ਕੋਲਕਾਤਾ : ਟੀਐਮਸੀ ਮੁਖੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੀ ਭਵਾਨੀਪੁਰ ਵਿਧਾਨ ਸਭਾ ਸੀਟ ਤੋਂ ਉਪ ਚੋਣ ਜਿੱਤ ਲਈ ਹੈ। ਮੁੱਖ ਮੰਤਰੀ ਮਮਤਾ ਨੇ ਭਾਜਪਾ ਉਮੀਦਵਾਰ ਪ੍ਰਿਯੰਕਾ ਤਿਬਰੇਵਾਲ ਨੂੰ 58,832 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਮਮਤਾ ਬੈਨਰਜੀ ਨੂੰ 21 ਗੇੜਾਂ ਦੀ ਗਿਣਤੀ ਤੋਂ ਬਾਅਦ 84,709 ਵੋਟਾਂ ਮਿਲੀਆਂ।
ਟੀਐਮਸੀ ਵਰਕਰ ਸੀਐਮ ਮਮਤਾ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ।
ਜ਼ਿਮਨੀ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਮਮਤਾ ਬੈਨਰਜੀ ਨੇ ਆਪਣੇ ਘਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਜਨਤਾ ਦਾ ਧੰਨਵਾਦ ਕੀਤਾ ।
ਸੀਐਮ ਮਮਤਾ ਨੇ ਕਿਹਾ ਕਿ ਮੈਂ ਭਵਾਨੀਪੁਰ ਵਿਧਾਨ ਸਭਾ ਉਪ ਚੋਣ 58,832 ਵੋਟਾਂ ਦੇ ਫਰਕ ਨਾਲ ਜਿੱਤੀ ਹੈ ਅਤੇ ਹਲਕੇ ਦੇ ਹਰ ਵਾਰਡ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਬੰਗਾਲ ਚੋਣਾਂ ਸ਼ੁਰੂ ਹੋਈਆਂ ਹਨ, ਸਾਡੀ ਪਾਰਟੀ ਦੇ ਖਿਲਾਫ ਬਹੁਤ ਸਾਜ਼ਿਸ਼ਾਂ ਹੋ ਰਹੀਆਂ ਹਨ। ਕੇਂਦਰ ਸਰਕਾਰ ਨੇ ਸਾਨੂੰ ਹਟਾਉਣ ਦੀ ਸਾਜ਼ਿਸ਼ ਰਚੀ ਸੀ, ਪਰ ਮੈਂ ਲੋਕਾਂ ਦਾ ਧੰਨਵਾਦੀ ਹਾਂ ਕਿ ਲੋਕਾਂ ਨੇ ਸਾਨੂੰ ਜਿੱਤ ਦਿਵਾਈ।
ਦੱਸ ਦੇਈਏ ਕਿ ਇਸ ਸਾਲ ਅਪ੍ਰੈਲ-ਮਈ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਤੋਂ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਤੋਂ ਹਾਰ ਗਈ ਸੀ। ਭਵਾਨੀਪੁਰ ਜ਼ਿਮਨੀ ਚੋਣਾਂ ਵਿਚ ਮਮਤਾ ਫਿਰ ਮੈਦਾਨ ਵਿਚ ਆਈ। ਮੁੱਖ ਮੰਤਰੀ ਦੀ ਕੁਰਸੀ ‘ਤੇ ਬਣੇ ਰਹਿਣ ਲਈ ਉਨ੍ਹਾਂ ਨੂੰ ਇਹ ਚੋਣ ਜਿੱਤਣਾ ਜ਼ਰੂਰੀ ਸੀ। 5 ਨਵੰਬਰ ਤੱਕ ਵਿਧਾਨ ਸਭਾ ਦਾ ਮੈਂਬਰ ਚੁਣਿਆ ਜਾਣਾ ਹੈ। ਸੀਨੀਅਰ ਰਾਜ ਨੇਤਾ ਸ਼ੋਭਨਦੇਵ ਚੱਟੋਪਾਧਿਆਏ ਨੇ ਭਵਾਨੀਪੁਰ ਵਿਧਾਨ ਸਭਾ ਸੀਟ ਛੱਡ ਦਿੱਤੀ ਸੀ, ਤਾਂ ਕਿ ਮਮਤਾ ਮੁੱਖ ਮੰਤਰੀ ਦੇ ਰੂਪ ਵਿਚ ਆਪਣਾ ਤੀਜਾ ਕਾਰਜਕਾਲ ਅੱਗੇ ਵਧਾ ਸਕੇ।