ਨਵੀ ਦਿੱਲੀ : ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਕੁਝ ਹੀ ਘੰਟਿਆਂ ਬਾਅਦ ਵੱਡਾ ਫੇਰਬਦਲ ਹੋਇਆ ਹੈ। ਚੋਣ ਕਮਿਸ਼ਨ ਨੇ ਰਾਜ ਦੀ ਮੁੱਖ ਸਕੱਤਰ ਨੰਦਿਨੀ ਚੱਕਰਵਰਤੀ ਅਤੇ ਗ੍ਰਹਿ ਸਕੱਤਰ ਜਗਦੀਸ਼ ਪ੍ਰਸਾਦ ਮੀਣਾ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ। ਹੁਣ ਦੁਸ਼ਯੰਤ ਨਾਰੀਆਵਾਲਾ ਰਾਜ ਦੇ ਨਵੇਂ ਮੁੱਖ ਸਕੱਤਰ ਹੋਣਗੇ ਅਤੇ ਸੰਘਮਿੱਤਰਾ ਘੋਸ਼ ਨੂੰ ਨਵਾਂ ਗ੍ਰਹਿ ਸਕੱਤਰ ਬਣਾਇਆ ਗਿਆ ਹੈ।
ਦੱਸਣਯੋਗ ਹੈ ਕਿ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਇਹ ਨਿਰਦੇਸ਼ ਤੁਰੰਤ ਲਾਗੂ ਹੋਣਗੇ। ਹੁਕਮ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ ਨੂੰ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਕਿਸੇ ਵੀ ਚੋਣ ਨਾਲ ਸਬੰਧਤ ਅਹੁਦੇ ‘ਤੇ ਤਾਇਨਾਤ ਨਹੀਂ ਕੀਤਾ ਜਾਵੇਗਾ।
ਇਸ ਤੋਂ ਪਹਿਲਾ ਕਮਿਸ਼ਨ ਨੇ ਐਤਵਾਰ ਨੂੰ ਬੰਗਾਲ, ਤਾਮਿਲਨਾਡੂ, ਕੇਰਲ, ਅਸਾਮ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ। ਬੰਗਾਲ ਦੀਆਂ 294 ਸੀਟਾਂ ਲਈ ਵੋਟਾਂ 23 ਅਤੇ 29 ਅਪ੍ਰੈਲ ਨੂੰ ਦੋ ਪੜਾਵਾਂ ਵਿੱਚ ਪੈਣਗੀਆਂ। ਨਤੀਜੇ 4 ਮਈ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਉਹ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਤੋਂ ਹੀ ਪ੍ਰਸ਼ਾਸਕੀ ਤਿਆਰੀਆਂ ਦੀ ਲਗਾਤਾਰ ਸਮੀਖਿਆ ਕਰ ਰਿਹਾ ਹੈ। ਇਹ ਫੈਸਲਾ ਇਸੇ ਦੇ ਮੱਦੇਨਜ਼ਰ ਲਿਆ ਗਿਆ ਹੈ। ਕਮਿਸ਼ਨ ਨੇ ਕਿਹਾ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਪ੍ਰਸ਼ਾਸਕੀ ਬਦਲਾਅ ਕੀਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਪੁਲਿਸ ਵਿਭਾਗ ਵਿੱਚ ਵੀ ਕਈ ਵੱਡੇ ਬਦਲਾਅ ਕੀਤੇ ਗਏ ਹਨ। 1996 ਬੈਚ ਦੇ ਆਈ.ਪੀ.ਐਸ. (IPS) ਅਧਿਕਾਰੀ ਅਜੈ ਕੁਮਾਰ ਨੰਦ ਨੂੰ ਕੋਲਕਾਤਾ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ 1992 ਬੈਚ ਦੇ ਸਿੱਧ ਨਾਥ ਗੁਪਤਾ ਨੂੰ ਮਹਾਨਿਰਦੇਸ਼ਕ ਅਤੇ ਸੂਚਨਾ ਤੇ ਸਰਕਾਰੀ ਮੁਖੀ (ਇੰਚਾਰਜ) ਦੀ ਜ਼ਿੰਮੇਵਾਰੀ ਮਿਲੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

