ਅਕਾਲੀ ਦਲਃ ਹਨੇਰੇ ਘਰਾਂ ਤੇ ਦੀਵੇ ਕੌਣ ਜਗਾਏਗਾ?

Global Team
4 Min Read

ਜਗਤਾਰ ਸਿੰਘ ਸਿੱਧੂ

ਪੰਜਾਬ ਦੀ ਰਾਜਨੀਤੀ ਵਿੱਚ ਉਸ ਵੇਲੇ ਵੱਡੀ ਹਲਚਲ ਮੱਚ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਅਤੇ ਜ਼ਿਲ੍ਹਾ ਜਥੇਦਾਰਾਂ ਦੀ ਚੰਡੀਗੜ ਹੋਈ ਸਾਂਝੀ ਮੀਟਿੰਗ ਵਿਚ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਨਾ ਲੜਨ ਦਾ ਫੈਸਲਾ ਲੈ ਲਿਆ ਗਿਆ। ਦਹਾਕਿਆਂ ਬਾਦ ਖਾੜਕੂਵਾਦ ਦੇ ਦੌਰ ਸਮੇਂ ਅਕਾਲੀ ਦਲ ਨੇ ਪ੍ਰਸਥਿਤੀਆਂ ਅਨੁਸਾਰ ਚੋਣ ਦਾ ਬਾਈਕਾਟ ਕੀਤਾ ਸੀ ਪਰ ਹੁਣ ਉਸ ਨਾਲੋਂ ਵੱਖਰੀ ਹਾਲਤ ਹੈ। ਸਿੰਘ ਸਾਹਿਬਾਨ ਨੇ ਪਿਛਲੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਸੀ ਅਤੇ ਅਕਾਲੀ ਦਲ ਦੀ ਬੇਨਤੀ ਦੇ ਬਾਦ ਵੀ ਸੁਖਬੀਰ ਨੂੰ ਤਨਖ਼ਾਹੀਆ ਹੀ ਰੱਖਿਆ ਹੋਇਆ ਹੈ ਅਤੇ ਉਸ ਬਾਰੇ ਕੋਈ ਨਵਾਂ ਫੈਸਲਾ ਸਿੰਘ ਸਾਹਿਬਾਨ ਦਿਵਾਲੀ ਦਾ ਤਿਉਹਾਰ ਨਿਕਲ ਜਾਣ ਦੇ ਪਿਛੋਂ ਹੀ ਲੈਣਗੇ। ਇਸ ਹਾਲਤ ਵਿਚ ਅਕਾਲੀ ਦਲ ਨੇ ਜਿਮਨੀ ਚੋਣ ਤੋਂ ਹੀ ਆਪਣੇ ਆਪ ਨੂੰ ਬਾਹਰ ਕਰ ਲਿਆ।

ਅਕਾਲੀ ਦਲ ਚਾਰ ਜਿਮਨੀ ਚੋਣਾਂ ਤੋਂ ਬਾਹਰ ਕਿਉਂ ਹੋ ਗਿਆ? ਸੌ ਸਾਲ ਤੋਂ ਵਧੇਰੇ ਪੁਰਾਣੀ ਪਾਰਟੀ ਨਾਲ ਅਜਿਹਾ ਕੀ ਵਾਪਰ ਗਿਆ ? ਸਿੰਘ ਸਾਹਿਬਾਨ ਨੇ ਅੱਜ ਆਪਣੇ ਨਵੇਂ ਬਿਆਨ ਵਿਚ ਅਕਾਲੀ ਦਲ ਦੇ ਫੈਸਲੇ ਤੋਂ ਪਹਿਲਾਂ ਹੀ ਸਪਸ਼ਟ ਕਰ ਦਿਤਾ ਸੀ ਕਿ ਉਨਾਂ ਨੇ ਕੇਵਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦਿਤਾ ਹੋਇਆ ਹੈ ਅਤੇ ਅਕਾਲੀ ਦਲ ਉੱਪਰ ਚੋਣ ਲੜਨ ਦੀ ਕੋਈ ਪਾਬੰਦੀ ਨਹੀਂ ਪਰ ਇਸ ਦੇ ਬਾਵਜੂਦ ਅਕਾਲੀ ਦਲ ਚੋਣ ਮੈਦਾਨ ਤੋਂ ਬਾਹਰ ਆ ਗਿਆ ਤਾਂ ਕਿਉਂ? ਅਜਿਹੇ ਸਵਾਲ ਮੀਡੀਆ ਦੇ ਮਿੱਤਰਾਂ ਵਲੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੁੱਛੇ ਗਏ। ਇਨਾਂ ਸਵਾਲਾਂ ਦਾ ਜਵਾਬ ਪਤਾ ਕਿਥੋਂ ਮਿਲਿਆ? ਪਾਠਕ ਹੈਰਾਨ ਹੋਣਗੇ ਕਿ ਅੱਜ ਸ਼ਾਮ ਹੋਣ ਤੱਕ ਅਕਾਲੀ ਦਲ ਨੂੰ ਪੁੱਛੇ ਸਵਾਲਾਂ ਦਾ ਜਵਾਬ ਭਾਜਪਾ ਨੇ ਦਿਤਾ। ਭਾਜਪਾ ਨੇ ਕਿਵੇਂ ਜਵਾਬ ਦਿੱਤਾ? ਭਾਜਪਾ ਨੇ ਚੱਬੇਵਾਲ ਹਲਕੇ ਤੋਂ ਟਕਸਾਲੀ ਅਕਾਲੀ ਆਗੂ ਸੋਹਨ ਸਿੰਘ ਠੰਡਲ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਅਤੇ ਕੁਝ ਘੰਟਿਆਂ ਬਾਦ ਹੀ ਉਹ ਚੱਬੇਵਾਲ ਤੋਂ ਭਾਜਪਾ ਦੇ ਉਮੀਦਵਾਰ ਬਣ ਗਏ। ਇਹ ਕੇਵਲ ਇਕ ਝਲਕ ਹੈ ਕਿ ਪੰਜਾਬ ਲਈ ਮੋਰਚੇ ਲਾਉਣ ਵਾਲੀ ਅਤੇ ਕੌਮੀ ਪੱਧਰ ਤੇ ਐਮਰਜੈਂਸੀ ਦਾ ਵਿਰੋਧ ਕਰਕੇ ਉਸ ਵੇਲੇ ਦੀ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅੱਖਾਂ ਵਿਖਾਉਣ ਵਾਲੀ ਪਾਰਟੀ ਕਿਸ ਸਥਿਤੀ ਵਿਚ ਪਹੁੰਚ ਗਈ ਹੈ। ਗੱਲ ਕੇਵਲ ਚੱਬੇਵਾਲ ਦੀ ਨਹੀਂ ਸਗੋਂ ਗਿੱਦੜਬਾਹਾ ਵਿਚ ਬਾਦਲਾਂ ਦਾ ਭਰੋਸੇਵਾਲਾ ਆਗੂ ਡਿੰਪੀ ਢਿਲੋਂ ਕੁਝ ਮਹੀਨੇ ਪਹਿਲਾਂ ਆਪ ਵਿਚ ਸ਼ਾਮਿਲ ਹੋ ਗਿਆ ਅਤੇ ਹੁਣ ਆਪ ਦਾ ਉਮੀਦਵਾਰ ਹੈ । ਕੁਝ ਕਿਲੋਮੀਟਰ ਦੂਰ ਟਕਸਾਲੀ ਅਕਾਲੀ ਨੇਤਾ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਸੁਧਾਰ ਲਹਿਰ ਨਾਲ ਆ ਗਏ ਹਨ ਅਤੇ ਉਨਾਂ ਦਾ ਪਰਿਵਾਰ ਤਾਂ ਭਾਜਪਾ ਵਿਚ ਹੀ ਚਲਾ ਗਿਆ ਹੈ। ਪਿਛਲੇ ਦਿਨੀਂ ਜਲੰਧਰ ਦੀ ਉਪ ਚੋਣ ਹੋਈ ਤਾਂ ਅਕਾਲੀ ਦਲ ਕਿਧਰੇ ਲੱਭਦਾ ਨਹੀਂ ਸੀ। ਅਜੀਬ ਇਤਫਾਕ ਹੈ? ਦਿਵਾਲੀ ਦਾ ਤਿਉਹਾਰ ਕੁਝ ਦਿਨ ਬਾਅਦ ਆ ਰਿਹਾ ਹੈ ਅਤੇ ਪੰਜਾਬੀ ਆਪਣੇ ਘਰਾਂ ਦੇ ਬਨੇਰਿਆਂ ਤੇ ਦੀਵੇ ਜਗਾ ਕੇ ਬਨੇਰੇ ਰੁਸ਼ਨਾਉਣਗੇ ਪਰ ਇਨਾਂ ਰੋਸ਼ਨੀਆਂ ਵਿਚ ਅਕਾਲੀ ਦਲ ਦੇ ਹਮਾਇਤੀ ਅਤੇ ਸ਼ੁਭਚਿੰਤਕ ਦੀਵਾ ਲੈ ਕੇ ਅਕਾਲੀ ਦਲ ਲੱਭਦੇ ਫਿਰਦੇ ਹਨ।

ਪੰਜਾਬ ਦੇ ਹਿਤੈਸ਼ੀ ਸਵਾਲ ਤਾਂ ਕਰਨਗੇ? ਗੁਰੂਆਂ ਦੇ ਥਾਪੜੇ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਿੱਧਰ ਤੁਰ ਗਿਆ ? ਵੱਡੇ ਘਲ਼ੂਘਾਰੇ , ਛੋਟੇ ਘਲ਼ੂਘਾਰੇ ਅਤੇ ਪੰਥ ਤੇ ਜਾਬਰਾਂ ਦੇ ਹਰ ਹੱਲੇ ਵਿਚੋਂ ਤਕੜਾ ਹੋਕੇ ਨਿਕਲਣ ਵਾਲੇ ਪੰਥ ਦਾ ਦੀਵਾ ਜਗਦਾ ਰੱਖਣ ਵਾਲੇ ਅਨੇਕਾਂ ਆਪਣਾ ਖੂਨ ਦੇਕੇ ਵੀ ਲੋਅ ਨਹੀਂ ਬੁਝਣ ਦਿੰਦੇ ਸਨ ਤਾਂ ਫਿਰ ਦਿਵਾਲੀ ਤੇ ਹਨੇਰਾ ਕਿਉਂ ? ਸਵਾਲ ਕਿਸੇ ਇਕ ਵਿਅਕਤੀ ਦਾ ਨਹੀਂ । ਸਵਾਲ ਤਾਂ ਸਮੁੱਚੀ ਲੁਕਾਈ ਦਾ ਹੈ।

ਚਾਰ ਜਿਮਨੀ ਚੋਣਾਂ ਅਕਾਲੀ ਦਲ ਕਿਉਂ ਨਹੀਂ ਲੜ ਰਿਹਾ? ਸਵਾਲ ਪੁੱਛਣ ਵਾਲੇ ਰਾਤ ਦੇ ਹਨੇਰੇ ਵਿਚ ਗਲਤ ਬੂਹੇ ਅੱਗੇ ਆ ਗਏ। ਬੰਦ ਬੂਹਿਆਂ ਵਾਲੇ ਬੰਦ ਘਰਾਂ ਵਿਚੋਂ ਕਦੇ ਕਿਸੇ ਸਵਾਲ ਦਾ ਉੱਤਰ ਮਿਲਿਆ ਹੈ। ਜਵਾਬ ਤਾਂ ਸੱਥ ਵਿੱਚ ਬੈਠੇ ਸਿਆਣੇ ਦੇਣਗੇ ਕਿ ਬੰਦ ਘਰਾਂ ਵਾਲੇ ਕਿਧਰ ਤੁਰ ਗਏ!

ਸੰਪਰਕ 9814002186

Share This Article
Leave a Comment