-ਪਰਨੀਤ ਕੌਰ
ਪੰਜਾਬ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ। ਇੱਥੋਂ ਦੇ ਲੋਕ ਬਹਾਦਰ ਅਤੇ ਅਣਖੀ ਹਨ। ਸਖਤ ਮਿਹਨਤ ਕਰਨ ਦੀ ਤਹਿਜੀਬ ਇਹਨਾਂ ਨੂੰ ਗੁੜਤੀ ਵਿੱਚ ਮਿਲੀ ਹੈ। ਵੱਡੇ-ਵੱਡੇ ਕਵੀ ਇਹਨਾਂ ਦੀ ਪ੍ਰਸੰਸਾ ਕੀਤੇ ਬਿਨਾਂ ਰਹਿ ਨਾ ਸਕੇ। ਕਦੀ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਪਰ ਅੱਜ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਵਾਲੇ ਕਿਸਾਨ ਨੂੰ ਲਕਵਾ ਮਾਰ ਗਿਆ। ਅੱਜ ਦੇ ਦੌਰ ਵਿਚ ਸੰਸਾਰ ਦਾ ਅੰਨਦਾਤਾ ਕਿਸਾਨ ਦੁਨੀਆ ਉੱਤੇ ਅਜਿਹਾ ਇੱਕੋ-ਇੱਕ ਮਨੁੱਖ ਹੈ, ਜੋ ਬੇ-ਆਰਾਮ ਹੈ। ਜੋ ਬਿਨਾਂ ਧੁੱਪ-ਛਾਂ, ਗਰਮੀ-ਸਰਦੀ ਦੀ ਪ੍ਰਵਾਹ ਕਰੇ, ਆਪਣੀਆਂ ਫ਼ਸਲਾਂ ਬੀਜਦਾ, ਪਾਲਦਾ ਅਤੇ ਵੇਚਦਾ ਹੈ, ਅਤੇ ਉਸ ਤੋਂ ਪ੍ਰਾਪਤ ਆਮਦਨ ਨਾਲ ਆਪਣਾ ਗੁਜਾਰਾ ਕਰਦਾ ਹੈ। ਕਿਸਾਨ ਉਹ ਇਨਸਾਨ ਹੈ, ਜੋ ਨਾ ਧੁੱਪ ਵੇਖਦਾ ਹੈ, ਨਾ ਛਾਂ ਵੇਖਦਾ ਹੈ ਅਤੇ ਲਗਾਤਾਰ ਦਿਨ-ਰਾਤ ਸਖਤ ਮਿਹਨਤ ਕਰਕੇ ਫ਼ਸਲਾਂ ਨੂੰ ਪੁੱਤਾਂ ਵਾਂਗ ਪਾਲਦਾ ਹੈ। ਪਰ ਜਿਉਂ-ਜਿਉਂ ਉਸ ਦੀ ਸਖ਼ਤ ਮਿਹਨਤ ਕਰਕੇ ਪਾਲੀ ਫ਼ਸਲ ਨੂੰ ਵੱਢ ਕੇ ਵੇਚਣ ਦਾ ਸਮਾਂ ਨਜ਼ਦੀਕ ਆਉਂਦਾ ਹੈ, ਤਿਉਂ-ਤਿਉਂ ਕਦੀ ਤਾਂ ਰੱਬ ਮੀਂਹ, ਝੱਖੜ, ਹਨੇਰੀ ਅਤੇ ਗੜਿਆਂ ਆਦਿ ਨਾਲ ਫ਼ਸਲਾਂ ਨੂੰ ਤਬਾਹ ਕਰ ਦਿੰਦਾ ਹੈ। ਜੇ ਕਦੀ ਫ਼ਸਲ ਬਚ ਜਾਂਦੀ ਹੈ, ਤਾਂ ਉਸ ਦਾ ਸਹੀ ਮੁੱਲ ਨਹੀਂ ਮਿਲਦਾ, ਉਹ ਮੰਡੀਆਂ ‘ਚ ਰੁਲਦੀ ਖਰਾਬ ਹੋ ਜਾਂਦੀ ਹੈ। ਫਸਲਾਂ ਦੀ ਵਾਹੀ ਲਈ ਟਰੈਕਟਰ ਟਰਾਲੀ ਆਦਿ ਹੋਰ ਲੋੜੀਂਦੀ ਦੇ ਸਾਮਾਨ ਦੇ ਨਾਲ-ਨਾਲ ਫ਼ਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਦਵਾਈਆਂ ਸਪਰੇਹਾਂ ਆਦਿ ਦਾ ਖਰਚਾ ਵੀ ਕਿਸਾਨ ਦੇ ਨੱਕ ਵਿੱਚ ਦਮ ਕਰਕੇ ਰੱਖਦਾ ਹੈ। ਜਿਸ ਤਰ੍ਹਾਂ ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦਾ ਧੀ ਪੁੱਤ ਸੁੱਖੀ ਵਸੇ। ਇਸ ਲਈ ਉਹ ਦਿਨ ਰਾਤ ਸਖ਼ਤ ਮਿਹਨਤ ਕਰਦਾ। ਬੱਚਿਆਂ ਦੀ ਪੜ੍ਹਾਈ ਦੇ ਖਰਚੇ ਹਰ ਆਮ ਇਨਸਾਨ ਦਾ ਲੱਕ ਤੋੜ ਦਿੰਦੇ ਹਨ। ਪਰ ਵੀ ਫਿਰ ਵੀ ਉਹ ਕੋਸ਼ਿਸ਼ ਕਰਦੇ ਹਨ ਕਿ, ਚਲੋ ਜੇ ਮੇਰਾ ਬੱਚਾ ਕਿਸੇ ਨੌਕਰੀ ਉੱਤੇ ਲੱਗ ਜਾਵੇ ਅਤੇ ਮੇਰੀ ਧੀ ਕਿਸੇ ਅੱਛੇ ਘਰ ਵਿਆਹੀ ਜਾਵੇ। ਪਰ ਅੱਜ ਕੱਲ ਇਹ ਸਭ ਕੁਝ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈ। ਇਸੇ ਤਰ੍ਹਾਂ ਸੋਚਦਾ ਹੋਇਆ ਇੱਕ ਕਿਸਾਨ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ ਹੈ ਅਤੇ ਆਪਣੀਆਂ ਧੀਆਂ ਨੂੰ ਚੰਗੇ-ਚੰਗੇ ਘਰਾਂ ਚ ਵਿਆਹੁਣ ਦੀ ਸੋਚਦਾ ਹੈ। ਪਰ ਹਾਲਾਤ ਉਸ ਦਾ ਸਾਥ ਨਹੀਂ ਦਿੰਦੇ। ਉਹ ਬੱਚਿਆਂ ਦੇ ਭਲੇ ਲਈ ਅਤੇ ਉਹਨਾਂ ਦੇ ਭਵਿੱਖ ਨੂੰ ਸੰਵਾਰਨ ਲਈ ਕਰਜ਼ਾ ਚੁੱਕਣ ਲਈ ਮਜਬੂਰ ਹੁੰਦਾ ਹੈ, ਪਰ ਚੁੱਕਿਆ ਕਰਜ਼ਾ ਉਹ ਮੋੜ ਨਹੀਂ ਪਾਉਂਦਾ, ਕਿਉਂਕਿ ਹਰ ਵਾਰ ਫਸਲਾਂ ਦਾ ਸਿਲਸਿਲਾ ਇੰਝ ਹੀ ਚੱਲਦਾ ਰਹਿੰਦਾ ਹੈ। ਨਾ ਕੋਈ ਸਰਕਾਰ ਕਿਸਾਨਾਂ ਦੀ ਮਦਦ ਕਰਦੀ ਹੈ ਨਾ ਹੀ ਕਿਸਾਨਾਂ ਨੂੰ ਫਸਲਾਂ ਦੀ ਪੂਰੀ ਕੀਮਤ ਮਿਲਦੀ ਹੈ। ਅੰਤ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਖ਼ੁਦਕੁਸ਼ੀਆਂ ਕਰ ਲੈਂਦੇ ਹਨ। ਭਲਾਂ ਉਨ੍ਹਾਂ ਦਾ ਕਿਹੜਾ ਜੀਅ ਨਹੀਂ ਕਰਦਾ ਕਿ ਉਹ ਆਪਣੇ ਪਰਿਵਾਰ ਵਿੱਚ ਆਪਣੇ ਬੱਚੇ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਜਿਉਣ ?ਕਿਸਾਨਾਂ ਦੀਆਂ ਫਸਲਾਂ ‘ਚ ਚਾਹੇ ਆਲੂ, ਚਾਹੇ ਚਾਵਲ, ਚਾਹੇ ਹਰੀ ਮਿਰਚ ਜਾਂ ਸਬਜ਼ੀਆਂ ਹੋਣ, ਉਨ੍ਹਾਂ ਦੀ ਕੀਮਤ ਮੰਡੀ ਵਿੱਚ ਚਾਲੀ ਰੁਪਏ ਤੋਂ ਉੱਪਰ ਨਹੀਂ ਟੱਪ ਦੀ, ਜਦੋਂ ਕਿ ਫਸਲ ਨੂੰ ਬੀਜਣ ਤੋਂ ਮੰਡੀ ਤੱਕ ਲਿਆਉਣ ਲਈ ਜਿੰਨ੍ਹਾਂ ਖਰਚਾ ਕਿਸਾਨ ਦਾ ਹੁੰਦਾ ਹੈ, ਉਸ ਦਾ ਪੂਰਾ-ਪੂਰਾ ਵੀ ਕਿਸਾਨ ਨੂੰ ਨਹੀਂ ਬਚਦਾ। ਪਰ ਉਸੇ ਫਸਲ ਦੀ ਮੰਡੀ ਤੋਂ ਮਾਰਕੀਟ ਤੱਕ ਪਹੁੰਚਦੇ-ਪਹੁੰਚਦੇ ਦੁੱਗਣੀ ਕੀਮਤ ਵੱਧ ਜਾਂਦੀ ਹੈ। ਇਹ ਮੰਡੀਕਰਨ ਸਿਰਫ ਵੱਡੀਆਂ ਹਸਤੀਆਂ ਦੇ ਲਾਭ ਲਈ ਹੁੰਦਾ ਹੈ, ਨਾ ਕਿ ਕਿਸਾਨਾਂ ਲਈ। ਮੰਡੀਕਰਨ ਦਾ ਉਹ ਕੰਮ ਹੈ “ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ” ਇਸ ਤੋਂ ਭਾਵ ਹੈ ਕਿ ਲਾਭ ਲੈਣ ਵਾਲੇ ਵੱਡੇ ਵੱਡੇ ਵਪਾਰੀ ਹਨ ਤੇ ਮੁਸ਼ਕਿਲਾਂ ਸਹਿਣ ਨੂੰ ਕਿਸਾਨ ਹਨ।
ਅੱਜ ਜਦੋਂ ਕਰੋਨਾ ਵਾਇਰਸ ਨਾਲ ਪੰਜਾਬ ਵਿੱਚ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ ਤਾਂ ਕਿਸਾਨਾਂ ਲਈ ਉਨੀਆਂ ਹੀ ਸਮੱਸਿਆਵਾਂ ਹੋਰ ਸਿਰ ਚੁੱਕ ਰਹੀਆਂ ਹਨ। ਪਹਿਲਾਂ ਤਾਂ ਕਿਸਾਨਾਂ ਦੀਆਂ ਫਸਲਾਂ ਮੰਡੀਆਂ ‘ਚ ਰੁਲਦੀਆਂ ਸਨ। ਇਸ ਵਾਰ ਕਈਆਂ ਦੀਆਂ ਘਰਾਂ ‘ਚ ਰੁਲੀਆਂ ਨੇ ਅਤੇ ਕਈਆਂ ਦੀਆਂ ਖੇਤਾਂ ਵਿੱਚ ਮੀਂਹ ਨਾਲ ਖਰਾਬ ਹੋ ਗਈਆਂ। ਇੰਨਾ ਹੀ ਨਹੀਂ ਕਈਆਂ ਦੀਆਂ ਤਾਂ ਮੰਡੀਆਂ ਵਿੱਚ ਵੀ ਗਲ ਗਈਆਂ। ਵਿਚਾਰੇ ਕਿਸਾਨਾਂ ਦਾ ਉਹ ਹਾਲ ਹੈ “ਅੱਗੇ ਵਾਲੀ ਰੱਬ ਲੈ ਗਿਆ, ਪਿੱਛੇ ਵਾਲੀ ਕੁੱਤਾ ਖਾ ਗਿਆ, ਕਿਸਾਨ ਖਾਲੀ ਦਾ ਖਾਲੀ”। ਇਸ ਵਾਰ ਕਿਸਾਨਾਂ ਨੂੰ ਲੇਬਰ ਵੀ ਦੋ ਵਾਰ ਲਗਾਉਣੀ ਪਈ। ਪਹਿਲਾਂ ਘਰ ਕਣਕ ਉਤਾਰਨ ਲਈ ਤੇ ਫਿਰ ਮੰਡੀਆਂ ‘ਚ ਦੁਆਰਾ ਵੇਚਣ ਲਈ ਟਰਾਲੀਆਂ ‘ਚ ਪਾਉਣ ਲਈ। ਇਸ ਤਰਾਂ ਕਰਦੇ-ਕਰਦੇ ਕਾਫੀ ਕਣਕ ਕਿਸਾਨਾਂ ਦੀ ਖਰਾਬ ਹੋ ਗਈ ਅਤੇ ਕਾਫੀ ਪੈਸਾ ਲੇਬਰ ਨੂੰ ਦੇਣਾ ਪਿਆ। ਜਿਹੜੀ ਮੰਡੀਆਂ ‘ਚ ਗਈ ਉਹ ਬਾਰਿਸ਼ ਦੇ ਪਾਣੀ ਨਾਲ ਖਰਾਬ ਹੋ ਗਈ। ਵਿਚਾਰਾ ਕਿਸਾਨ!
“ਖਜ਼ਾਨਾ ਖਾਲੀ ਹੈ” ਸਰਕਾਰ ਨੂੰ ਤਾਂ ਇਹ ਕਹਿਕੇ ਸਰ ਜਾਂਦਾ ਹੈ, ਪਰ ਕਿਸਾਨ ਇੰਝ ਨਹੀਂ ਕਹਿ ਸਕਦਾ, ਉਹ ਝੂਰਦਾ ਜ਼ਰੂਰ ਹੈ, ਪਰ ਫਿਰ ਵੀ ਉਹ ਕਿਸੇ ਨੂੰ ਖਾਲੀ ਨਹੀਂ ਮੋੜਦਾ, ਚਾਹੇ ਕੋਈ ਗੁਰਦੁਆਰਾ ਸਾਹਿਬ ਤੋਂ ਆਏ, ਚਾਹੇ ਕੋਈ ਗਰੀਬ ਆ ਜਾਏ। ਪਤਾ ਕਿਉਂ??? ਕਿਉਂਕਿ ਉਹ ਅੰਨਦਾਤਾ ਹੈ। ਉਹ ਵੰਡ ਕੇ ਖਾਣਾ ਜਾਣਦਾ ਹੈ। ਅੱਜ ਲੋਕਾਂ ਨੂੰ ਵੱਡੇ ਉਦਯੋਗਪਤੀਆਂ ਦੇ ਉਤਪਾਦਾਂ ਬਿਨਾਂ ਤਾਂ ਸਰ ਰਿਹਾ ਹੈ, ਪਰ ਉਹ ਕਿਸਾਨਾਂ ਦੇ ਉਤਪਾਦਾਂ ਬਿਨਾ ਨਹੀਂ ਰਹਿ ਸਕਦੇ। ਜਿਵੇਂ ਕਿ ਕਣਕ, ਚਾਵਲ, ਹਰੀਆਂ ਸਬਜ਼ੀਆਂ ਆਦਿ ਉਨ੍ਹਾਂ ਦੀਆਂ ਜ਼ਰੂਰੀ ਲੋੜਾਂ ਹਨ। ਜੋ ਸਿਰਫ ਕਿਸਾਨ ਹੀ ਪੂਰੀਆਂ ਕਰ ਸਕਦੇ ਹਨ। ਕਿਸਾਨ ਕਦੀ ਵੀ ਕਿਸੇ ਨੂੰ ਆਪਣੇ ਘਰ ਤੋਂ ਖਾਲੀ ਨਹੀਂ ਮੋੜਦਾ, ਖ਼ੈਰ ਪਾ ਕੇ ਮੋੜਦਾ ਹੈ, ਭਾਵੇਂ ਕਿ ਉਸ ਨੂੰ ਖ਼ੁਦ ਘੱਟ ਵਸਤੂ ਨਾਲ ਸਾਰਨਾ ਪਵੇ। ਉਨ੍ਹਾਂ ਨੂੰ ਜੇ ਪੁੱਛੋ ਕਿ ਤੁਸੀਂ ਆਪਣੇ ਹਿੱਸੇ ਵਿੱਚੋਂ ਵੀ ਕਿਸੇ ਹੋਰ ਨੂੰ ਕਿਉਂ ਪਾ ਦਿੱਤਾ? ਤਾਂ ਉਹ ਉਨ੍ਹਾਂ ਦਾ ਜਵਾਬ ਹੁੰਦਾ ਹੈ:- ਚਲੋ ਕੋਈ ਨਾ, ਪਤਾ ਨਹੀਂ ਕਿਸ ਦੇ ਭਾਗ ਦਾ ਹੈ, ਰੱਬ ਹੋਰ ਦੇਵੇਗਾ। ਸ਼ਾਇਦ ਮੇਰੀਆਂ ਇਹ ਗੱਲਾਂ ਕਈਆਂ ਲਈ ਅਜੀਬ ਹੋਣ, ਪਰ ਸੱਚ ਹਨ। ਕੀ ਤੁਹਾਨੂੰ ਪਤੈ ਕਿ ਜਦੋਂ ਕਿਸਾਨ ਫ਼ਸਲ ਬੀਜਦਾ ਹੈ ਤਾਂ ਉਹ ਕੀ ਅਰਦਾਸ ਕਰਦਾ ਹੈ? ਉਹ ਕਹਿੰਦਾ ਹੈ ਕਿ,”ਹੇ ਪਰਮਾਤਮਾ! ਚਿੜੀ ਦਾ, ਜਨੌਰ ਦਾ, ਹਾਲੀ ਦਾ, ਪਾਲੀ ਦਾ, ਸਿੱਧ ਦਾ, ਸਾਧ ਦਾ, ਸੰਤ ਦਾ, ਗ਼ਰੀਬ ਦਾ, ਸਭ ਦੇ ਨਾਂ ਦੀ ਫਸਲ ਦੇਵੀ।” ਭਾਵ ਕਿ ਚਿੜੀ, ਜਨੌਰ, ਹਾਲੀ, ਪਾਲੀ, ਸਾਧੂ’ ਸੰਤ ਅਤੇ ਗਰੀਬ ਆਦਿ ਦਾ ਇਸ ਫ਼ਸਲ ‘ਤੇ ਹੱਕ ਹੈ। ਇਸ ਲਈ ਪਰਮਾਤਮਾ ਸਭ ਦੇ ਨਾਂ ਦੀ ਫਸਲ ਦੇਵੀ, ਸਾਨੂੰ ਇੰਨੀ ਹਿੰਮਤ ਬਖ਼ਸ਼ੀ ਕਿ ਅਸੀਂ ਸਭ ਦਾ ਢਿੱਡ ਭਰ ਸਕੀਏ।
ਇਨ੍ਹਾਂ ਭਲਾ ਤੇ ਸਖ਼ਤ ਮਿਹਨਤ ਕਰਨ ਵਾਲਾ ਇਨਸਾਨ, ਜੋ ਸਭ ਦਾ ਭਲਾ ਮੰਗਦਾ ਹੈ। ਉਸ ਦਾ ਆਪਣਾ ਖੁਦ ਦਾ ਬੁਰਾ ਹਾਲ ਹੈ, ਕੋਈ ਉਸ ਬਾਰੇ ਨਹੀਂ ਸੋਚਦਾ। ਸੱਚ ਜਾਣਿਓ, ਤੁਸੀਂ ਜੇ ਚਾਹੋ ਤਾਂ ਕਿਸਾਨਾਂ ਦੀ ਮਦਦ ਕਰ ਸਕਦੇ ਹੋ। ਜੇ ਤੁਸੀਂ ਕਿਸਾਨਾਂ ਦਾ ਸਾਥ ਦੇਵੋਂ ਤਾਂ “ਇੱਕ ਪੰਥ ਦੋ ਕਾਜ ਹੋ ਸਕਦੇ ਹਨ।” ਜਿਵੇਂ ਕਿ ਜੇਕਰ ਤੁਸੀਂ ਕਿਸਾਨ ਦੇ ਉਤਪਾਦ ਮੰਡੀ ਦੀ ਬਜਾਏ ਸਿੱਧੇ ਕਿਸਾਨ ਤੋਂ ਖਰੀਦ ਲਵੋ ਤਾਂ ਉਸ ਨੂੰ ਵੀ ਉਸ ਦੀ ਫ਼ਸਲ ਦਾ ਪੂਰਾ ਮੁੱਲ ਮਿਲ ਸਕਦਾ ਹੈ ਅਤੇ ਤੁਹਾਨੂੰ ਵੀ ਮੰਡੀ ਤੋਂ ਘੱਟ ਰੇਟ ‘ਤੇ ਵਧੀਆ ਉਤਪਾਦ ਮਿਲ ਸਕਦੇ ਹਨ। ਜੇਕਰ ਕਿਸਾਨ ਦੀ ਫ਼ਸਲ ਸਿੱਧੀ ਤੁਸੀਂ ਖਰੀਦ ਦੇ ਹੋ ਤਾਂ ਮੰਡੀਆਂ ਵਿਚ ਲਾਗਤ ਘੱਟ ਜਾਏਗੀ ਤੇ ਕਿਸਾਨ ਦੀ ਫਸਲ ਦਾ ਪੂਰਾ ਮੁੱਲ ਪੈ ਸਕਦਾ ਹੈ।
ਦੇਖੋ ਅੱਜ ਹਰ ਨੌਜਵਾਨ ਮਿਹਨਤ ਕਰਨ ਦੇ ਬਾਵਜੂਦ ਨੌਕਰੀ ਦੀ ਭਾਲ ਵਿੱਚ ਇੱਧਰ-ਉਧਰ ਘੁੰਮ ਰਹੇ ਹਨ ਤੇ ਥੱਕ ਹਾਰ ਕੇ ਬਾਹਰਲੇ ਦੇਸ਼ਾਂ ਵੱਲ ਨੂੰ ਦੌੜ ਲਗਾਉਂਦੇ ਹਨ। ਅੱਜ ਅੱਧ ਤੋਂ ਜ਼ਿਆਦਾ ਪੰਜਾਬੀ ਕਨੇਡਾ ,ਅਮਰੀਕਾ ਅਤੇ ਆਸਟਰੇਲੀਆ ਆਦਿ ਵੱਲ ਨੂੰ ਜਾ ਰਹੇ ਹਨ। ਇਸ ਪਿੱਛੇ ਆਖਿਰ ਕੌਣ ਜ਼ਿੰਮੇਵਾਰ ਹੈ, ਸਰਕਾਰ ਜਾਂ ਆਮ ਲੋਕ ??? ਅੱਜ ਪੰਜਾਬ ਵਿੱਚ ਗੁਣਾਂ ਦੀ ਜਗ੍ਹਾ ‘ਤੇ ਰੁਤਬੇ ਅਤੇ ਸਿਫ਼ਾਰਿਸ਼ ਅਨੁਸਾਰ ਹੀ ਨੌਕਰੀਆਂ ਮਿਲਦੀਆਂ ਹਨ। ਕੋਈ ਇਹ ਨਹੀਂ ਦੇਖਦਾ ਕਿ ਇੱਕ ਵਿਅਕਤੀ ਨੈੱਟ, ਟੈੱਟ ਕਲੀਅਰ ਪੀ.ਐਚ.ਡੀ. ਸਕਾਲਰ ਜ਼ਿਆਦਾ ਵਿਦਵਾਨ ਹੈ ਜਾਂ ਇਕ M.A.,B.A. ਪੜ੍ਹਿਆ ਇਨਸਾਨ ਵਿਦਵਾਨ ਹੈ। ਇੱਥੇ ਸਿਰਫ ਤੇ ਸਿਰਫ ਗਰੀਬ ਇਨਸਾਨਾਂ ਦਾ ਸ਼ੋਸ਼ਣ ਹੋ ਰਿਹਾ ਹੈ। ਗਰੀਬ ਇਨਸਾਨ ਨਾ ਚਾਹੁੰਦੇ ਹੋਏ ਵੀ ਤਕੜੇ ਦਾ ਗੁਲਾਮ ਹੈ, ਹਾਲਾਂਕਿ ਅਸੀਂ ਆਜ਼ਾਦ ਹਾਂ। ਪਤਾ ਨਹੀਂ ਆਖਿਰ ਕਦੋਂ ਤੱਕ ਝੱਲਣਾ ਪੈਣਾ ਇਹ ਸਭ ਕੁਝ? ਆਖਿਰ ਕਦੇ ਤਾਂ ਇਹ ਸਭ ਕੁਝ ਖਤਮ ਹੋਵੇਗਾ? ਕਦੀ ਨਾ ਕਦੀ ਤਾਂ ਸਭ ਰਲ ਮਿਲ ਕੇ ਖੁਸ਼ੀ ਖੁਸ਼ੀ ਰਹਿ ਪਾਉਣਗੇ। ਕਦੀ ਨਾ ਕਦੀ ਮੇਰਾ ਕਿਸਾਨ ਵੀਰ ਵੀ ਆਪਣੀ ਹਰ ਖ਼ੁਸ਼ੀ ਨੂੰ ਮਾਣ ਸਕੇਗਾ। ਕੀ ਕਦੀ ਉਸ ਦੀ ਵੀ ਸੰਸਾਰ ਵਿੱਚ ਇੱਕ ਅਨੋਖੀ ਅਤੇ ਅਹਿਮ ਪਹਿਚਾਣ ਬਣ ਸਕੇਗੀ? ਉਸ ਨੂੰ ਉਸ ਦੀ ਬਣਦੀ ਇੱਜ਼ਤ ਅਤੇ ਰੁਤਬਾ ਮਿਲਣਾ ਚਾਹੀਦਾ ਹੈ। ਜਿੱਥੇ ਅੱਜ ਜਦੋਂ ਪੂਰਾ ਪੰਜਾਬ ਆਰਥਿਕ ਸੰਕਟ ‘ਚ ਹੈ ਅਤੇ ਸਰਕਾਰਾਂ ਦੇ ਵੀ ਹੱਥ ਖੜ੍ਹੇ ਹੋ ਗਏ ਹਨ ਉੱਥੇ ਅੱਜ ਕਿਸਾਨ ਹੀ ਹੈ ਜੋ ਫਿਰ ਵੀ ਹਾਰ ਨਹੀਂ ਮੰਨ ਰਿਹਾ। ਫਿਰ ਵੀ ਉਹ ਹਰ ਹਾਲਾਤ ਨਾਲ ਲੜਦਾ ਹੋਇਆ ਦੂਜਿਆਂ ਲਈ ਜਿਉਂ ਰਿਹਾ ਹੈ। ਸੋ ਆਖਿਰ ਮੈਂ ਇਹ ਸੋਚਣ ਲਈ ਮਜਬੂਰ ਹਾਂ ਕਿ ਦੇਸ਼ ਦਾ ਅਸਲੀ ਪੁੱਤਰ ਕੌਣ ਕਿਸਾਨ ਜਾਂ ਕੋਈ ਹੋਰ? ਸੋ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਵੀ ਉਹਨਾਂ ਕਿਸਾਨਾਂ ਦਾ ਸਾਥ ਦਈਏ ਅਤੇ ਅੰਨਦਾਤਾ ਦਾ ਭਵਿੱਖ ਸਵਾਰੀਏ। ਕਿਸਾਨ ਦੀ ਜਿੰਦਗੀ ਬਾਰੇ ਸਹੀ ਕਿਹਾ ਪ੍ਰੋਫੈਸਰ ਪੂਰਣ ਸਿੰਘ ਜੀ ਨੇ :-
ਬੀਜ ਬੀਜਣ, ਇਹ ਹਲ ਚਲਾਣ,
ਘਾਲਾਂ ਘਾਲਣ ਪੂਰੀਆਂ।
ਖਾਣ ਥੋੜ੍ਹਾ, ਪਹਿਨਣ ਮੋਟਾ ਸੋਟਾ,
ਵੇਖਣ ਮੁੜ-ਮੁੜ ਬੱਦਲਾਂ,
ਇਹ ਹਨ ਜਗ ਦੇ ਭੰਡਾਰੀ,
ਰਾਜੇ ਹੱਥ ਅੱਡ-ਅੱਡ ਮੰਗਦੇ ਇੱਥੋਂ ਰੋਟੀਆਂ।
ਸੰਪਰਕ : 9872178404