ਜਗਤਾਰ ਸਿੰਘ ਸਿੱਧੂ,
ਅਮਰੀਕਾ ਤੋਂ ਕੈਦੀਆਂ ਵਾਂਗ ਫੌਜੀ ਜਹਾਜ਼ ਚ ਡਿਪੋਰਟ ਹੋਕੇ ਆਏ 104 ਭਾਰਤੀ ਨਾਗਰਿਕਾਂ ਵਿੱਚ ਦੁਆਬੇ ਦੀ ਇਕ ਔਰਤ ਪਿੰਡ ਆਕੇ ਆਪਣੀ ਗੱਲ ਕਰਨ ਲੱਗੀ ਤਾਂ ਉਸ ਦੀਆਂ ਅੱਖਾਂ ਵਿਚੋਂ ਹੰਝੂ ਆਪ ਮੁਹਾਰੇ ਤੁਰ ਪਏ। ਉਸ ਨਾਲ ਵਾਪਸ ਪਰਤਿਆ ਕੁਝ ਸਾਲਾਂ ਦਾ ਬੱਚਾ ਆਪਣੀ ਮਾਂ ਨੂੰ ਢਾਰਸ ਦਿੰਦਾ ਆਖਦਾ ਹੈ ਕਿ ਮਾਂ ਕੋਈ ਗੱਲ ਨਹੀਂ ।ਉਹ ਮਸੂਮ ਬੱਚਾ ਇਹ ਤਾਂ ਜਾਣਦਾ ਹੈ ਕਿ ਉਸ ਦੀ ਮਾਂ ਅੱਖਾਂ ਵਿੱਚੋਂ ਹੰਝੂ ਡੇਗ ਰਹੀ ਹੈ ਪਰ ਉਸ ਦੀ ਸਮਝ ਤੋਂ ਬਾਹਰ ਹੈ ਕਿ ਦੁਨੀਆਂ ਦੇ ਸ਼ਕਤੀਸ਼ਾਲੀ ਮੁਲਕ ਅਮਰੀਕਾ ਨੇ ਉਸ ਦੀ ਮਾਂ ਨੂੰ ਪੈਰਾਂ ਵਿੱਚ ਬੇੜੀਆਂ ਪਾਕੇ ਅਤੇ ਹੱਥਕੜੀਆਂ ਲਾਕੇ ਸੰਦੂਕ ਵਰਗੇ ਬੰਦ ਫੌਜੀ ਜਹਾਜ਼ ਵਿੱਚ ਵਾਪਸ ਕਿਉਂ ਭੇਜਿਆ। ਕਹਿੰਦੇ ਨੇ ਕਿਸੇ ਕੌਮ ਦੀ ਬੇਇਜਤੀ ਕਰਨੀ ਹੋਵੇ ਤਾਂ ਔਰਤ ਨੂੰ ਸਭ ਤੋਂ ਪਹਿਲਾਂ ਨਿਸ਼ਾਨਾ ਬਣਾਇਆ ਜਾਂਦਾ ਹੈ। ਮਾਸੂਮ ਬੱਚਾ ਇਹ ਵੀ ਤਾਂ ਨਹੀਂ ਜਾਣਦਾ ਕਿ ਹੁਕਮਰਾਨ ਦੇਸ਼ ਦੀ ਸਭ ਤੋਂ ਵੱਡੀ ਜਮਹੂਰੀਅਤ ਦੀ ਸੱਥ ਪਾਰਲੀਮੈਂਟ ਵਿੱਚ ਆਖ ਰਹੇ ਹਨ ਕਿ ਅਮਰੀਕਾ ਨੇ ਪਹਿਲਾਂ ਵੀ ਤਾਂ ਗੈਰਕਾਨੂੰਨੀ ਭਾਰਤੀ ਡਿਪੋਰਟ ਕੀਤੇ ਹਨ ਅਤੇ ਉਸ ਮੁਲਕ ਦੀ ਨੀਤੀ ਹੈ। ਪਿੰਡ ਦੀ ਸੱਥ ਵਿੱਚ ਬੈਠੇ ਬਾਬੇ ਵੱਡੀ ਸੱਥ ਵਾਲਿਆਂ ਵਾਂਗ ਬਹੁਤੇ ਗੁਣੀ ਗਿਆਨੀ ਤਾਂ ਨਹੀਂ ਹੁੰਦੇ ਪਰ ਉਹ ਇਹ ਜ਼ਰੂਰ ਆਖਦੇ ਹਨ ਕਿ ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ।
ਫਿਲ਼ੌਰ ਦਾ ਇਕ ਮੁੰਡਾ ਅਮਰੀਕਾ ਤੋਂ ਤਾਂ ਘਰ ਆ ਗਿਆ ਪਰ ਅੱਜ ਤੜਕਸਾਰ ਸਵੇਰੇ ਪੰਜ ਵਜੇ ਦਾ ਘਰੋਂ ਗਿਆ ਹੈ ਪਰ ਮਾਂ ਨੂੰ ਪਤਾ ਨਹੀਂ ਕਿ ਕਿਧਰ ਗਿਆ ਹੈ। ਉਸ ਕੋਲ ਨਾ ਕੋਈ ਫੋਨ ਹੈ ਜਿਸ ਨਾਲ ਕਰਕੇ ਪਤਾ ਲੱਗ ਜਾਵੇ। ਘਰ ਇੱਕਲੀ ਮਾਂ ਨੂੰ ਤਾਂ ਦਿਨੇ ਹਨੇਰਾ ਪੈ ਗਿਆ । ਮੀਡੀਆ ਵਲੋ ਪੁੱਛੇ ਜਾਂਦੇ ਤਾੜ ਤਾੜ ਸਵਾਲਾਂ ਨੂੰ ਸੁਣਕੇ ਭਾਂਅ ਭਾਂਅ ਕਰਦੀਆਂ ਦੀਵਾਰਾਂ ਨੂੰ ਵੇਖਦੀ ਹੈ ਜਿੰਨਾ ਨੂੰ ਲਿਪਣ ਲਈ ਚਾਰ ਬੋਰੀਆਂ ਸੀਮਿੰਟ ਤਾਂ ਜੁੜਿਆ ਨਹੀਂ ਪਰ ਪੁੱਤ ਦਾ ਸੁਪਨਾ ਪੂਰਾ ਕਰਨ ਲਈ ਪਤਾ ਨਹੀਂ ਕਿਹੜੇ ਪਾਪੜ ਵੇਲਕੇ ਲੱਖਾਂ ਰੁਪਏ ਇੱਕਠੇ ਕਰਕੇ ਏਜੰਟਾਂ ਦੀ ਝੋਲੀ ਪਾ ਦਿੱਤੇ।
ਅਮਰੀਕਾ ਦੇ ਫੌਜੀ ਜਹਾਜ਼ ਦੇ ਅਫਸਰ ਨਹੀਂ ਜਾਣਦੇ ਕਿ ਸਤਾਰਾਂ ਸਾਲ ਦੇ ਮਲੂਕੜੇ ਜਿਹੇ ਮੁੰਡੇ ਦਾ ਬਾਪ ਆਪਣੇ ਪੁੱਤ ਨੂੰ ਘਰ ਆਇਆ ਵੇਖ ਕਿਉਂ ਭੁੱਬੀਂ ਰੋਇਆ? ਪਿਉ ਨੇ ਮੁੰਡੇ ਨੂੰ ਅਮਰੀਕਾ ਭੇਜਣ ਲਈ ਜਮੀਨ ਵੇਚੀ, ਮਕਾਨ ਤੇ ਕਰਜ਼ਾ ਲਿਆ, ਡੰਗਰਾਂ ਤੇ ਕਰਜ਼ਾ ਲਿਆ, ਜੱਗੋਂ ਤੇਰ੍ਹਵੀਂ ਮੰਨਕੇ ਭੈਣਾਂ ਤੋਂ ਪੈਸੇ ਫੜੇ ਤਾਂ ਪੰਤਾਲੀ ਲੱਖ ਇਕਠਾ ਕਰਕੇ ਏਜੰਟ ਦਾ ਢਿੱਡ ਭਰਿਆ। ਮੁੰਡਾ ਆਖਦਾ ਹੈ ਕਿ ਧੋਖਾ ਹੋ ਗਿਆ । ਉਹ ਕਿਵੇਂ ਜੰਗਲਾਂ ਵਿੱਚੋਂ ਭੁੱਖਾ ਤਿਹਾਇਆ ਲੰਘਿਆ, ਕਿਵੇਂ ਗਲ ਗਲ ਤੱਕ ਆਏ ਪਾਣੀਆਂ ਵਿੱਚੋਂ ਲੰਘਿਆ । ਰਾਹ ਵਿੱਚ ਆਪਣੇ ਵਰਗੇ ਕਈ ਬਦਨਸੀਬੀਆਂ ਦੇ ਪਿੰਜਰ ਵੀ ਵੇਖੇ ਜਿਹੜੇ ਘਰਾਂ ਨੂੰ ਕਦੇ ਨਹੀਂ ਪਰਤਣਗੇ ।
ਜਿੰਨਾ ਦੇ ਘਰਾਂ ਵਲ ਕਦੇ ਕੋਈ ਵੇਖਦਾ ਨਹੀਂ ਸੀ ਹੁਣ ਨੇਤਾ ਬੁੱਢੇ ਬੇਬੱਸ ਬਾਪ ਦੀ ਦਾੜ੍ਹੀ ਵਿੱਚੋਂ ਕਿਰਦੇ ਹੰਝੂ ਪੂੰਝ ਰਹੇ ਹਨ ਅਤੇ ਦੇਸ਼ ਦੀ ਸਭ ਤੋਂ ਵੱਡੀ ਜਮਹੂਰੀ ਸੱਥ ਦੇ ਸਿਆਣੇ ਉਨਾਂ ਦੀਆਂ ਗੱਲਾਂ ਕਰਕੇ ਮੇਹਣੋ ਮੇਹਣੀ ਹੋ ਰਹੇ ਹਨ ਪਰ ਖੌਫ ਚ ਪਹਿਲੀ ਰਾਤ ਆਪਣੇ ਘਰ ਸੁੱਤਾ ਮੁੰਡਾ ਨੀਂਦ ਚੋਂ ਉਬੜਵਾਹੇ ਉੱਠਕੇ ਬੁੱਢੇ ਬਾਪ ਨੂੰ ਪੁੱਛਦਾ ਹੈ ‘ਬਾਪੂ ਰਾਤ ਅਜੇ ਕਿੰਨੀ ਕੁ ਬਾਕੀ ਹੈ ‘’!
ਸੰਪਰਕ 9814002186