ਅਵਤਾਰ ਸਿੰਘ
ਅੰਗਰੇਜ਼ ਸਰਕਾਰ ਨੇ ਲਾਹੌਰ ਵਿੱਚ ਹੋਏ ਸਾਂਡਰਸ ਦੇ ਕਤਲ ਤੋਂ ਘਬਰਾ ਕੇ ਆਜ਼ਾਦੀ ਸੰਗਰਾਮੀਆਂ ਨੂੰ ਕੁਚਲਣ ਲਈ ਕਾਲੇ ਕਾਨੂੰਨ ‘ਪਬਲਿਕ ਸੇਫਟੀ ਬਿਲ’ ਤੇ ‘ਟਰੇਡ ਡਿਸਪਿਊਟ ਬਿਲ’ ਅਸੈਂਬਲੀ ਵਿੱਚ ਪਾਸ ਕਰਵਾਉਣ ਲਈ ਲਿਆਂਦੇ। ਇਨ੍ਹਾਂ ਦਾ ਵਿਰੋਧ ਕਰਨ ਵਾਸਤੇ ਪਾਰਟੀ ਦੇ ਫੈਸਲੇ ਅਨੁਸਾਰ ਸ਼ਹੀਦ ਭਗਤ ਸਿੰਘ ਤੇ ਬੀ ਕੇ ਬੁਟਕੇਸ਼ਵਰ ਦੱਤ ਨੇ 8 ਅਪ੍ਰੈਲ, 1929 ਨੂੰ ਦਿੱਲੀ ਦੇ ਅਸੈਂਬਲੀ ਹਾਲ ਵਿਚ ਕਾਰਵਾਈ ਦੌਰਾਨ ਧਮਾਕਾ ਕਰਨ ਵਾਲਾ ਬੰਬ ਸੁੱਟਿਆ। ਬੰਬ ਸੁਟਣ ਉਪਰੰਤ ਉਹ ਭੱਜੇ ਨਹੀ, ਸਗੋਂ ਉਹ “ਇਨਕਲਾਬ- ਜ਼ਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ” ਦੇ ਨਾਹਰੇ ਲਾਉਂਦੇ ਗ੍ਰਿਫ਼ਤਾਰ ਹੋਏ ਤੇ ਉਨ੍ਹਾਂ ਪ੍ਰਚਾਰ ਵਾਸਤੇ ਹੈਂਡਬਿਲ ਵੀ ਸੁੱਟੇ।
ਇਸ ਕੇਸ ਵਿੱਚ ਬੀ ਕੇ ਦੱਤ ਨੂੰ ਉਮਰ ਕੈਦ ਤੇ ਭਗਤ ਸਿੰਘ ਨੂੰ ਸਾਂਡਰਸ ਦੇ ਕਤਲ ਕੇਸ ਸਮੇਤ ਫਾਂਸੀ ਦੀ ਸਜ਼ਾ ਹੋਈ। ਅਸੈਂਬਲੀ ਬੰਬ ਕੇਸ ‘ਚ ਸ਼ਹੀਦ ਭਗਤ ਸਿੰਘ ਦਾ ਬਿਆਨ “ਮਜ਼ਦੂਰ ਭਾਂਵੇ ਸੰਸਾਰ ਦਾ ਸਭ ਤੋਂ ਜਰੂਰੀ ਅੰਗ ਹਨ, ਫਿਰ ਵੀ ਲੁਟੇਰੇ ਉਨ੍ਹਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਹੜੱਪ ਜਾਂਦੇ ਹਨ ਅਤੇ ਉਨ੍ਹਾਂ ਨੂੰ ਬੁਨਿਆਦੀ ਅਧਿਕਾਰਾਂ ਤੋਂ ਵਾਂਝਾ ਰੱਖਦੇ ਹਨ।
ਦੂਜਿਆਂ ਲਈ ਅੰਨ ਪੈਦਾ ਕਰਨ ਵਾਲਾ ਕਿਸਾਨ ਆਪਣੇ ਪਰਿਵਾਰ ਸਮੇਤ ਦਾਣੇ ਦਾਣੇ ਨੂੰ ਸਹਿਕਦਾ ਹੈ। ਕੱਪੜਾ ਬੁਨਣ ਵਾਲਾ ਜਿਹੜਾ ਸਾਰੇ ਸੰਸਾਰ ਦੀਆਂ ਮੰਡੀਆਂ ਲਈ ਕੱਪੜਾ ਤਿਆਰ ਕਰਦਾ ਹੈ, ਉਹ ਆਪਣਾ ਅਤੇ ਆਪਣੇ ਬੱਚਿਆਂ ਦਾ ਜਿਸਮ ਵੀ ਨਹੀਂ ਢੱਕ ਸਕਦਾ। ਰਾਜ, ਲੁਹਾਰ ਤੇ ਤਰਖਾਣ ਜਿਹੜੇ ਸ਼ਾਨਦਾਰ ਮਹੱਲ ਉਸਾਰਦੇ ਹਨ, ਨਥਾਵਿਆਂ ਵਾਂਗ ਗੰਦੇ ਖੋਲਿਆਂ ਵਿੱਚ ਰਹਿੰਦੇ ਹਨ।
ਦੂਜੇ ਪਾਸੇ ਸਮਾਜ ਦਾ ਲਹੂ ਪੀਣੇ ਪੂੰਜੀਪਤੀ ਕਰੋੜਾਂ ਰੁਪਈਆ ਆਪਣੇ ਮਨ ਦੀ ਮੌਜ ਲਈ ਰੋੜ ਦਿੰਦੇ ਹਨ। ਇਸ ਨਾ-ਬਰਾਬਰੀ ਅਤੇ ਬਦੋਬਦੀ ਠੋਸੇ ਗਏ ਭੇਦ ਭਾਵ ਦਾ ਨਤੀਜਾ ਹਫੜਾ-ਦਫੜੀ ਹੋਵੇਗਾ। ਇਹ ਹਾਲਤ ਬਹੁਤਾ ਚਿਰ ਕਾਇਮ ਨਹੀਂ ਰਹਿ ਸਕਦੀ। ਇਹ ਸਾਫ ਹੈ ਕਿ ਹੁਣ ਵਾਲਾ ਸਮਾਜਿਕ ਢਾਂਚਾ ਜਿਹੜਾ ਦੂਸਰਿਆਂ ਦੀਆਂ ਮਜਬੂਰੀਆਂ ਤੇ ਰੰਗ ਰਲੀਆਂ ਮਨਾ ਰਿਹਾ ਹੈ, ਇਕ ਜਵਾਲਾ ਮੁਖੀ ਦੇ ਮੂੰਹ ‘ਤੇ ਬੈਠਾ ਹੈ।
ਇਨਕਲਾਬ ਤੋਂ ਸਾਡਾ ਮਤਲਬ ਹੈ ਕਿ ਨੰਗੇ ਅਨਿਆਂ ਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਬਦਲਣਾ ਚਾਹੀਦਾ ਹੈ। ਇਸ ਐਕਸ਼ਨ ‘ਤੇ ਮਹਾਤਮਾ ਗਾਂਧੀ ਨੇ ਕਿਹਾ ਸੀ, “ਬੰਬ ਸੁਟਣ ਵਾਲਿਆਂ ਨੇ ਆਜ਼ਾਦੀ ਦੇ ਉਸ ਨਿਸ਼ਾਨੇ ਨੂੰ ਢਾਹ ਲਾਈ ਜਿਸ ਦੇ ਨਾਂ ਉਤੇ ਉਨ੍ਹਾਂ ਬੰਬ ਸੁਟੇ ਹਨ।
ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਇਸ ਐਕਸ਼ਨ ਦੀ ਜ਼ੁਬਾਨੀ ਕਲਾਮੀ ਜਾਂ ਚੋਰੀ ਛਿਪੇ ਵੀ ਹਮਾਇਤ ਨਹੀਂ ਕਰਨੀ ਚਾਹੀਦੀ।” ਭਗਤ ਸਿੰਘ ਨੇ ਅਦਾਲਤ ਵਿਚ ਇਸ ਐਕਸ਼ਨ ਨੂੰ ਸਹੀ ਠਹਿਰਾਉਂਦਿਆਂ ਕਿਹਾ ਸੀ, ਹਥਿਆਰਾਂ ਦੀ ਬੇਲੋੜੀ ਵਰਤੋਂ ਨਿਰੀਪੁਰੀ ਹਿੰਸਾ ਹੁੰਦੀ ਹੈ ਅਤੇ ਇਸ ਦੀ ਕੋਈ ਵਾਜਬੀਅਤਾ ਨਹੀਂ ਹੁੰਦੀ,ਪਰ ਜਦੋਂ ਹਥਿਆਰਾਂ ਦੀ ਵਰਤੋਂ ਕਿਸੇ ਵਾਜਬ ਮਕਸਦ ਦੀ ਪ੍ਰਾਪਤੀ ਦੀ ਜਦੋਜਹਿਦ ਨੂੰ ਅੱਗੇ ਵਧਾਉਣ ਲਈ ਕੀਤੀ ਜਾਂਦੀ ਹੈ ਤਾਂ ਇਹ ਨੈਤਿਕ ਪਖੋਂ ਜ਼ਾਇਜ ਹੁੰਦੀ ਹੈ। ਸੰਘਰਸ਼ਾਂ ਵਿੱਚੋਂ ਹਥਿਆਰਾਂ ਨੂੰ ਬਿਲਕੁਲ ਹੀ ਮਨਫੀ ਕਰਨਾ ਮਹਿਜ ਖਾਮ ਖਿਆਲੀ ਹੀ ਹੈ।
ਅੱਜ ਸਮੇਂ ਦੇ ਹਾਕਮਾਂ ਵਲੋਂ ਉਸ ਦੀ ਵਿਚਾਰਧਾਰਾ ਨੂੰ ਧੁੰਦਲਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕਦੇ ਗਾਇਤਰੀ ਮੰਤਰਾਂ ਦਾ ਜਾਪ ਕਰਨ ਵਾਲਾ, ਕਦੇ ਸੰਧੂਆਂ ਦਾ ਮੁੰਡਾ ਤੇ ਕਦੇ ਹੱਥ ਵਿਚ ਪਿਸਤੌਲ ਰੱਖਣ ਵਜੋਂ ਪ੍ਰਚਾਰਿਆ ਜਾ ਰਿਹਾ। ਭਗਵੇਂ ਹਮਲੇ ਕਾਰਨ ਪੈਦਾ ਹੋਏ ਸਹਿਮੇ ਮਾਹੌਲ ਵਿੱਚ ਬੁਰਜੁਆ ਲੀਡਰਸ਼ਿਪ ਵਲੋਂ ਧਾਰੀ ਚੁੱਪ ਬਾਰੇ ਭਗਤ ਸਿੰਘ ਹੋਰਾਂ ਵਲੋਂ ਉਸ ਸਮੇਂ ਦੀ ਲੀਡਰਸ਼ਿਪ ਬਾਰੇ ਟਿੱਪਣੀਆਂ ਅੱਜ ਦੀ ਲੀਡਰਸ਼ਿਪ ‘ਤੇ ਵੀ ਪੂਰੀ ਤਰ੍ਹਾਂ ਢੁਕਦੀਆਂ ਹਨ। “ਉਹ ਲੀਡਰ, ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਦਾ ਭਾਰ ਆਪਣੇ ਮੋਢਿਆਂ ‘ਤੇ ਚੁਕਿਆ ਹੋਇਆ ਸੀ ਤੇ ਜਿਹੜੇ ‘ਸਾਂਝੀ ਕੌਮੀਅਤ’ ਅਤੇ ‘ਸਵਰਾਜ’ ਦੇ ਦਮਗਜੇ ਮਾਰਦੇ ਨਹੀਂ ਸਨ ਥਕਦੇ ਜਾਂ ਸ਼ਰਮ ਨਾਲ ਆਪਣੇ ਸਿਰ ਝੁਕਾਈ ਚੁਪ ਚਾਪ ਬੈਠੇ ਹਨ ਜਾਂ ਅੰਨੇ ਧਰਮੀ ਤੁਅੱਸਬ ਦੀ ਹਨੇਰੀ ਦੇ ਨਾਲ ਵਹਿ ਗਏ ਹਨ।”