ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ
ਜਲੰਧਰ ਲੋਕਸਭਾ ਹਲਕੇ ਦੀ ਉਪ ਚੋਣ ਲਈ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ । ਬੇਸ਼ਕ ਸਾਰੀਆਂ ਰਾਜਸੀ ਧਿਰਾਂ ਦੇ ਆਗੂ ਇੱਕ-ਦੂਜੇ ਉਪਰ ਤਿੱਖੇ ਹਮਲੇ ਕਰਨ ਲੱਗੇ ਹਨ ਪਰ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਪਾਰਲੀਮੈਂਟ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੂਰੀ ਤਰ੍ਹਾਂ ਨਿਸ਼ਾਨੇ ’ਤੇ ਲਿਆ ਹੋਇਆ ਹੈ। ਸਿੱਧੂ ਵੱਲੋਂ ਪੰਜਾਬ ਦੇ ਮੁੱਦਿਆਂ ਉਪਰ ਭਗਵੰਤ ਮਾਨ ਨੂੰ ਖੁਲ੍ਹੀ ਬਹਿਸ ਦੀ ਚੁਣੌਤੀ ਵੀ ਦਿੱਤੀ ਗਈ ਹੈ। ਸਿੱਧੂ ਦਾ ਕਹਿਣਾ ਹੈ ਕਿ ਆਪ ਵੱਲੋਂ ਚੋਣਾਂ ਵੇਲੇ ਪੰਜਾਬੀਆਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਪਰ ਉਹਨਾਂ ਵਿਚੋਂ ਕੋਈ ਵਾਅਦਾ ਵੀ ਪੂਰਾ ਨਹੀਂ ਹੋਇਆ। ਸੂਬੇ ਦੀ ਆਰਥਿਕ ਹਾਲਤ ਮਾੜੀ ਹੈ ਅਤੇ ਕਰਜ਼ਾ ਲੈ ਕੇ ਸਰਕਾਰ ਕੰਮ ਚਲਾ ਰਹੀ ਹੈ। ਹਾਕਿਮ ਧਿਰ ਆਮ ਆਦਮੀ ਪਾਰਟੀ ਸਿੱਧੇ ਤੌਰ ’ਤੇ ਸਿੱਧੂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਟਾਲਾ ਵੱਟ ਰਹੀ ਹੈ। ਜੇਕਰ ਕਾਂਗਰਸ ਪਾਰਟੀ ਦੀ ਇਸ ਹਲਕੇ ਲਈ ਚੋਣ ਮੁਹਿੰਮ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦਾ ਲੰਮੇਂ ਸਮੇਂ ਤੋਂ ਲੋਕਾਂ ਵਿਚ ਅਧਾਰ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਹਲਕੇ ਵਿਚ ਡੇਰੇ ਲਾ ਦਿੱਤੇ ਗਏ ਹਨ। ਮੰਤਰੀ ਮੰਡਲ ਦੇ ਮੈਂਬਰ, ਆਪ ਦੇ ਵਿਧਾਇਕ ਅਤੇ ਸੀਨੀਅਰ ਆਗੂ ਹਲਕੇ ਵਿਚ ਆਪ ਨੂੰ ਜਤਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਲਈ ਇਹ ਚੋਣ ਇੱਕ ਵੱਡੀ ਚੁਣੌਤੀ ਬਣਦੀ ਨਜ਼ਰ ਆ ਰਹੀ ਹੈ। ਇਹ ਹੀ ਕਾਰਨ ਹੈ ਕਿ ਆਪ ਵੱਲੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਿੰਕੂ ਨੂੰ ਆਪ ਵਿਚ ਸ਼ਾਮਿਲ ਕਰ ਕੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਜੇਕਰ ਦੂਜੀਆਂ ਵਿਰੋਧੀ ਧਿਰਾਂ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਵੱਲੋਂ ਵੀ ਤਕੜੀ ਸਰਗਰਮੀ ਵਖਾਈ ਜਾ ਰਹੀ ਹੈ। ਖਾਸਤੌਰ ’ਤੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਡਿਪਟੀ ਸਪੀਕਰ ਲੋਕਸਭਾ ਚਰਨਜੀਤ ਸਿੰਘ ਅਟਵਾਲ ਦੇ ਬੇਟੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਭਾਜਪਾ ਵਿਚ ਸ਼ਾਮਲ ਕਰਕੇ ਆਪਣੇ ਪੁਰਾਣੇ ਸਹਿਯੋਗੀ ਅਕਾਲੀ ਦਲ ਨੂੰ ਤਕੜਾ ਝਟਕਾ ਦਿੱਤਾ ਹੈ। ਚਰਨਜੀਤ ਸਿੰਘ ਅਟਵਾਲ ਦਹਾਕਿਆਂ ਤੋਂ ਅਕਾਲੀ ਦਲ ਦੇ ਸਰਗਰਮ ਆਗੂ ਰਹੇ ਹਨ। ਪੰਜਾਬ ਵਿਧਾਨਸਭਾ ਵਿਚ ਅਕਾਲੀ ਸਰਕਾਰ ਵੇਲੇ ਅਟਵਾਲ ਸਪੀਕਰ ਰਹੇ ਹਨ। ਪਿਛਲੀ ਵਿਧਾਨਸਭਾ ਚੋਣ ਵੇਲੇ ਚਰਨਜੀਤ ਸਿੰਘ ਅਟਵਾਲ ਅਤੇ ਉਸਦੇ ਲੜਕੇ ਇੰਦਰ ਇਕਬਾਲ ਸਿੰਘ ਅਟਵਾਲ ਵਿਚੋਂ ਕਿਸੇ ਨੂੰ ਵੀ ਵਿਧਾਨਸਭਾ ਲਈ ਟਿਕਟ ਨਹੀਂ ਦਿੱਤੀ ਗਈ। ਇਸ ਕਰਕੇ ਅਟਵਾਲ ਪਰਿਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਰਾਜ਼ ਚੱਲਿਆ ਆ ਰਿਹਾ ਸੀ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਚਰਨਜੀਤ ਸਿੰਘ ਅਟਵਾਲ ਪਿਛਲੇ ਸਮੇਂ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਆਗੂਆਂ ਨੂੰ ਵੀ ਮਿਲਦੇ ਰਹੇ ਹਨ। ਬੇਸ਼ਕ ਸੀਨੀਅਰ ਨੇਤਾ ਚਰਨਜੀਤ ਸਿੰਘ ਅਟਵਾਲ ਸਿੱਧੇ ਤੌਰ ’ਤੇ ਭਾਜਪਾ ਵਿਚ ਸ਼ਾਮਲ ਨਹੀਂ ਹੋਏ ਹਨ ਪਰ ਸਮਝਿਆ ਜਾਂਦਾ ਹੈ ਕਿ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਇੰਦਰ ਇਕਬਾਲ ਸਿੰਘ ਅਟਵਾਲ ਭਾਜਪਾ ਵਿਚ ਸ਼ਾਮਲ ਹੋਏ ਹਨ। ਇਸ ਤਰ੍ਹਾਂ ਅਕਾਲੀ ਦਲ ਲਈ ਵੀ ਇਹ ਚੋਣ ਇੱਕ ਵੱਡੀ ਚੁਣੌਤੀ ਬਣ ਕੇ ਸਾਹਮਣੇ ਆ ਰਹੀ ਹੈ। ਅਕਾਲੀ ਦਲ ਵੱਲੋਂ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਵੀ ਨਹੀਂ ਕੀਤਾ ਗਿਆ।
ਬੇਸ਼ਕ ਜਲੰਧਰ ਦੀ ਉਪ ਚੋਣ ਦਾ ਜੋ ਵੀ ਨਤੀਜਾ ਆਏਗਾ, ਉਹ ਇੱਕ ਸਾਲ ਲਈ ਹੋਵੇਗਾ ਕਿਉਂ ਜੋ ਅਗਲੇ ਸਾਲ ਪਾਰਲੀਮੈਂਟ ਦੀਆਂ ਆਮ ਚੋਣਾਂ ਆ ਰਹੀਆਂ ਹਨ ਪਰ ਇਹ ਸਮਝਿਆ ਜਾ ਰਿਹਾ ਹੈ ਕਿ ਜਲੰਧਰ ਦੀ ਉਪ ਚੋਣ ਪੰਜਾਬ ਦੀ ਰਾਜਨੀਤੀ ਲਈ ਇੱਕ ਨਵਾਂ ਮੋੜ ਲੈ ਕੇ ਆਏਗੀ। ਇਸ ਲਈ ਆਮ ਆਦਮੀ ਪਾਰਟੀ ਲਈ ਜਿਥੇ ਇਹ ਚੋਣ ਜਿੱਤਣਾ ਇਮਤਿਹਾਨ ਪਾਸ ਕਰਨ ਦੇ ਬਰਾਬਰ ਹੈ ਉਥੇ ਦੂਜੀਆਂ ਪਾਰਟੀਆਂ ਦਾ ਵੀ ਇਹ ਪਹਿਲੂ ਸਾਹਮਣੇ ਆਏਗਾ ਕਿ ਇਕ ਸਾਲ ਬਾਅਦ ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਸ਼ਾਖ ਨੂੰ ਕਿਵੇਂ ਪਰਵਾਨ ਕੀਤਾ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿਚ ਸਮੁੱਚੇ ਪੰਜਾਬ ਦੀਆਂ ਨਜ਼ਰਾਂ ਜਲੰਧਰ ਲੋਕਸਭਾ ਹਲਕੇ ਉਪਰ ਬਣੀਆਂ ਰਹਿਣਗੀਆਂ।