ਮੌਟਰੀਅਲ ਵਿਚ ਰਹਿੰਦੇ ਇਕ ਸਿੱਖ ਡਾਕਟਰ ਨੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਆਪਣੇ-ਆਪ ਨੂੰ ਕਲੀਨ ਸ਼ੇਵ ਕਰ ਲਿਆ। ਉਸਨੇ ਸਿੱਖ ਧਰਮ ਦੇ ਵਿਚ ਮਨੁੱਖਤਾ ਦੀ ਸੇਵਾ ਕਰਨ ਦਾ ਸੁਨੇਹਾ ਆਪਣੇ ਮਨ ਵਿਚ ਵਸਾਇਆ ਅਤੇ ਮਰੀਜ਼ਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿਤਾ।ਐਮਯੂਐਚਸੀਜ਼ ਮਾਂਟਰੀਅਲ ਜਨਰਲ ਐਂਡ ਰੌਇਲ ਵਿਕਟੋਰੀਆ ਹਸਪਤਾਲਾਂ ਵਿੱਚ ਡਿਪਾਰਟਮੈਂਟ ਆਫ ਐਮਰਜੰਸੀਜ਼ ਦੇ ਐਸੋਸਿਏਟ ਚੀਫ ਸੰਜੀਤ ਸਿੰਘ ਸਲੂਜਾ ਨੂੰ ਕੋਰੋਨਾ ਵਾਇਰਸ ਮਰੀਜ਼ਾਂ ਦਾ ਇਲਾਜ ਕਰਨ ਸਮੇਂ ਮਾਸਕ ਪਹਿਨਣ ਵਿਚ ਦਿਕਤ ਆ ਰਹੀ ਸੀ ਕਿਉਂ ਕਿ ਐਨ-95 ਮਾਸਕ ਉਹਨਾਂ ਦੀ ਦਾੜ੍ਹੀ ਨੂੰ ਪੂਰੀ ਤਰਾਂ ਨਹੀਂ ਢੱਕ ਰਿਹਾ ਸੀ। ਪਰ ਉਹ ਇਸ ਔਖੀ ਘੜੀ ਵਿਚ ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦੇ ਸਨ। ਇਸਲਈ ਉਹਨਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ, ਦੋਸਤ ਮਿੱਤਰਾਂ ਅਤੇ ਵਿਦਵਾਨਾਂ ਨਾਲ ਸਲਾਹ ਕੀਤੀ ਅਤੇ ਕਲੀਨਸ਼ੇਵ ਹੋ ਗਏ ਅਤੇ ਮੁੜ ਤੋਂ ਮਰੀਜ਼ਾਂ ਦੇ ਸੇਵਾ ਵਿਚ ਜੁੱਟ ਗਏ ਹਨ। ਦੱਸ ਦਈਏ ਕਿ ਜਦੋਂ ਉਹਨਾਂ ਦੇ ਮੂੰਹ ਤੇ ਪੂਰਾ ਮਾਸਕ ਨਹੀਂ ਆਉਂਦਾ ਸੀ ਤਾਂ ਕੋਰੋਨਾ ਵਾਇਰਸ ਨਾਲ ਪੀੜਿਤ ਮਰੀਜ਼ਾਂ ਕੋਲ ਜਾਣ ਵਿਚ ਉਹਨਾਂ ਨੂੰ ਕਾਫੀ ਦਿਕਤ ਆ ਰਹੀ ਸੀ ਜਿਸ ਕਾਰਨ ਉਹ ਖੁਦ ਵੀ ਪੀੜਿਤ ਹੋ ਸਕਦੇ ਨ। ਇਸਲਈ ਉਹਨਾਂ ਨੇ ਆਪਣੇ ਕੰਮ ਨੂੰ ਹੀ ਪੂਜਾ ਮੰਨਿਆ।