ਕਿਸਾਨੀ ਅੰਦੋਲਨ ‘ਚ ਕਿਸ ਨੇ ਬੀਜੇ ਨਫਰਤ ਦੇ ਬੀਜ ?

TeamGlobalPunjab
8 Min Read

-ਜਗਤਾਰ ਸਿੰਘ ਸਿੱਧੂ

( ਸੀਨੀਅਰ ਪੱਤਰਕਾਰ)

ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਫਸਲਾਂ ਦੀ ਘਟੋਂ ਘੱਟ ਸਹਾਇਕ ਕੀਮਤ ਦੀ ਗਰੰਟੀ ਲੈਣ ਲਈ ਲੜੇ ਜਾ ਰਹੇ ਕਿਸਾਨ ਅੰਦੋਲਨ ਵਿਚੋਂ ਸਮੇਂ ਦੀ ਸਰਕਾਰ ਨੇ ਇਨਾਂ ਕਿਸਾਨੀ ਮੁੱਦਿਆਂ ਨੂੰ ਛੱਡ ਕੇ ਹੋਰ ਬਹੁਤ ਕੁੱਝ ਕੱਢ ਲਿਆ ਹੈ। ਕਿਸਾਨੀ ਅੰਦੋਲਨ ਵਿੱਚੋਂ ਹਾਕਮਾਂ ਨੂੰ ਨਕਸਲੀ ਮਿਲ ਗਏ। ਖਾਲਿਸਤਾਨੀ ਮਿਲ ਗਏ। 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀਆਂ ਘਟਨਾਵਾਂ ਵਿਚੋਂ ਦੇਸ਼ ਵਿਰੁੱਧ ਵੱਡੀ ਸਾਜਿਸ਼ ਦਾ ਪਤਾ ਲੱਗ ਗਿਆ। ਪਿੰਡਾਂ ਵਿਚੋਂ ਕਿਸਾਨੀ ਅੰਦੋਲਨ ਲਈ ਹਮਾਇਤ ਵਿੱਚ ਆਏ ਕਈ ਭੋਲੇ-ਭਾਲੇ ਨੌਜਵਾਨ ਅਤੇ ਬਜ਼ੁਰਗ ਮਿਲ ਗਏ। ਜਿਹਨਾਂ ਦੇ ਪੁਲਿਸ ਰਿਮਾਂਡ ਲੈ ਕੇ ਦੇਸ਼ ਵਿਰੁੱਧ ਸਾਜਿਸ਼ ਦਾ ਪਤਾ ਲਗਾਇਆ ਜਾ ਰਿਹਾ ਹੈ। 21 ਸਾਲਾ ਦਿਸ਼ਾ ਰਵੀ, ਵਾਤਾਵਰਨ ਕਾਰਕੁਨ ਮਿਲ ਗਈ ਜਿਸ ਦੇ ਟੂਲਕਿੱਟ ਦਸਤਾਵੇਜ ਵਿਚੋਂ ਪੁਲਿਸ ਨੂੰ ਅਜਿਹੀ ਜਾਣਕਾਰੀ ਮਿਲ ਗਈ ਜਿਸ ਅਨੁਸਾਰ ਦੇਸ਼ ਵਿੱਚ ਨਫ਼ਰਤ ਅਤੇ ਗਲ਼ਤ ਅਫਵਾਹਾਂ ਫੈਲਾਉਣ ਦੀ ਵੱਡੀ ਸਾਜਿਸ਼ ਸੀ।

ਪੁਲਿਸ ਦੇ ਦਾਅਵਿਆਂ ਅਨੁਸਾਰ ਉਸਨੇ ਇਸ ਸਾਜਿਸ ਨੂੰ ਕੌਮਾਂਤਰੀ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਨਾਲ ਸਾਂਝਾ ਕੀਤਾ। ਦਿਸ਼ਾ ਨੇ ਇਹ ਜਾਨਣਾ ਚਾਹਿਆ ਕਿ ਉਸ ਦਾ ਕਸੂਰ ਕੀ ਹੈ ? ਉਹ ਤਾਂ ਦੇਸ਼ ਨੂੰ ਉਜਾੜਨਾ ਨਹੀਂ ਸਗੋਂ ਹਰਾ ਭਰਾ ਵੇਖਣਾ ਚਾਹੁੰਦੀ ਹੈ। ਉਸ ਨੇ ਤਾਂ ਬੱਸ ਕਿਸਾਨ ਅੰਦੋਲਨ ਦੀ ਹਿਮਾਇਤ ਕੀਤੀ ਹੈ। ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਮਹੀਨਿਆਂ ਤੋ਼ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਨੌਜਵਾਨ, ਬਜ਼ੁਰਗ ਅਤੇ ਔਰਤਾਂ ਮੱਥੇ ‘ਤੇ ਹੱਥ ਰੱਖ ਕੇ ਸੋਚਦੇ ਜ਼ਰੂਰ ਹੋਣਗੇ ਕਿ ਉਹਨਾਂ ਨੇ ਦਾਦਿਆਂ-ਪੜਦਾਦਿਆਂ ਅਤੇ ਉਨ੍ਹਾਂ ਦੀਆਂ ਅਗਲੀਆਂ ਪੀੜੀਆਂ ਨੇ ਕਦੇ ਨਫ਼ਰਤ ਦੀ ਖੇਤੀ ਬੀਜੀ ਨਹੀਂ ? ਉਹਨਾਂ ਨੇ ਤਾਂ ਕਦੇ ਮਾਨਵਤਾ ਦਾ ਪੱਲਾ ਹੀ ਨਹੀਂ ਛੱਡਿਆ। ਬਾਬਾ ਨਾਨਕ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਖੇਤਾਂ ਵਿੱਚ ਬੀਜੀ ਮਾਨਵਤਾ ਦੀ ਫਸਲ ਦੇ ਬੀਜ ਪੂਰੀ ਦੁਨੀਆਂ ਵਿੱਚ ਖਿੱਲਰ ਗਏ ਹਨ। ਵਿਦੇਸ਼ੀ ਧਰਤੀਆਂ ਦੇ ਹਾਕਮ ਉਹਨਾਂ ਦੇ ਮਾਨਵਤਾ ਦੇ ਸੁਨੇਹੇ ਨੂੰ ਆਪੋ-ਆਪਣੇ ਪਲੇਟਫਾਰਮਾਂ ਤੋਂ ਮਾਣ ਨਾਲ ਫੈਲਾਉਂਦੇ ਹਨ। ਇਸ ਧਰਤੀ ਦੇ ਹਜ਼ਾਰਾਂ ਬੇਟਿਆਂ ਦੀਆਂ ਹਿੱਕਾਂ ‘ਤੇ ਲੱਗੇ ਤਗਮੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹਨਾਂ ਨੇ ਆਪਣੇ ਦੇਸ਼ ਦੀ ਆਬਰੂ ਅਤੇ ਜ਼ਮੀਨ ਲਈ ਦੁਸ਼ਮਣ ਅੱਗੇ ਹਿੱਕਾਂ ਤਾਣ ਕੇ ਲੜਾਈ ਲੜੀ। ਇਸ ਧਰਤ ਦੇ ਬੇਟਿਆਂ ਨੇ ਦੇਸ਼ ਦੀ ਖਾਤਰ ਦੁਸ਼ਮਣ ਦੀ ਧਰਤੀ ‘ਤੇ ਜਾ ਕੇ ਫੌਜਾਂ ਦੇ ਆਤਮ ਸਮਰਪਣ ਕਰਵਾਏ। ਅਜਿਹਾ ਨਾ ਕਦੇ ਕਿਸੇ ਨੇ ਪਹਿਲਾਂ ਕੀਤਾ ਅਤੇ ਸ਼ਾਇਦ ਨਾ ਹੀ ਕੋਈ ਭਵਿੱਖ ਵਿਚ ਕਰ ਸਕੇ। ਫਿਰ ਉਸ ਧਰਤੀ ਤੋ਼ ਉੱਠ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਆਏ ਲੋਕਾਂ ‘ਚੋਂ ਉਹ ਸਾਰਾ ਕੁਝ ਕਿਉਂ ਲੱਭਿਆ ਜਾ ਰਿਹਾ ਹੈ ਜਿਹੜਾ ਉਹਨਾਂ ਨੇ ਕਦੇ ਰੱਖਿਆ ਹੀ ਨਹੀਂ ? ਇਨ੍ਹਾਂ ਲੋਕਾਂ ਨੇ ਕਦੇ ਨਫਰਤ ਦੀ ਫਸਲ ਬੀਜੀ ਹੀ ਨਹੀਂ ਤਾਂ ਉਹਨਾਂ ਦੀ ਸੱਚੀ-ਸੁੱਚੀ ਫ਼ਸਲ ਵਿਚੋਂ ਜ਼ਹਿਰੀਲੇ ਪੌਦੇ ਕਿਉਂ ਲੱਭੇ ਜਾ ਰਹੇ ਹਨ?

- Advertisement -

ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੀ ਜਮੂਹਰੀਅਤ ਦੇ ਸਭ ਤੋ਼ ਉਚੇ ਪਲੇਟਫਾਰਮ ਤੋ਼ ਕਿਸਾਨੀ ਅੰਦੋਲਨ ਦਾ ਮਜ਼ਾਕ ਉਡਾਉਂਦਾ ਆਖਦਾ ਹੈ ਕਿ ਕਿਸਾਨੀ ਅੰਦੋਲਨ ਉੱਤੇ ਅੰਦੋਲਨ ਜੀਵੀ ਆਪਣੀਆਂ ਰੋਟੀਆਂ ਸੇਕ ਰਹੇ ਹਨ ਤਾਂ ਰਜਨੀਤੀ ਦੇ ਬਾਰਡਰਾਂ ‘ਤੇ ਡਟੇ ਬੈਠੇ ਹਜ਼ਾਰਾਂ ਕਿਸਾਨ ਸੋਚਦੇ ਜ਼ਰੂਰ ਹੋਣਗੇ ਕਿ ਉਹ ਤਾਂ ਪਹਿਲੀ ਬਾਰ ਆਪਣੀ ਰੋਜ਼ੀ ਰੋਟੀ ਬਚਾਉਣ ਦੀ ਲੜਾਈ ਲੜਨ ਲਈ ਦਿੱਲੀ ਆਏ ਹਨ। ਫਿਰ ਉਹ ਅੰਦੋਲਨ ਜੀਵੀ ਕਿਵੇਂ ਹੋ ਗਏ ?

ਉਨ੍ਹਾਂ ਵਿਚੋਂ ਕਈਆਂ ਦੇ ਵੱਡੇ ਵਡੇਰਿਆਂ ਨੇ ਅਕਾਲੀ ਮੋਰਚਿਆਂ ‘ਚ ਹਿੱਸਾ ਲਿਆ ਹੋਵੇਗਾ ਪਰ ਉਸ ਬਾਅਦ ਤਾਂ ਪੀੜੀਆਂ ਬਦਲ ਗਈਆਂ। ਉਨ੍ਹਾਂ ਨੂੰ ਪਿੱਛੇ ਪਿੰਡਾਂ ਦੀਆਂ ਸੱਥਾਂ ਵਿਚ ਬੈਠੇ ਆਪਣੇ ਬਜ਼ੁਰਗ ਜ਼ਰੂਰ ਚੇਤੇ ਆਏ ਹੋਣਗੇ। ਜਿਨ੍ਹਾਂ ਨੇ ਉਨ੍ਹਾਂ ਨੂੰ ਥਾਪੜਾ ਦੇ ਕੇ ਤੋਰਿਆ ਸੀ ਕਿ ਪੁੱਤਰੋ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਵਾਪਸ ਮੁੜਿਓ। ਉਨ੍ਹਾਂ ਵਿਚੋਂ ਕਈ ਆਪਣੇ ਪਿੰਡਾਂ ਵਿਚ ਵਾਪਸ ਜਾ ਕੇ ਕੀ ਦਸਣਗੇ ਕਿ ਉਨ੍ਹਾਂ ਨਾਲ ਗਏ ਕੁਝ ਸਾਥੀ ਤਾਂ ਕਦੇ ਮੁੜ ਕੇ ਨਹੀਂ ਆਉਣਗੇ। ਉਨ੍ਹਾਂ ਵਿਚੋਂ ਕੋਈ ਕਿਸੇ ਦਾ ਬਾਪ ਅਤੇ ਕੋਈ ਕਿਸੇ ਭੈਣ ਦਾ ਇਕਲੌਤਾ ਭਰਾ ਸੀ। ਭੁੱਬਾ ਮਾਰ ਕੇ ਰੋਂਦੀਆਂ ਮਾਵਾਂ ਦੇ ਪੁੱਤ ਦਿੱਲੀ ਦੇ ਬਾਰਡਰਾਂ ਨੇ ਨਿਗਲ ਲਏ ਪਰ ਦੇਸ਼ ਦੇ ਹਾਕਮ ਦੀ ਅੱਖ ਵਿਚੋਂ ਲੋਕਤੰਤਰ ਦੇ ਸਭ ਤੋਂ ਵੱਡੇ ਪਲੇਟਫਾਰਮ ‘ਤੇ ਬੋਲਦਿਆਂ ਇੱਕ ਹੰਝੂ ਵੀ ਨਾ ਡਿੱਗਾ। ਅਸੀਂ ਤਾਂ ਉਸ ਸੱਭਿਅਤਾ ਦੇ ਵਾਰਸ ਹਾਂ ਜਿਸ ਰਾਹ ਤੋਂ ਲੋਕ ਸਸਕਾਰ ਲਈ ਕਿਸੇ ਦੀ ਮ੍ਰਿਤਕ ਦੇਹ ਲੈ ਕੇ ਨਿਕਲ ਰਹੇ ਹੋਣ ਤਾਂ ਅਣਜਾਣ ਲੋਕ ਵੀ ਸਿਰ ਨੀਵਾਂ ਕਰ ਲੈਂਦੇ ਹਨ।

ਦੇਸ਼ ਦੀ ਰਾਜਧਾਨੀ ਦੇ ਬਾਰਡਰਾਂ ਤੇ ਬੈਠੇ ਅੰਦੋਲਨਕਾਰੀਆਂ ਬਾਰੇ ਜਦੋਂ ਹੁਕਮਰਾਨ ਇਹ ਆਖਣ ਕਿ ਕੁਝ ਰਾਜਸੀ ਧਿਰਾਂ ਉਨ੍ਹਾਂ ਨੂੰ ਗੁਮਰਾਹ ਕਰ ਰਹੀਆਂ ਹਨ ਅਤੇ ਉਹ ਆਪਣੇ ਘਰਾਂ ਨੂੰ ਵਾਪਸ ਪਰਤ ਜਾਣ ਤਾਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਆਪਣੇ ਪਿੰਡ ਚੇਤੇ ਆਏ ਹੋਣਗੇ ਜਿਨ੍ਹਾਂ ਨੇ ਪੈਸਾ ਪੈਸਾ ਇਕੱਠਾ ਕਰ ਕੇ ਉਨ੍ਹਾਂ ਨੂੰ ਦਿੱਲੀ ਭੇਜਿਆ। ਉਨ੍ਹਾਂ ਵਿੱਚ ਬਥੇਰੇ ਅਜਿਹੇ ਹੋਣਗੇ ਜਿਹੜੇ ਸੌਦਾ ਪੱਤਾ ਲੈਣ ਲਈ ਪਿੰਡ ਨੇੜੇ ਪੈਂਦੀ ਮੰਡੀ ਵਿੱਚ ਤਾਂ ਜ਼ਰੂਰ ਗਏ ਹੋਣਗੇ ਪਰ ਦਿੱਲੀ ਤਾਂ ਉਨ੍ਹਾਂ ਦੀਆਂ ਨਸਲਾਂ ਵਿੱਚੋਂ ਤਾਂ ਕਿਸੇ ਨੇ ਵੇਖੀ ਹੀ ਨਹੀਂ ਸੀ ਹੁਣ ਹਰ ਘਰ ਵਿੱਚ ਦਿੱਲੀ ਦੀਆਂ ਗੱਲਾਂ ਹੁੰਦੀਆਂ ਹਨ। ਉਨ੍ਹਾਂ ਦੀ ਸਮਝ ਤੋਂ ਬਾਹਰ ਹੈ ਕਿ ਗੁਮਰਾਹ ਦੇਸ਼ ਦਾ ਹਾਕਮ ਹੋ ਗਿਆ ਤੇ ਪਿੰਡਾਂ ਵਾਲਿਆਂ ਨੂੰ ਆਖ ਰਿਹਾ ਹੈ ਕਿ ਗੁਮਰਾਹ ਤੁਸੀਂ ਹੋ ਗਏ ਹੋ। ਉਹ ਤਾਂ ਆਪਣੇ ਹਲਕਿਆਂ ਦੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਸ਼ਕਲਾਂ ਭੁਲਾ ਬੈਠੇ ਹਨ। ਇਨ੍ਹਾਂ ਵਿਧਾਇਕਾਂ ਅਤੇ ਮੰਤਰੀਆਂ ਬਗੈਰ ਪਰਿਵਾਰ ਵਿਚ ਮੁੰਡੇ ਜਾਂ ਕੁੜੀ ਦਾ ਵਿਆਹ ਉਦੋਂ ਤੱਕ ਸੰਪੂਰਨ ਨਹੀਂ ਮੰਨਿਆ ਜਾਂਦਾ ਸੀ ਜਦੋਂ ਤੱਕ ਉਹ ਆ ਕੇ ਜੋੜੀ ਨੂੰ ਅਸ਼ੀਰਵਾਦ ਨਹੀਂ ਦੇ ਜਾਂਦੇ ਸਨ। ਇਹ ਨੇਤਾ ਪਰਿਵਾਰ ਦੇ ਦੁੱਖ ਵਿਚ ਹਾਜ਼ਰੀ ਲਗਵਾਉਣੀ ਆਪਣਾ ਰਾਜਸੀ ਫਰਜ਼ ਮੰਨਦੇ ਹਨ। ਪਰ ਹੁਣ ਇਨ੍ਹਾਂ ਪਰਿਵਾਰਾਂ ਵਿਚ ਰਾਜੇਵਾਲ, ਉਗਰਾਹਾਂ, ਬੁਰਜਗਿੱਲ, ਟਿਕੈਤ ਅਤੇ ਪੰਧੇਰ ਵਰਗੇ ਕਿਸਾਨ ਆਗੂਆਂ ਦੇ ਬਿਆਨ ਦੀਆਂ ਗੱਲਾਂ ਹੁੰਦੀਆਂ ਹਨ। ਹੁਣ ਤਾਂ ਇਹ ਗੱਲਾਂ ਹੁੰਦੀਆਂ ਹਨ ਕਿ ਕੌਣ ਪਿੰਡ ਦਾ ਕਿੰਨੇ ਦਿਨ ਦਿੱਲੀ ਲਾ ਕੇ ਵਾਪਸ ਮੁੜ ਆਇਆ ਹੈ ਤੇ ਕਿਹੜੇ ਹੋਰ ਜਾਣ ਲੱਗੇ ਹਨ। ਪਿੰਡਾਂ ਦੀਆਂ ਸੱਥਾਂ ਵਿਚ ਬੈਠੇ ਸਿਆਣੇ ਇਹ ਵੀ ਆਖਦੇ ਹਨ ਕਿ ਉਹ ਤਾਂ ਆਪਣੀ ਲੜਾਈ ਲੜ ਰਹੇ ਹਨ, ਕਿਸੇ ਨੇਤਾ ਜਾਂ ਯੂਨੀਅਨ ਦੀ ਲੜਾਈ ਨਹੀਂ ਲੜ ਰਹੇ। ਦਿੱਲੀ ਦੇ ਬਾਡਰਾਂ ‘ਤੇ ਬੈਠੇ ਬਜ਼ੁਰਗਾਂ ਵਿਚੋਂ ਕਈਆਂ ਨੇ ਆਪਣੀ ਜਵਾਨੀ ਵੇਲੇ ਕਾਲੀਆਂ ਬੋਲੀਆਂ ਹਨੇਰੀਆਂ ਵੀ ਵੇਖੀਆਂ ਹਨ। ਕਿਵੇਂ ਹੱਥ ਮਾਰਿਆ ਨਜ਼ਰ ਨਹੀਂ ਆਉਂਦਾ ਸੀ। ਕਿਵੇਂ ਰਾਜਸਥਾਨ ਦੇ ਟਿੱਬਿਆਂ ਦਾ ਰੇਤਾ ਕਾਲੀ ਹਨੇਰੀ ਉਨ੍ਹਾਂ ਦੇ ਘਰਾਂ ਅਤੇ ਖੇਤਾਂ ਤੇ ਲਿਆ ਕੇ ਸੁੱਟ ਦਿੰਦੀ ਸੀ। ਹੁਣ ਇਨ੍ਹਾਂ ਬਜ਼ੁਰਗਾਂ ਦੀ ਸਮਝ ਤੋਂ ਬਾਹਰ ਹੈ ਕਿ ਇਹ ਕਿਹੋ ਜਿਹੀ ਰਾਜਸੀ ਕਾਲੀ ਹਨੇਰੀ ਹੈ ? ਇਹ ਹਨੇਰੀ ਤੋਂ ਪਾਕਿਸਤਾਨ, ਚੀਨ, ਅਮਰੀਕਾ, ਕੈਨੇਡਾ ਅਤੇ ਸਵੀਡਨ ਦਾ ਰੇਤਾ ਉਨ੍ਹਾਂ ਦੇ ਸਿਰਾਂ ਤੇ ਲਿਆ ਕੇ ਸੁੱਟ ਰਹੀ ਹੈ। ਅੱਗੇ ਹਨੇਰੀ ਲੰਘ ਜਾਂਦੀ ਤਾਂ ਲੋਕ ਮੂੰਹ ਸਿਰ ਝਾੜ ਕੇ ਫਿਰ ਆਪੋ-ਆਪਣੇ ਕੰਮੀ ਲਗ ਜਾਂਦੇ। ਨਵੀਂ ਕਿਸਮ ਦੀ ਹਨੇਰੀ ਤਾਂ ਸਮਝ ਤੋਂ ਬਾਹਰ ਹੈ। ਕਿਉਂ ਜੋ ਪੁਲੀਸ ਵਾਲਾ ਆ ਕੇ ਹੁਕਮ ਝਾੜਦਾ ਹੈ ਕਿ ਤੂੰ ਸਿਰ ਵਿੱਚ ਕਿਥੋਂ ਦਾ ਰੇਤਾ ਪਵਾਈ ਫਿਰਦਾ ਹੈ ? ਥਾਣੇ ਚੱਲ ਕੇ ਜਵਾਬ ਦੇ! ਰਾਜਧਾਨੀ ਦੇ ਬਾਰਡਰਾਂ ‘ਤੇ ਬੈਠੇ ਸਿਆਣਿਆਂ ਨੂੰ ਪੁੱਤਾਂ ਵਾਂਗ ਪਾਲੀਆਂ ਕਣਕ ਦੀਆਂ ਫਸਲਾਂ ਵੀ ਚੇਤੇ ਆਉਂਦੀਆਂ ਹਨ। ਪਹਿਲਾਂ ਉਹ ਮੰਡੀ ਦੇ ਵਿਚ ਬੋਹਲ ਦੀ ਰਾਖੀ ਖੂੰਡੀ ਫੜ ਕੇ ਬੈਠਦੇ ਸਨ ਪਰ ਹੁਣ ਤਾਂ ਜ਼ਮੀਨ ਅਤੇ ਜ਼ਮੀਰ ਦੀ ਲੜਾਈ ਸਾਰੇ ਪਿੰਡਾਂ ਵਾਲੇ ਲੜ ਰਹੇ ਹਨ। ਉਨ੍ਹਾਂ ਨੂੰ ਰੱਬ ਵਰਗਾ ਭਰੋਸਾ ਹੈ ਕਿ ਬੋਹਲ ਦੀ ਰਾਖੀ ਹੁਣ ਆਪੇ ਪਿਛਲੇ ਕਰ ਲੈਣਗੇ।

ਸੰਪਰਕ

(98140-02186 )

- Advertisement -
Share this Article
Leave a comment