-ਅਵਤਾਰ ਸਿੰਘ
ਲਗਪਗ ਢਾਈ ਮਹੀਨੇ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਉਪਰ ਕਿਸਾਨ ਅੰਦੋਲਨ ਚਲ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਕਿਸਾਨ ਸ਼ਹੀਦੀਆਂ ਵੀ ਪਾ ਚੁੱਕੇ ਹਨ। ਗਣਤੰਤਰ ਦਿਵਸ (26 ਜਨਵਰੀ) ਨੂੰ ਕਿਸਾਨਾਂ ਵਲੋਂ ਟ੍ਰੈਕਟਰ ਪਰੇਡ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਉਸ ਲਈ ਵੱਖ ਵੱਖ ਰਾਜਾਂ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਟਿਕਰੀ, ਗਾਜ਼ੀਪੁਰ ਅਤੇ ਸਿੰਘੁ ਬਾਰਡਰਾਂ ‘ਤੇ ਪਹੁੰਚ ਗਏ ਸਨ। ਪਿੰਡਾਂ ਤੋਂ ਆਏ ਕਈ ਭੋਲੇ ਭਾਲੇ ਕਿਸਾਨ ਪਹਿਲੀ ਵਾਰ ਦਿੱਲੀ ਆਏ ਸਨ। ਉਹ ਰਾਜਧਾਨੀ ਦੀਆਂ ਘੁੰਮਣਘੇਰੀ ਵਾਲੀਆਂ ਸੜਕਾਂ ਤੋਂ ਬੇਖਬਰ ਸਨ। ਕਿਸਾਨ ਆਗੂਆਂ ਅਨੁਸਾਰ ਕੁਝ ਲੋਕਾਂ ਨੇ ਇਕ ਸਾਜਿਸ਼ ਅਧੀਨ ਉਨ੍ਹਾਂ ਨੂੰ ਆਪਣੇ ਪਿਛੇ ਲਾ ਲਿਆ ਤੇ ਉਨ੍ਹਾਂ ਨੂੰ ਲਾਲ ਕਿਲੇ ਵਲ ਲੈ ਤੁਰੇ। ਉਹ ਭੋਲੇ ਕਿਸਾਨ ਇਥੇ ਝੰਡਾ ਚੜ੍ਹਾਉਣ ਦੀ ਸੂਚਨਾ ਤੋਂ ਕੋਰੇ ਸਨ। ਪਰ ਸਾਹਮਣੇ ਆਈਆਂ ਵੀਡੀਓਜ਼ ਅਨੁਸਾਰ ਇਨ੍ਹਾਂ ਸਾਰੇ ਲੋਕਾਂ ਦੀ ਅਗਵਾਈ ਇਕ ਫ਼ਿਲਮੀ ਕਲਾਕਾਰ ਇਕ ਫਿਲਮ ਦੀ ਸ਼ੂਟਿੰਗ ਵਾਂਗ ਕਰ ਰਿਹਾ ਦਿਖਾਈ ਦਿੰਦਾ ਸੀ। ਲਾਲ ਕਿਲੇ ਉਪਰ ਕਾਫੀ ਹਿੰਸਾ ਵੀ ਹੋਈ। ਉਸ ਪਵਿੱਤਰ ਸਥਾਨ ਦਾ ਅਪਮਾਨ ਵੀ ਹੋਇਆ। ਇਹ ਨਹੀਂ ਸੀ ਹੋਣਾ ਚਾਹੀਦਾ।
ਇਸ ਲਾਲ ਕਿਲ੍ਹਾ ਦੀ ਹਿੰਸਾ ਤੋਂ ਬਾਅਦ ਦੀਪ ਸਿੱਧੂ ਲਗਾਤਾਰ ਫ਼ਰਾਰ ਚੱਲ ਰਿਹਾ ਸੀ। ਦਿੱਲੀ ਪੁਲੀਸ ਨੇ ਪੰਜਾਬੀ ਅਦਾਕਾਰ ਦੀ ਜਾਣਕਾਰੀ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੋਇਆ ਸੀ। ਰਿਪੋਰਟਾਂ ਅਨੁਸਾਰ 9 ਫਰਵਰੀ, 2021 ਮੰਗਲਵਾਰ ਨੂੰ ਦਿੱਲੀ ਪੁਲੀਸ ਨੇ ਦੀਪ ਸਿੱਧੂ ਨੂੰ ਜ਼ਿਲਾ ਮੁਹਾਲੀ ਦੇ ਜ਼ੀਰਕਪੁਰ ਤੋਂ ਜਾਂ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਪਰ ਇਨ੍ਹਾਂ ਸਤਰਾਂ ਨੂੰ ਲਿਖਣ ਤਕ ਇਸ ਸੰਬੰਧੀ ਸਪਸ਼ਟ ਜਾਣਕਾਰੀ ਨਹੀਂ ਮਿਲ ਰਹੀ।
ਆਓ ਜਾਣਦੇ ਹਾਂ ਕੌਣ ਹੈ ਦੀਪ ਸਿੱਧੂ? ਪੰਜਾਬ ਦੇ ਜ਼ਿਲਾ ਮੁਕਤਸਰ ਸਾਹਿਬ ਦਾ ਪਿੰਡ ਉਦੇਕਰਨ ਦੀਪ ਸਿੱਧੂ ਦਾ ਜੱਦੀ ਪਿੰਡ ਹੈ। ਉਸ ਦਾ ਚਾਚਾ ਬਿਧੀ ਸਿੰਘ ਬਠਿੰਡਾ ਰਹਿੰਦਾ ਹੈ। ਉਹ ਛੇ ਭਰਾ ਸਨ ਅਤੇ ਦੀਪ ਸਿੱਧੂ ਦੇ ਪਿਤਾ ਸੁਰਜੀਤ ਸਿੰਘ ਵਕੀਲ ਸਨ। ਸੁਰਜੀਤ ਸਿੰਘ ਦੇ ਤਿੰਨ ਪੁੱਤਰ ਹਨ। ਇਨ੍ਹਾਂ ਵਿੱਚ ਨਵਦੀਪ ਸਿੰਘ ਕੈਨੇਡਾ ਰਹਿੰਦਾ ਅਤੇ ਮਨਦੀਪ ਵਕੀਲ ਹੈ ਅਤੇ ਦੀਪ ਸਿੱਧੂ ਦਿੱਲੀ ਵਿੱਚ ਕਿਸਾਨੀ ਅੰਦੋਲਨ ਵਿੱਚ ਸਰਗਰਮ ਸੀ। ਚਾਚਾ ਬਿਧੀ ਸਿੰਘ ਦਾ ਪਰਿਵਾਰ ਖੇਤੀਬਾੜੀ ਕਰਦਾ ਹੈ। ਦੀਪ ਸਿੱਧੂ ਦੇ ਪਿਤਾ ਲੁਧਿਆਣਾ ਵਕਾਲਤ ਕਰਦੇ ਸਨ। ਉਨ੍ਹਾਂ ਦਾ ਤਿੰਨ ਸਾਲ ਪਹਿਲਾ ਦੇਹਾਂਤ ਹੋ ਚੁੱਕਾ।
ਦੀਪ ਸਿੱਧੂ ਬਾਰੇ ਮੀਡੀਆ ਵਿੱਚ ਆਈਆਂ ਰਿਪੋਰਟਾਂ ਅਨੁਸਾਰ ਉਹ ਪੁਣੇ (ਮਹਾਰਾਸ਼ਟਰ) ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਲਈ ਗਿਆ ਸੀ। ਇਸ ਤੋਂ ਬਾਅਦ ਮੁੰਬਈ ਵਿੱਚ ਸੈਟਲ ਹੋ ਗਿਆ ਤੇ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ। ਦੀਪ ਸਿੱਧੂ ਨੇ ਵਕੀਲ ਵਜੋਂ ਬਾਲਾ ਜੀ ਫਿਲਮਜ਼ ਲਈ ਕੰਮ ਕੀਤਾ। ਇਸ ਤੋਂ ਬਾਅਦ ਉਸ ਦੀ ਧਰਮਿੰਦਰ ਦਿਓਲ ਦੇ ਪਰਿਵਾਰ ਨਾਲ ਨੇੜਤਾ ਵਧ ਗਈ। ਇਸ ਮਗਰੋਂ ਦੀਪ ਫ਼ਿਲਮੀ ਦੁਨੀਆ ਵਿੱਚ ਐਂਟਰ ਹੋ ਗਿਆ। ਦੀਪ ਦੇ ਪਰਿਵਾਰ ਵਿੱਚ ਇੱਕ ਬੇਟੀ ਵੀ ਹੈ। ਧਰਮਿੰਦਰ ਦੇ ਪਰਿਵਾਰ ਨਾਲ ਨੇੜਤਾ ਹੋਣ ਕਾਰਨ ਸੰਨੀ ਦਿਓਲ ਨੇ ਜਦੋਂ ਗੁਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਲੜੀ ਤਾਂ ਮੀਡੀਆ ਦਾ ਸਾਰਾ ਕੰਟਰੋਲ ਦੀਪ ਸਿੱਧੂ ਦੇ ਹੱਥ ਸੀ। ਉਸ ਨੇ ਹਰ ਸੰਭਵ ਮਦਦ ਕੀਤੀ। 2017 ਵਿੱਚ ਗੀਤਕਾਰ ਅਮਰਦੀਪ ਸਿੰਘ ਗਿੱਲ ਦੀ ਫਿਲਮ ‘ਜੋਰਾ 10 ਨੰਬਰੀਆ’ ਵਿੱਚ ਜੋਰਾ ਦਾ ਕਿਰਦਾਰ ਨੇ ਦੀਪ ਸਿੱਧੂ ਨੇ ਨਿਭਾਇਆ। ਦੀਪ ਸਿੱਧੂ ਨੇ ਮੁੰਬਈ ਵਿੱਚ ਫੈਸ਼ਨ ਸ਼ੋਅਜ਼ ਵਿੱਚ ਬਤੌਰ ਮਾਡਲ ਵੀ ਹਿੱਸਾ ਲਿਆ।ਦਿਓਲ ਪਰਿਵਾਰ ਦੇ ਬੈਨਰ ਵਿਜੇਤਾ ਫਿਲਮਜ਼ ਹੇਠ ਦੀਪ ਸਿੱਧੂ ਨੇ ਹੀਰੋ ਵਜੋਂ ਪਹਿਲੀ ਪੰਜਾਬੀ ਫਿਲਮ ‘ਰਮਤਾ ਜੋਗੀ’ (2015) ਵਿੱਚ ਸ਼ੁਰੂਆਤ ਕੀਤੀ।ਫਿਲਮ ਦੇ ਡਾਇਰੈਕਟਰ ਗੁੱਡੂ ਧਨੋਆ ਸਨ। ਉਹ ਸੰਨੀ ਦਿਓਲ ਦੀਆਂ ਫਿਲਮਾਂ ਵਿੱਚ ਵੀ ਨਿਰਦੇਸ਼ਨਾ ਦੇ ਚੁੱਕੇ ਹਨ। ਇਸੇ ਫ਼ਿਲਮੀ ਸਫ਼ਰ ਤਹਿਤ 2017 ਵਿੱਚ ‘ਜ਼ੋਰਾ 10 ਨੰਬਰੀਆ’ ਮਗਰੋਂ 2018 ਵਿੱਚ ਦੀਪ ਸਿੱਧੂ ਦੀ ਇੱਕ ਹੋਰ ਫ਼ਿਲਮ ‘ਰੰਗ ਪੰਜਾਬ’ ਆਈ। ਇਸ ਦੀ ਨਿਰਦੇਸ਼ਨਾ ਰਾਕੇਸ਼ ਮਹਿਤਾ ਨੇ ਕੀਤੀ ਸੀ। 2019 ਵਿੱਚ ‘ਸਾਡੇ ਆਲੇ’ ਫਿਲਮ ਵਿੱਚ ਸੀਨੀਅਰ ਪੰਜਾਬੀ ਅਦਾਕਾਰ ਗੁੱਗੂ ਗਿੱਲ ਨਾਲ ਵੀ ਨਜ਼ਰ ਆਏ। 2020 ਵਿੱਚ ਅਮਰਦੀਪ ਸਿੰਘ ਗਿੱਲ ਦੀ ਨਿਰਦੇਸ਼ਨ ਵਿੱਚ ‘ਜੋਰਾ’ ਦਾ ਦੂਜਾ ਪਾਰ੍ਟ ‘ਜੋਰਾ, ਸੈਕੰਡ ਚੈਪਟਰ’ ਰੀਲੀਜ਼ ਹੋਇਆ। ਫਿਲਮ ਵਿੱਚ ਦੀਪ ਸਿੱਧੂ ਨਾਲ ਧਰਮਿੰਦਰ ਤੋਂ ਇਲਾਵਾ ਗੁੱਗੂ ਗਿੱਲ ਵੀ ਸਨ।
ਦੀਪ ਸਿੱਧੂ ਦੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਹਮਣੇ ਆਈਆਂ ਫੋਟੋਆਂ ਕਾਰਨ ਦੀਪ ਸਿੱਧੂ ਉੱਪਰ ਇਹ ਦੋਸ਼ ਵੀ ਲੱਗੇ ਕਿ ਉਹ ਭਾਜਪਾ ਅਤੇ ਆਰਐੱਸਐੱਸ ਲਈ ਕੰਮ ਕਰ ਰਹੇ ਹਨ। ਇਸ ਦਾਅਵੇ ਦਾ ਉਹ ਖੰਡਨ ਵੀ ਕਰ ਚੁੱਕਾ ਹੈ। ਇਹ ਸਭ ਕੁਝ ਕਿਵੇਂ ਹੋਇਆ ਇਹ ਦੀਪ ਸਿੱਧੂ ਦੇ ਪੁਲਿਸ ਸਾਹਮਣੇ ਨਵੇਂ ਖੁਲਾਸੇ ਕਰਨ ਤੋਂ ਹੋਵੇਗਾ।