤ ਸੀ ਕਿ ਪੰਜਾਬ ਦੇ ਪਿੰਡਾਂ ਨੂੰ ਦੁਨੀਆ ਦਾ ਸਵਰਗ ਮੰਨਿਆ ਜਾਂਦਾ ਸੀ ਲੋਕਾਂ ਦੇ ਸੰਸਕਾਰ , ਸੱਭਿਆਚਾਰ ਦੀਆਂ ਕਦਰਾਂ ਕੀਮਤਾਂ, ਪੰਜਾਬੀਆਂ ਦੀ ਬਹਾਦਰੀ , ਖੇਡਾਂ ਦੀ ਦੁਨੀਆਂ ਵਿੱਚ ਇੱਕ ਵਿਲੱਖਣ ਪਹਿਚਾਣ, ਸਿੱਖਿਆ ਦੇ ਖੇਤਰ ਵਿੱਚ ਪੰਜਾਬ ਮੋਹਰੀ ਸੂਬਾ , ਦੇਸ਼ ਦੀਆਂ ਜੰਗਾਂ ਵਿੱਚ ਸਿੱਖਾਂ ਦੀ ਦਲੇਰੀ ਦੇ ਕਿੱਸੇ, ਦੇਸ਼ ਨੂੰ ਆਜ਼ਾਦੀ ਦਿਵਾਉਣ ਵਿੱਚ ਪੰਜਾਬੀਆਂ ਦੀ 93 ਪ੍ਰਤੀਸ਼ਤ ਭੂਮਿਕਾ ,ਦੇਸ਼ ਦਾ ਅੰਨਦਾਤਾ ਹਰੀ ਕ੍ਰਾਂਤੀ ਪੈਦਾ ਕਰਨ ਵਾਲਾ ਪੰਜਾਬ ਦਾ ਕਿਸਾਨ, ਇੱਜ਼ਤਾਂ ਦਾ ਰਖਵਾਲਾ ਪੰਜਾਬ ਜੋ ਦੁਨੀਆਂ ਲਈ ਇੱਕ ਮਿਸਾਲ ਸੀ ਪਰ ਅੱਜ ਉਹ ਪਹਿਲਾਂ ਵਾਲਾ ਪੰਜਾਬ ,ਉਹ ਪੰਜਾਬ ਨਹੀਂ ਰਿਹਾ ਪਤਾ ਨਹੀਂ ਕਿਉਂ ਅੱਜ ਦੇ ਪੰਜਾਬੀ ਨੌਜਵਾਨ ਨੂੰ ਪੰਜਾਬ ਤਾਂ ਦੂਰ ਦੀ ਗੱਲ ਉਸ ਨੂੰ ਆਪਣਾ ਪਿੰਡ ਹੀ ਵਧੀਆ ਲੱਗਣੋਂ ਹਟ ਗਿਆ ਹੈ। ਹਰ ਮਾਂ ਬਾਪ ਦੀ ਹਰ ਨੌਜਵਾਨ ਬੱਚੇ ਦੀ ਅੱਜ ਇੱਕੋ ਤਮੰਨਾ ਹੈ ਕਿ ਉਹ ਕਦੋਂ ਆਪਣੀ ਜ਼ਮੀਨ ਜਾਇਦਾਦ ਅਤੇ ਘਰ ਬਾਰ ਵੇਚ ਕੇ ਬਾਹਰਲੇ ਮੁਲਕ ਸੈਟਲ ਹੋਵੇ ਪਿੰਡ ਪ੍ਰਤੀ ,ਪੰਜਾਬ ਦੀ ਸੰਸਕ੍ਰਿਤੀ ਪ੍ਰਤੀ ,ਇਤਿਹਾਸ ਪ੍ਰਤੀ ,ਖੇਡਾਂ ਜਾਂ ਹੋਰ ਕੰਮਾਂ ਪ੍ਰਤੀ ਉਸ ਦਾ ਕੋਈ ਮੋਹ ਨਹੀਂ, ਕੋਈ ਗਿਆਨ ਨਹੀ ਬੱਸ ਓੁਸਦਾ ਇੱਕੋ ਨਿਸ਼ਾਨਾਂ ਪਹਿਲਾਂ ਆਈਲੈਟਸ ਕਰਨਾ ਤੇ ਫਿਰ ਕੈਨੇਡਾ ਅਮਰੀਕਾ ਆਸਟਰੇਲੀਆ ਇੰਗਲੈਂਡ ਨਿਊਜ਼ੀਲੈਂਡ ਜਾਂ ਕਿਸੇ ਹੋਰ ਮੁਲਕ ਜਾ ਕੇ ਵੱਸਣਾ ਹੈ ।

ਇੱਕ ਸਮਾਂ ਸੀ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੰਬਰ ਇੱਕ, ਆਈਏਐੱਸ , ਆਈਪੀਐੱਸ ਬਣਦੇ ਸੀ ਪੰਜਾਬੀ ਪਰ ਅੱਜ ਸਿੱਖਾ ਦੇ ਬੱਚਿਆਂ ਨੂੰ ਪੰਜਾਬੀ ਨਹੀ ਲਿਖਣੀ ਆਓੁਦੀਂ। ਪੰਜਾਬੀ ਸਿਹਤ ਪੱਖੋਂ ਪੰਜਾਬੀ ਦੁਨੀਆ ਭਰ ‘ਚ ਮੋਹਰੀ, ਪਰ ਅੱਜ ਨਸ਼ਿਆ ਦੀ ਰਾਜਧਾਨੀ ਬਣ ਗਿਆ। ਓਲੰਪਿਕ ਖੇਡਾਂ ਵਿੱਚ ਤਗ਼ਮੇ ਜਿੱਤਣ ਵਾਲਿਆਂ ਵਿੱਚ ਪੰਜਾਬੀਆਂ ਦੀ ਤੂਤੀ ਬੋਲਦੀ ਸੀ ਭਾਰਤ ਅਤੇ ਕੀਨੀਆਂ ਵਰਗੇ ਮੁਲਕਾ ਦੀਆਂ ਹਾਕੀ ਟੀਮਾਂ ਵਿੱਚ 11-11 ਸਿੱਖ ਖਿਡਾਰੀਆ ਦੀ ਭਰਮਾਰ, ਪੰਜਾਬੀਆਂ ਦੀ ਬਹਾਦਰੀ ਦੀਆਂ ਗੱਲਾਂ ਦੁਨੀਆਂ ਵਿੱਚ ਹੁੰਦੀਆਂ ਸਨ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਅਤੇ ਰਾਜਨੀਤਕ ਆਗੂਆਂ ਨੇ ਆਜ਼ਾਦੀ ਤੋਂ ਬਾਅਦ ਕਦੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ, ਕਦੇ ਨਕਸਲਾਈਟ ਮੂਵਮੈਂਟ ਦੌਰਾਨ ਪੰਜਾਬ ਦੇ ਨੌਜਵਾਨਾਂ ਦਾ ਘਾਣ ਫੇਰ 1984 ਤੋਂ 1993 ਤੱਕ ਸਿੱਖ ਨੌਜਵਾਨੀ ਦਾ ਕਤਲੋ ਗਾਰਦ ਹੋਇਆ ਭਾਵੇਂ ਮੌਤਾਂ ਦੀ ਤਬਾਹੀ ਮੱਚੀ ਪਰ ਫਿਰ ਵੀ ਪੰਜਾਬ ਦਾ ਨੌਜਵਾਨ ਬੇਇਨਸਾਫੀ ਦੇ ਵਿਰੁੱਧ ਡਟ ਕੇ ਲੜਿਆ ,ਸਰਕਾਰਾਂ ਤੋਂ ਇਹ ਬਹਾਦਰੀ ਬਰਦਾਸ਼ਤ ਨਾ ਹੋਈ ।ਆਖ਼ਰ ਸਰਕਾਰਾਂ ਅਤੇ ਏਜੰਸੀਆਂ ਨੇ 1990 ਵੇੰ ਦਹਾਕੇ ਦੌਰਾਨ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿਚ ਵੱਡੇ ਪੱਧਰ ਤੇ ਤਬਦੀਲੀ ਲਿਆਂਦੀ ਬਹਾਦਰੀ ਵਾਲੇ ਇਤਿਹਾਸ ਨੂੰ ਖ਼ਤਮ ਕਰਕੇ ਅਤੇ ਮਾਂ ਬੋਲੀ ਪੰਜਾਬੀ ਤੋਂ ਦੂਰ ਕਰਕੇ ਉਨ੍ਹਾਂ ਨੂੰ ਰੋਮਾਂਚਕ ਅਤੇ ਫੈਸ਼ਨ ਵਾਲੀ ਜ਼ਿੰਦਗੀ ਵੱਲੋਂ ਮੋੜਿਆ।

ਕਦਰਾਂ ਕੀਮਤਾਂ ਵਾਲੇ ਸੱਭਿਆਚਾਰ ਨੂੰ ਨਸ਼ਿਆਂ ਅਤੇ ਹਥਿਆਰਾਂ ਵੱਲ ਮੋੜਿਆ , ਘਰ ਦੀ ਸ਼ਰਾਬ ਹੋਵੇ ਆਪਣਾ ਪੰਜਾਬ ਹੋਵੇ, ਹਥਿਆਰਾਂ ਵਾਲੇ ਗੀਤ, ਗੁੰਡਾਗਰਦੀ ਵਾਲੇ ਗੀਤਾਂ ਨੂੰ ਉਤਸ਼ਾਹ ਕੀਤਾ ਪੰਜਾਬ ਦਾ ਉਹ ਹਥਿਆਰ ਜੋ ਗੁੰਡਾਗਰਦੀ ਦਾ ਟਾਕਰਾ ਕਰਦਾ ਸੀ ਉਸ ਨੂੰ ਗੁੰਡਾਗਰਦੀ ਵਾਲੇ ਮਾਹੌਲ ਵਿੱਚ ਤਬਦੀਲ ਕੀਤਾ ਇੰਨਾ ਗਾਓੁਣ ਵਾਲਿਆਂ ਨੇ ਇੱਕ ਸਾਜਿਸ਼ ਤਹਿਤ ਹੀ ਪੰਜਾਬ ਦੀ ਧੀ ਨੂੰ ਵੀ ਆਪਣੇ ਗਾਣਿਆ ਵਿੱਚ ਇੱਕ ਸ਼ੁੰਦਰ ਵਸਤੂ ਵਜੋਂ ਪੇਸ਼ ਕੀਤਾ। ਗੈਂਗਸਟਰ ਜੋ ਸ਼ਬਦ ਕਦੇ ਕਿਸੇ ਪੰਜਾਬੀ ਨੇ ਸੁਣਿਆ ਹੀ ਨਹੀਂ ਸੀ ਓੁਹ ਅੱਜ ਪੰਜਾਬ ਦੇ ਹੀਰੋ, ਗਾਓੁਣ ਵਾਲਿਆ, ਕਬੱਡੀ ਵਾਲਿਆ, ਅਤੇ ਕੱਦਵਾਰ ਰਾਜਨੀਤਿਕ ਲੋਕਾ ਦੇ ਰਖਵਾਲੇ ਹਨ। ਪੰਜਾਬ ਦੇ ਸਰੋਤ ਧਰਤੀ ,ਪਾਣੀ, ਹਵਾ ਨੂੰ ਯੋਜਨਾ ਤਹਿਤ ਗੰਧਲਾ ਕੀਤਾ ਪੰਜਾਬ ਦੇ ਮੁੱਦੇ ਪਾਣੀਆਂ ਦੇ ਮਸਲੇ, 1984 ਸਿੱਖਾ ਦੀ ਨਸਲਕੁਸ਼ੀ , ਪੰਜਾਬ ਦੇ ਹੱਕਾ ਅਤੇ ਅਧਿਕਾਰਾਂ ਤੋਂ ਵਾਂਝੇ ਪੜੇ ਲਿਖੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਦਲਦਲ ਵਿੱਚ ਸੁੱਟਣਾ , ਕਿਸਾਨਾਂ ਨੂੰ ਕਰਜ਼ਿਆਂ ਦੀ ਮਾਰ ਹੇਠ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ , ਗਰੀਬ ਨੂੰ ਅਨਪੜ੍ਹਤਾ ਅਤੇ ਧਰਮ ਦੇ ਅੰਧ ਵਿਸ਼ਵਾਸ ਥੱਲੇ , ਕੌਮ ਦੀ ਮਾਨਸਿਕਤਾ ਨੂੰ ਇੱਕ ਯੋਜਨਾ ਤਹਿਤ ਦੱਬਿਆ ਹੈ।

ਕਿਸੇ ਵੀ ਸਰਕਾਰ ਨੇ ਕਿਸੇ ਵੀ ਦੇਸ਼ ਜਾਂ ਰਾਜ ਵਿੱਚ ਜਦੋਂ ਤਬਾਹੀ ਦੀ ਤਬਦੀਲੀ ਲਿਆਉਣੀ ਹੁੰਦੀ ਹੈ ਤਾਂ ਉਹ ਅਜਿਹੇ ਸੰਕਟ ਖੜ੍ਹੇ ਕਰਦੀਆਂ ਹੀ ਹਨ ਜੋ ਪੰਜਾਬ ਨਾਲ ਹੋਇਆ ਅਤੇ ਹੋ ਰਿਹਾ ਹੈ ਇਸ ਕਰਕੇ ਆਪਣਾ ਧੁੰਦਲਾ ਭਵਿੱਖ ਦੇਖਦਾ ਹੋਇਆ ਪੰਜਾਬ ਦਾ ਹਰ ਬੰਦਾ ਖਾਸ ਕਰਕੇ ਨੌਜਵਾਨ ਇੱਥੇ ਰਹਿਣਾ ਹੀ ਨਹੀਂ ਚਾਹੁੰਦਾ ਉਸ ਨੂੰ ਵਿਦੇਸ਼ਾਂ ਦੇ ਵਿੱਚ ਆਪਣੀ ਜ਼ਿੰਦਗੀ ਸੁਨਹਿਰੀ ਜਾਪਦੀ ਹੈ ਆਪਣਾ ਵਧੀਆ ਭਵਿੱਖ ਦਿਸਦਾ ਹੈ ਜਦ ਕੋਈ ਪੰਜਾਬ ਦਾ ਨੌਜਵਾਨ ਪੰਜਾਬ ਚ ਰਹਿਣਾ ਹੀ ਨਹੀਂ ਚਾਹੁੰਦਾ ਉਹ ਕਿਸ ਤਰ੍ਹਾਂ ਆਪਣੇ ਪਿੰਡ ਨੂੰ ਆਪਣੇ ਇਲਾਕੇ ਨੂੰ ਆਪਣੇ ਮੁਹੱਲੇ ਨੂੰ ਜਾਂ ਫਿਰ ਆਪਣੇ ਪੰਜਾਬ ਨੂੰ ਪਿਆਰ ਕਰੇਗਾ ਇਹ ਵਿਦੇਸ਼ਾ ਵਾਲਾ ਪ੍ਰਵਾਸ ਵੀ ਇੱਕ ਯੋਜਨਾ ਤਹਿਤ ਹੀ ਹੋ ਰਿਹਾ ਹੈ ਪੁਰਾਣੇ ਬਜ਼ੁਰਗ ਜੋ ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਨੇ ਉਹ ਆਪਣੇ ਲਾਇਲਪੁਰ, ਲਾਹੌਰ ਅਤੇ ਹੋਰ ਸ਼ਹਿਰਾਂ ਪਿੰਡਾਂ ਦੀਆਂ ਬਾਤਾਂ ਪਾਉਂਦੇ ਜਹਾਨੋਂ ਤੁਰ ਗਏ ਹੁਣ ਦੀ ਪਨੀਰੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾ ਕੇ ਆਪਣੇ ਪਿੰਡਾਂ ਦੀਆਂ ਯਾਦਾਂ ਦੀਆਂ ਬਾਤਾਂ ਸੁਣਾਉਂਦੀ ਵੀ ਇਕ ਦਿਨ ਤੁਰ ਜਾਵੇਗੀ। ਓਹਨਾ ਦੇ ਬੱਚਿਆ ਨੂੱ ਸਿਰਫ ਇੰਨਾਂ ਕਿ ਹੀ ਗਿਆਨ ਹੋਵੇਗਾ ਕਿ ਸਾਡੇ ਪਿਓੁ ਦਾਦਿਆ ਦੀ ਜਨਮ ਭੂਮੀ ਪੰਜਾਬ ਸੀ ਪਿੰਡ ਓੁਹਨਾਂ ਦੇ ਚੇਤਿਆ ਵਿੱਚੋ ਵਿਸਰ ਜਾਵੇਗਾ ਇਹੀ ਸਾਡਾ ਵੱਡਾ ਦੁਖਾਂਤ ਹੋਵੇਗਾ। ਪੰਜਾਬ ਦੇ ਨੌਜਵਾਨਾ ਦੇ ਵਿਦੇਸੀ ਪਰਵਾਸ ਦੀ ਨਿਖੇਧੀ ਤਾ ਹਰ ਕੋਈ ਕਰ ਰਿਹਾ ਹੈ ਪਰ ਇਸਨੂੰ ਰੋਕਣ ਦਾ ਯਤਨ ਕੋਈ ਨਹੀ ਕਰ ਰਿਹਾ ਜੇਕਰ ਕਿਸੇ ਨੇਤਾਵਾਨ ਜਾਂ ਸਰਕਾਰ ਨੇ ਪ੍ਰਵਾਸ ਰੋਕਣ ਦਾ ਓੁਪਰਾਲਾ ਕੀਤਾ ਤਾ ਪੰਜਾਬ ਦੀ ਤਸਵੀਰ ਬਦਲੇਗੀ ਨੌਜਵਾਨਾ ਨੂੰ ਇੱਥੇ ਰੋਜਗਾਰ ਵੀ ਮਿਲੇਗਾ ਅਤੇ ਪੜੇ ਲਿਖੇ ਨੌਜਵਾਨ ਰਾਜਭਾਗ ਦੇ ਹਿੱਸੇਦਾਰ ਵੀ ਬਨਣਗੇ ਜੋ ਸਾਡੇ ਨੇਤਾ ਸਹਿਬਾਨਾ ਨੂੰ ਕਦੇ ਵੀ ਬਰਦਾਸਤ ਨਹੀ ਹੋਵੇਗਾ। ਓਹਨਾ ਨੂੰ ਤਾ ਅਨਪੜ ਤੇ ਮਰੀਆਂ ਜ਼ਮੀਰਾ ਵਾਲੇ ਵੋਟਰ ਚਾਹੀਦੇ ਹਨ ਗੈਰਤਮੰਦ ਅਤੇ ਭਲੇਮਾਣਸ ਪੰਜਾਬੀਓੁ” ਤੁਹਾਡਾ ਓੁਜਾੜਾ ਤਾ ਹੋਣਾ ਹੀ ਹੋਣਾ ਹੈ ਜਿਸਦਾ ਆਪਣੇ ਪਿੰਡ ਵਿੱਚੋ ਓੁਜੜਣਾ ਹੀ ਯਕੀਨੀ ਹੋਵੇ ਓੁਹ ਫੇਰ ਆਪਣੇ ਪਿੰਡ ਨੂੰ ਕ਼ਿਓੁਂ ਪਿਆਰ ਕਰੂਗਾ । ਬੱਸ ਇਸ ਸਵਾਲ ਦਾ ਜਵਾਬ ਤੁਸੀ ਆਪ ਲੱਭ ਲੈਣਾ, ਪੰਜਾਬ ਦੇ ਨੌਜਵਾਨਾ ਦਾ ਰੱਬ ਹੀ ਰਾਖਾ !

-ਜਗਰੂਪ ਸਿੰਘ ਜਰਖੜ

ਫੋਨ-9814300722

Check Also

ਬਜਟ: ਪੰਜਾਬ ਦੇ ਪੱਲੇ ਕੁੱਝ ਨਾਂ ਪਿਆ

ਜਗਤਾਰ ਸਿੰਘ ਸਿੱਧੂ; ਮੈਨੇਜਿੰਗ ਐਡੀਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਖਰੀ ਬਜਟ ਜਿਥੇ ਮੱਧਵਰਗ ਨੂੰ …

Leave a Reply

Your email address will not be published. Required fields are marked *