ਨਵੀਂ ਦਿੱਲੀ : ਲਾਲ ਕਿਲ੍ਹੇ ‘ਚ ਮਰੇ ਹੋਏ ਕਾਂ ਮਿਲਣ ਤੋਂ ਬਾਅਦ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਲਾਲ ਕਿਲ੍ਹੇ ‘ਚ ਲੋਕਾਂ ਦੇ ਆਉਣ ’ਤੇ ਪਾਬੰਦੀ ਲਾ ਦਿੱਤੀ ਹੈ । ਦਿੱਲੀ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਰਾਕੇਸ਼ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲਾਲ ਕਿਲ੍ਹੇ ‘ਚ ਤਕਰੀਬਨ 15 ਮਰੇ ਹੋਏ ਕਾਂ ਮਿਲੇ ਸਨ।
ਰਾਕੇਸ਼ ਨੇ ਕਿਹਾ ਕਿ ਸਾਵਧਾਨੀ ਵਜੋਂ ਲਾਲ ਕਿਲ੍ਹਾ ਸੈਲਾਨੀਆਂ ਲਈ 26 ਜਨਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ। ਉਥੇ ਹੀ ਬੀਤੇ ਸ਼ਨੀਵਾਰ ਨੂੰ ਦਿੱਲੀ ਚਿੜੀਆਘਰ ਦੇ ਇੱਕ ਮ੍ਰਿਤਕ ਉੱਲੂ ਦੇ ਨਮੂਨਿਆਂ ਦੀ ਜਾਂਚ ‘ਚ ਬਰਡ ਫਲੂ ਦੀ ਪੁਸ਼ਟੀ ਵੀ ਹੋਈ ਹੈ।
ਇਸਤੋਂ ਇਲਾਵਾ ਦਿੱਲੀ ਸਰਕਾਰ ਨੇ ਬਰਡ ਫਲੂ ਦੇ ਮੱਦੇਨਜ਼ਰ ਸ਼ਹਿਰ ਤੋਂ ਬਾਹਰੋਂ ਆਉਣ ਵਾਲੇ ਪ੍ਰੋਸੈਸਡ ਤੇ ਪੈਕਡ ਚਿਕਨ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਸੀ ਤੇ ਪੂਰਬੀ ਦਿੱਲੀ ਦੀ ਗਾਜ਼ੀਪੁਰ ਮੁਰਗਾ ਮੰਡੀ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਜਦਕਿ ਬੀਤੇ ਵੀਰਵਾਰ ਨੂੰ ਗਾਜ਼ੀਪੁਰ ਤੋਂ ਲਏ ਗਏ ਸਾਰੇ 100 ਨਮੂਨਿਆਂ ਦੀ ਜਾਂਚ ਰਿਪੋਰਟ ਨਕਾਰਾਤਮਕ ਆਉਣ ਤੋਂ ਬਾਅਦ ਬਾਜ਼ਾਰ ਮੁੜ ਖੋਲ੍ਹਿਆ ਗਿਆ।