ਪੁਲਿਸ ‘ਤੇ ਠੋਕਿਆ ਜੋਗਿੰਦਰ ਕੌਰ ਨੇ 8 ਕਰੋੜ ਰੁਪਏ ਦੇ ਮੁਆਵਜ਼ੇ ਦਾ ਕੇਸ
ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਲੁਧਿਆਣਾ ਨਾਲ ਸਬੰਧਤ ਐਨ.ਆਰ. ਆਈ. ਔਰਤ ਨਾਲ ਪੁਲਿਸ ਦੀ ਸ਼ਹਿ ‘ਤੇ ਕੁਝ ਲੈਂਡ ਮਾਫੀਆ ਨੇ ਵੱਡੀ ਧੋਖਾਧੜੀ ਕੀਤੀ ਪਰ ਪੁਲਿਸ ਨੇ ਉਸ ਨੂੰ ਇਨਸਾਫ ਦੇਣ ਦੀ ਬਜਾਏ ਪਰੇਸ਼ਾਨੀਆਂ ਹੀ ਦਿੱਤੀਆਂ ਅਤੇ ਝੂਠੇ ਕੇਸ ਪਾ ਦਿੱਤੇ। ਇੱਥੋਂ ਤੱਕ ਕੇ ਉਸ ਨੂੰ ਕਿਡਨੈਪ ਕਰਕੇ ਕਤਲ ਕਰਨ ਦੀ ਸਕੀਮ ਵੀ ਬਣਾਈ ਗਈ, ਪਰ ਪਿਛਲੇ 17 ਸਾਲਾਂ ਤੋਂ ਪੁਲਿਸ ਉਸ ਨੂੰ ਇਨਸਾਫ਼ ਨਹੀਂ ਦੇ ਰਹੀ। ਇੰਨਾ ਹੀ ਨਹੀਂ ਇਸ ਮਾਮਲੇ ਦੇ ਵਿੱਚ ਉਸ ਵੇਲੇ ਦੇ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਜੋ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁੱਖ ਨੀਤੀਘਾੜੇ ਹਨ, ਵੀ ਸ਼ਾਮਲ ਹਨ ਜਿਨ੍ਹਾਂ ਨੇ ਇੱਕ ਬਿਨਾਂ ਵਜੂਦ ਵਾਲੀ ਔਰਤ ਰਾਹੀਂ ਪੀੜਤ ਜੋਗਿੰਦਰ ਕੌਰ ਸੰਧੂ ‘ਤੇ ਝੂਠਾ ਕੇਸ ਪਵਾ ਦਿੱਤਾ। ਉਸ ਦੇ ਪੱਖ ‘ਚ ਹੋਈ ਇੱਕ ਜਾਂਚ ਨੂੰ ਆਪਣੀ ਜਾਂਚ ਰਾਹੀਂ ਮੁਸਤਫਾ ਨੇ ਝੂਠਾ ਕਰਾਰ ਦੇ ਦਿੱਤਾ। ਕਈ ਕੇਸਾਂ ਵਿੱਚੋਂ ਜੋਗਿੰਦਰ ਕੌਰ ਸੰਧੂ ਹੁਣ ਬਰੀ ਹੋ ਚੁੱਕੇ ਹਨ, ਪਰ ਉਨ੍ਹਾਂ ਦੀ ਇੱਕ ਕੋਠੀ ਅਜੇ ਵੀ ਲੈਂਡ ਮਾਫ਼ੀਆ ਦੇ ਕਬਜ਼ੇ ਵਿੱਚ ਹੈ। ਉਸ ਕੋਠੀ ਦਾ ਨਗੂਣੀ ਰਕਮ ਰਾਹੀਂ ਜਾਅਲੀ ਇਕਰਾਰਨਾਮਾ ਕਰਕੇ ਕੋਠੀ ‘ਤੇ ਕਬਜ਼ਾ ਕੀਤਾ ਗਿਆ ਸੀ। ਪੁਲਿਸ ਅਤੇ ਲੈਂਡ ਮਾਫੀਆ ਵੱਲੋਂ ਕੀਤੀਆਂ ਜ਼ਿਆਦਤੀਆਂ ਖ਼ਿਲਾਫ਼ ਅਤੇ ਇਨਸਾਫ਼ ਨਾਂ ਦੇਣ ਦੇ ਮਾਮਲੇ ਕਾਰਨ ਜੋਗਿੰਦਰ ਕੌਰ ਸੰਧੂ ਨੇ ਪੁਲਿਸ ਅਧਿਕਾਰੀਆਂ ਅਤੇ ਐਨ.ਆਰ.ਆਈ. ਕਮਿਸ਼ਨ ਪੰਜਾਬ ‘ਤੇ ਹੁਣ 8 ਕਰੋੜ ਰੁਪਏ ਮੁਆਵਜ਼ੇ ਦਾ ਕੇਸ ਠੋਕਿਆ ਹੋਇਆ ਹੈ।
ਜੋਗਿੰਦਰ ਕੌਰ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵੇਲੇ ਇੱਕ ਵਿਅਕਤੀ ਨੇ ਉਸ ਦੀਆਂ ਦੋ ਕੋਠੀਆਂ ‘ਤੇ ਆਪਣੇ ਸਾਲੇ ਦੀ ਮਿਲੀਭੁਗਤ ਨਾਲ ਕਬਜ਼ਾ ਕਰ ਲਿਆ ਸੀ, ਪਰ ਲੰਮੀ ਕਾਨੂੰਨੀ ਲੜਾਈ ਲੜਕੇ ਉਸ ਨੇ ਇੱਕ ਕੋਠੀ ਦਾ ਕਬਜ਼ਾ ਤਾਂ ਵਾਪਸ ਲੈ ਲਿਆ ਹੈ। ਦੂਜੀ ਕੋਠੀ ਬਾਰੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨਸਾਫ ਦੇਣ ਦੀ ਬਜਾਏ ਉਸ ਨਾਲ ਜ਼ਿਆਦਤੀਆਂ ਹੀ ਕੀਤੀਆਂ। ਉਸ ਦੇ ਘਰੋਂ ਇੱਕ ਪੁਲੀਸ ਵਾਲੇ ਨੇ ਨਕਦੀ ਅਤੇ ਹੋਰ ਮਹਿੰਗੀਆਂ ਵਸਤਾਂ ਚੋਰੀ ਕੀਤੀਆਂ ਪਰ ਅਜੇ ਤੱਕ ਵਾਪਸ ਨਹੀਂ ਕੀਤੀਆਂ। ਵੱਡੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਇਨਸਾਫ ਦੇਣ ਦੀ ਬਜਾਏ ਉਲਟਾ ਕਾਨੂੰਨੀ ਚੱਕਰਾਂ ਵਿੱਚ ਪਾ ਦਿੱਤਾ ਅਤੇ ਝੂਠੇ ਕੇਸ ਦਰਜ ਕਰਵਾ ਦਿੱਤੇ। ਜਿਨ੍ਹਾਂ ਸਬੰਧੀ ਉਸ ਨੇ ਆਰ.ਟੀ.ਆਈ. ਰਾਹੀਂ ਬਹੁਤ ਸਾਰੇ ਦਸਤਾਵੇਜ਼ ਹਾਸਲ ਕੀਤੇ ਹਨ ਜੋ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੁਲਿਸ ਨੇ ਉਸ ਨੂੰ ਸਮੇਂ ਸਿਰ ਇਨਸਾਫ਼ ਨਹੀਂ ਦਿੱਤਾ। ਇੱਕ ਕੇਸ ਤਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਪਾ ਦਿੱਤਾ ਜਦਕਿ ਉਹ ਕਦੇ ਵੀ ਸ੍ਰੀ ਮੁਕਤਸਰ ਸਾਹਿਬ ਗਈ ਹੀ ਨਹੀਂ। ਉਹ ਕੇਸਾਂ ਵਿੱਚੋਂ ਤਾਂ ਬਰੀ ਹੋ ਗਈ ਹੈ ਪਰ ਅਜੇ ਵੀ ਉਸ ਦੀ ਨਿਆਂ ਤੇ ਇਨਸਾਫ ਵਾਸਤੇ ਲੜਾਈ ਅਜੇ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਭਾਵੇਂ ਕਿ ਉਸ ਨੇ ਇੱਕ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰੇਪ ਦੇ ਝੂਠੇ ਕੇਸ ਵਿੱਚੋਂ ਗਵਾਹੀ ਦੇ ਕੇ ਬਾਹਰ ਕਢਵਾਇਆ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹੁਣ ਉਸ ਦੀ ਸੁਣਵਾਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਪੁਲਿਸ ਦੀ ਸ਼ਹਿ ‘ਤੇ ਕੁੱਝ ਗੁੰਡਿਆਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਇੱਕ ਔਰਤ ਰਾਹੀਂ ਝੂਠੇ ਕੇਸ ਵੀ ਪਵਾ ਦਿੱਤੇ ਪਰ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਪਾਇਆ ਗਿਆ ਕਿ ਜਸਵੀਰ ਕੌਰ ਨਾਮ ਦੀ ਔਰਤ ਦਾ ਕੋਈ ਵਜੂਦ ਹੀ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਦੋ ਤਿੰਨ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਵੱਡੇ ਪੁਲਿਸ ਅਫ਼ਸਰਾਂ ਦੇ ਮਾਫੀਆ ਕਾਰਨ ਉਸ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਆਪਣਾ ਕੇਸ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨਵੀਂ ਦਿੱਲੀ ਨੂੰ ਵੀ ਦੇ ਦਿੱਤਾ ਹੈ। ਉਹ ਸਾਰੇ ਮਾਮਲਿਆਂ ਬਾਰੇ ਪੰਜਾਬ ਪੁਲਿਸ ਮੁਖੀ ਤੋਂ ਇਹ ਮੰਗ ਕਰਦੀ ਹੈ ਉਸ ਨੂੰ ਸਹੀ ਇਨਸਾਫ਼ ਦਵਾਇਆ ਜਾਵੇ।
ਜੋਗਿੰਦਰ ਕੌਰ ਸੰਧੂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਸ ਨਾਲ ਜ਼ਿਆਦਤੀਆਂ ਕਰਨ ਵਾਲੇ ਲੈਂਡ ਮਾਫੀਆ ਦੇ ਕਿੰਗ, ਪੁਲਿਸ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ।