ਚੰਡੀਗੜ੍ਹ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ’ਚ ਐਤਵਾਰ ਸਵੇਰ ਤੋਂ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਹੈ। ਕਈ ਇਲਾਕਿਆਂ ‘ਚ ਕਾਲੀਆਂ ਘਟਾਵਾਂ ਛਾਉਣ ਮਗਰੋਂ ਮੀਂਹ ਪੈਣ ਕਾਰਨ ਤਾਪਮਾਨ ‘ਚ ਗਿਰਾਵਟ ਆਈ ਹੈ। ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ ਸਮੇਤ ਕਈ ਥਾਵਾਂ ‘ਤੇ ਬੱਦਲਵਾਈ ਤੇ ਮੀਂਹ ਦੇਖਣ ਨੂੰ ਮਿਲਿਆ। ਜਲੰਧਰ ‘ਚ ਸਵੇਰੇ ਪਹਿਲਾਂ ਹਲਕੀ ਬੂੰਦਾਬਾਂਦੀ ਹੋਈ, ਜਿਸ ਤੋਂ ਬਾਅਦ ਬੱਦਲਾਂ ਦੀ ਗਰਜ ਨਾਲ ਤੇਜ਼ ਮੀਂਹ ਪਿਆ। ਸੰਘਣੀ ਬੱਦਲਵਾਈ ਕਾਰਨ ਕੁਝ ਸਮੇਂ ਲਈ ਦਿਨ ਵੇਲੇ ਵੀ ਹਨੇਰੇ ਵਰਗਾ ਮਾਹੌਲ ਬਣ ਗਿਆ।
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਅਨੁਸਾਰ, ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 1.6 ਡਿਗਰੀ ਸੈਲਸੀਅਸ ਘੱਟ ਗਿਆ। ਇਹ ਹੁਣ ਆਮ ਨਾਲੋਂ 2.1 ਡਿਗਰੀ ਘੱਟ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 33.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਮੌਸਮ ਵਿਭਾਗ ਦੇ ਅਨੁਸਾਰ, ਹਰਿਆਣਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਇੱਕ ਉੱਪਰੀ ਹਵਾ ਚੱਕਰਵਾਤੀ ਸਰਕੂਲੇਸ਼ਨ ਬਣਿਆ ਹੋਇਆ ਹੈ। ਹਿਮਾਚਲ ਪ੍ਰਦੇਸ਼ ਉੱਤੇ ਇੱਕ ਪੱਛਮੀ ਗੜਬੜੀ ਸਰਗਰਮ ਹੈ। ਇਨ੍ਹਾਂ ਮੌਸਮੀ ਸਥਿਤੀਆਂ ਦੇ ਕਾਰਨ, ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ, ਗਰਜ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਪੰਜਾਬ ‘ਚ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਖੇਤਾਂ ‘ਚ ਅਜੇ ਵੀ ਕਈ ਥਾਵਾਂ ‘ਤੇ ਝੋਨੇ ਦੀ ਫ਼ਸਲ ਖੜ੍ਹੀ ਹੈ, ਜਦੋਂਕਿ ਮੰਡੀਆਂ ‘ਚ ਵੀ ਵੱਡੀ ਮਾਤਰਾ ‘ਚ ਝੋਨਾ ਪਹੁੰਚ ਰਿਹਾ ਹੈ। ਅਜਿਹੇ ‘ਚ ਮੀਂਹ ਕਾਰਨ ਫ਼ਸਲ ਦੇ ਗਿੱਲੀ ਹੋਣ, ਖੇਤਾਂ ‘ਚ ਪਾਣੀ ਭਰਨ ਅਤੇ ਕਟਾਈ ਦੇ ਕੰਮ ‘ਚ ਦੇਰੀ ਹੋਣ ਦਾ ਖ਼ਦਸ਼ਾ ਹੈ।

