ਅੰਮ੍ਰਿਤਸਰ ਸਾਹਿਬ : ਬਲਾਤਕਾਰੀ ਰਾਮ ਰਹੀਮ ਵੱਲੋਂ ਸੁਨਾਮ ‘ਚ ਆਪਣਾ ਡੇਰਾ ਖੋਲ੍ਹੇ ਜਾਣ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਲਗਾਤਾਰ ਇਸ ਦਾ ਵਿਰੋਧ ਵਧਦਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਇਸ ਨੂੰ ਲੈ ਕੇ ਮੈਦਾਨ ‘ਚ ਉਤਰੀਆਂ ਹਨ। ਜਿਸ ਦੇ ਚਲਦਿਆਂ ਸ਼ਹੀਦ ਭਾਈ ਅਮਰੀਕ ਸਿੰਘ ਭਰਾ ਅਤੇ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਮੈਂਬਰ ਸ. ਮਨਜੀਤ ਸਿੰਘ ਵੱਲੋਂ ਇਸ ‘ਤੇ ਇਤਰਾਜ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਰਤ ‘ਚ ਪੰਜਾਬ ਅੰਦਰ ਡੇਰਾ ਸਿਰਸਾ ਦਾ ਕੋਈ ਨਵਾਂ ਡੇਰਾ ਨਹੀਂ ਖੁੱਲ੍ਹਣ ਦੇਵਾਂਗੇ।
ਭਾਈ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਿਹੜਾ ਵਿਅਕਤੀ ਬਲਤਾਕਾਰ ਅਤੇ ਕਤਲ ਦੇ ਦੋਸ਼ਾਂ ‘ਚ ਸਜ਼ਾਂ ਯਾਫਤਾ ਹੈ ਅਜਿਹੇ ਵਿਅਕਤੀ ਦਾ ਡੇਰਾ ਪੰਜਾਬ ‘ਚ ਖੋਲ੍ਹ ਕੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ।ਉਨ੍ਹਾਂ ਕਿਹਾ ਕਿ ਇਹ ਆਦਰਸ਼ ਪੰਜਾਬ ਦੇ ਲੋਕਾਂ ਦਾ ਨਹੀਂ ਹੈ। ਪੰਜਾਬ ਦੇ ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ‘ਤੇ ਪਹਿਰਾ ਦੇਣਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਮਾੜੇ ਕਿਰਦਾਰ ਵਾਲੇ ਲੋਕਾਂ ਦੇ ਡੇਰੇ ਪੰਜਾਬ ‘ਚ ਖੁੱਲ੍ਹਣਗੇ ਤਾਂ ਇਸ ਤੋਂ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਕੀ ਸਿੱਖੇਗੀ?
ਉਨ੍ਹਾਂ ਕਿਹਾ ਕਿ ਭਾਰਤ ‘ਚ ਦੋ ਸੰਵਿਧਾਨ ਬਣੇ ਹੋਏ ਹਨ। ਜਿਨ੍ਹਾਂ ਵਿੱਚੋਂ ਇੱਕ ਬਹੁ ਗਿਣਤੀ ਲਈ ਹੈ ਅਤੇ ਦੂਜਾ ਘੱਟ ਗਿਣਤੀਆਂ ਲਈ ਹੈ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਜਿਸ ਵਿਅਕਤੀ ‘ਤੇ ਬਲਾਤਕਾਰ ਕਤਲ ਦੇ ਦੋਸ਼ ਸਾਬਤ ਹੋ ਚੁਕੇ ਹਨ ਉਸ ਨੂੰ ਪੈਰੋਲ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਲੈਣ ਬਾਵਜੂਦ ਵੀ ਜੇਲ੍ਹਾਂ ‘ਚ ਬੰਦ ਹਨ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਸਮੁੱਚਾ ਸਿੱਖ ਜਗਤ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੂੰ ਬੰਦੀ ਸਿੰਘ ਰਿਹਾਅ ਕਰਨੇ ਚਾਹੀਦੇ ਹਨ।