ਭ੍ਰਿਸ਼ਟਾਚਾਰ ਅਤੇ ਡਰੱਗ ਦੇ ਮੁੱਦੇ ਉੱਪਰ ਟਕਰਾਅ ਕਿਉਂ?

Rajneet Kaur
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਦਾ ਇੱਕ ਸਾਲ ਮੁਕੰਮਲ ਹੋਣ ’ਤੇ ਬਹੁਤ ਸਾਰੇ ਮੁੱਦਿਆਂ ਉੱਪਰ ਸਰਕਾਰ ਦੀ ਕਾਰਗੁਜ਼ਾਰੀ ਦੀ ਦਾਅਵੇਦਾਰੀ ਕੀਤੀ ਹੈ। ਇਨ੍ਹਾਂ ਵਿੱਚ ਸਿੱਖਿਆ, ਸਿਹਤ, ਰੁਜ਼ਗਾਰ, ਖੇਤੀਬਾੜੀ ਅਤੇ ਕਈ ਮੁੱਦੇ ਸ਼ਾਮਿਲ ਹਨ। ਅੱਜ ਆਪਾਂ ਸਰਕਾਰ ਦੇ ਉਸ ਦਾਅਵੇ ਦਾ ਜ਼ਿਕਰ ਕਰ ਰਹੇ ਹਾਂ ਜਿਸ ਵਿੱਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਤਰਾਂ ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਨਸ਼ਿਆਂ ਵਿਰੁੱਧ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਅਸਲ ਵਿੱਚ ਜੇ ਦੇਖਿਆ ਜਾਵੇ ਤਾਂ ਇਹ ਦੋਵੇਂ ਮਾਮਲੇ ਸਮਾਜਿਕ ਖੇਤਰ ਨਾਲ ਵੀ ਸੰਬੰਧ ਰੱਖਦੇ ਹਨ। ਇਹ ਸਹੀ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ ਸਰਕਾਰ ਵੱਲੋਂ ਮਸਲੇ ਦੇ ਹੱਲ ਲਈ ਦ੍ਰਿੜ ਇੱਛਾ ਸ਼ਕਤੀ ਵਿਖਾਈ ਜਾਵੇਗੀ ਤਾਂ ਇਸ ਦੇ ਨਤੀਜੇ ਲਾਜ਼ਮੀ ਤੌਰ ਤੇ ਸਾਰਥਿਕ ਆਉਣਗੇ ਪਰ ਇਹ ਵੀ ਸਹੀ ਹੈ ਕਿ ਭ੍ਰਿਸ਼ਟਾਚਾਰ ਅਤੇ ਡਰੱਗ ਦੇ ਮੁੱਦਿਆਂ ਉੱਪਰ ਸਮਾਜ ਨੂੰ ਸੁਚੇਤ ਕੀਤੇ ਬਗੈਰ ਨਤੀਜੇ ਅਧੂਰੇ ਰਹਿਣਗੇ। ਜਦੋਂ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਮਾਮਲੇ ਬਾਰੇ ਰਾਜਸੀ ਹਾਕਮ ਧਿਰ ਦਾ ਨਜ਼ਰੀਆ ਹੋਰ ਹੈ ਅਤੇ ਵਿਰੋਧੀ ਧਿਰ ਦਾ ਨਜ਼ਰੀਆ ਹੋਰ ਹੈ। ਇਸ ਮਾਮਲੇ ਵਿੱਚ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਤਕਰੀਬਨ ਦਰਜਨ ਦੇ ਕਰੀਬ ਸਾਬਕਾ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਕਈਆਂ ਨੇ ਆਪਣੇ ਸਾਧਨਾਂ ਤੋਂ ਵਧੇਰੇ ਜ਼ਾਇਦਾਦ ਬਣਾਈ ਹੈ। ਕਈਆਂ ਉੱਪਰ ਪਿਛਲੇ ਸਮਿਆਂ ਵਿੱਚ ਆਪੋ-ਆਪਣੇ ਵਿਭਾਗਾਂ ਅੰਦਰ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਇਨ੍ਹਾਂ ਵਿੱਚੋਂ ਕੁੱਝ ਤਾਂ ਜ਼ਮਾਨਤ ਕਰਾ ਗਏ ਹਨ ਪਰ ਕਈ ਅਜੇ ਵੀ ਜੇਲ੍ਹ ਦੀ ਹਵਾ ਖਾ ਰਹੇ ਹਨ। ਇਨ੍ਹਾਂ ਵਿੱਚੋਂ ਕੋਣ ਸਹੀ ਹੈ ਅਤੇ ਕੋਣ ਗਲਤ ਹੈ ਇਸ ਦਾ ਫ਼ੈਸਲਾ ਤਾਂ ਜਾਂਚ ਰਿਪੋਰਟਾਂ ਜਾਂ ਅਦਾਲਤਾਂ ਦੇ ਫ਼ੈਸਲੇ ਕਰਨਗੇ। ਇਹ ਜ਼ਰੂਰ ਹੈ ਕਿ ਵਿਰੋਧੀ ਧਿਰਾਂ ਵੱਲੋਂ ਇਨ੍ਹਾਂ ਮਾਮਲਿਆਂ ਵਿੱਚ ਬਦਲੇ ਦੀ ਕਾਰਵਾਈ ਦੇ ਦੋਸ਼ ਲੱਗ ਰਹੇ ਹਨ। ਮਿਸਾਲ ਵਜੋਂ ਦਿੱਲੀ ਵਿੱਚ ਆਪ ਦੇ ਆਗੂ ਮਨੀਸ਼ ਸਿਸੋਦੀਆ ਸ਼ਰਾਬ ਨੀਤੀ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਜੇਲ੍ਹ ਵਿੱਚ ਹਨ ਤਾਂ ਆਪ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਸਿਸੋਦੀਆ ਵਿਰੁੱਧ ਕਾਰਵਾਈ ਕਰ ਰਹੀ ਹੈ। ਹੁਣ ਇੱਕ ਦਿਨ ਪਹਿਲਾਂ ਇੱਕ ਹੋਰ ਕੇਸ ਮਨੀਸ਼ ਸਿਸੋਦੀਆ ਉੱਪਰ ਪੈ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਸਿਸੋਦੀਆ ਨੂੰ ਲੰਬੇ ਸਮੇਂ ਲਈ ਜੇਲ੍ਹ ‘ਚ ਰੱਖਣ ਦੀਆਂ ਚਾਲਾਂ ਚੱਲ ਰਹੀ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਅੰਦਰ ਆਪ ਜਿੱਥੇ ਵਿਰੋਧੀਆਂ ਉੱਪਰ ਭ੍ਰਿਸ਼ਟਾਚਾਰ ਨੂੰ ਲੈ ਕੇ ਹਮਲੇ ਕਰ ਰਹੀ ਹੈ ਉੱਥੇ ਦਿੱਲੀ ਵਿੱਚ ਇਸ ਤਰਾਂ ਦੇ ਦੋਸ਼ਾਂ ਅਧੀਨ ਹੀ ਆਪ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਆਪ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੂਹਰਾ ਚਿਹਰਾ ਰੱਖ ਰਹੀ ਹੈ। ਇਸ ਤਰਾਂ ਬੇਸ਼ੱਕ ਰਾਜਸੀ ਨਜ਼ਰੀਏ ਤੋਂ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਇੱਕ-ਦੂਜੇ ਉੱਪਰ ਰਾਜਸੀ ਧਿਰਾਂ ਹਮਲੇ ਕਰ ਰਹੀਆਂ ਹਨ ਪਰ ਇਹ ਵੀ ਸਹੀ ਹੈ ਕਿ ਕਈ ਮਾਮਲਿਆਂ ਵਿੱਚ ਰਾਜਸੀ ਭ੍ਰਿਸ਼ਟਾਚਾਰ ਦਾ ਭਾਂਡਾ ਚੁਰਾਹੇ ਵਿੱਚ ਭੱਜ ਰਿਹਾ ਹੈ।

ਜੇਕਰ ਡਰੱਗ ਦੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਡਰੱਗ ਵਿਰੁੱਧ ਮੁਹਿੰਮ ਸ਼ੁਰੂ ਕਰਨ ਦੀ ਗੱਲ ਤਾਂ ਕੀਤੀ ਹੈ ਪਰ ਹਾਲ ਦੀ ਘੜੀ ਆਪ ਦੀ ਸਰਕਾਰ ਆਉਣ ਬਾਅਦ ਵੀ ਡਰੱਗ ਦੇ ਮਾਮਲਿਆਂ ਵਿੱਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ। ਹੁਣ ਵੀ ਇਹ ਕਿਹਾ ਜਾ ਰਿਹਾ ਹੈ ਕਿ ਚਿੱਟਾ ਪੰਜਾਬ ਵਿੱਚ ਡਰੱਗ ਮਾਫ਼ੀਆ ਵੱਲੋਂ ਜਿਸ ਤਰਾਂ ਵੰਡਿਆ ਜਾ ਰਿਹਾ ਹੈ, ਉਸ ਕਾਰਨ ਆਏ ਦਿਨ ਕਿਸੇ ਨਾ ਕਿਸੇ ਘਰ ਵਿੱਚ ਮੌਤ ਦਾ ਸੱਥਰ ਵਿਛ ਜਾਂਦਾ ਹੈ। ਇਸ ਲਈ ਇਹ ਦੇਖਣਾ ਹੋਵੇਗਾ ਕਿ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਡਰੱਗ ਵਿਰੋਧੀ ਮੁਹਿੰਮ ਕੇਵਲ ਸਰਕਾਰੀ ਪ੍ਰਚਾਰ-ਤੰਤਰ ਦਾ ਹਿੱਸਾ ਹੋਵੇਗੀ ਜਾਂ ਜ਼ਮੀਨੀ ਪੱਧਰ ਤੇ ਠੋਸ ਨਤੀਜੇ ਸਾਹਮਣੇ ਆਉਣਗੇ।

Share this Article
Leave a comment