ਕੇਰਲ ਦੇ ਵਾਇਨਾਡ ‘ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਬੀਤੇ ਦਿਨ ਘਟਨਾ ਤੋਂ ਬਾਅਦ 54 ਲੋਕਾਂ ਦੇ ਮਰਨ ਦੀ ਖ਼ਬਰ ਸੀ ਤਾਂ ਹੁਣ ਇਹ ਅੰਕੜਾ 4 ਗੁਣਾ ਤੋਂ ਵੀ ਪਾਰ ਕਰ ਗਿਆ ਹੈ। ਵਾਇਨਾਡ ਵਿੱਚ ਚਾਰ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 243 ਜਣਿਆਂ ਦੀ ਮੌਤ ਹੋ ਗਈ ਹੈ। 130 ਲੋਕ ਹਸਪਤਾਲ ਵਿੱਚ ਹਨ, ਜਦੋਂ ਕਿ 240 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
ਆਰਮੀ, ਏਅਰਫੋਰਸ, ਐਨਡੀਆਰਐਫ, ਐਸਡੀਆਰਐਫ, ਪੁਲਿਸ ਅਤੇ ਡਾਗ ਸਕੁਐਡ ਦੀਆਂ ਟੀਮਾਂ ਬਚਾਅ ਵਿੱਚ ਲੱਗੀਆਂ ਹੋਈਆਂ ਹਨ। ਦੇਰ ਰਾਤ ਤੱਕ 1 ਹਜ਼ਾਰ ਲੋਕਾਂ ਨੂੰ ਬਚਾਇਆ ਗਿਆ, 3 ਹਜ਼ਾਰ ਲੋਕਾਂ ਨੂੰ ਰਾਹਤ ਕੈਂਪਾਂ ‘ਚ ਭੇਜਿਆ ਗਿਆ ਹੈ।
ਮੁੰਡਾਕਾਈ, ਚੂਰਲਮਾਲਾ, ਅੱਟਾਮਾਲਾ ਅਤੇ ਨੂਲਪੁਝਾ ਪਿੰਡਾਂ ‘ਚ ਸੋਮਵਾਰ ਤੜਕੇ 2 ਵਜੇ ਅਤੇ 4 ਵਜੇ ਦੇ ਕਰੀਬ ਜ਼ਮੀਨ ਖਿਸਕ ਗਈ। ਘਰ, ਪੁਲ, ਸੜਕਾਂ ਅਤੇ ਵਾਹਨ ਵਹਿ ਗਏ।
ਵਾਇਨਾਡ ਤੋਂ ਇਲਾਵਾ ਮੌਸਮ ਵਿਭਾਗ ਨੇ ਮਲਪੁਰਮ, ਕੋਝੀਕੋਡ, ਕੰਨੂਰ ਅਤੇ ਕਾਸਰਗੋਡ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਅੱਜ ਬਚਾਅ ਕਾਰਜਾਂ ਵਿੱਚ ਦਿੱਕਤਾਂ ਆ ਸਕਦੀਆਂ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਸੰਸਦ ‘ਚ ਦੱਸਿਆ- ਕੇਰਲ ਸਰਕਾਰ 23-24 ਜੁਲਾਈ ਨੂੰ ਹੀ ਅਲਰਟ ਹੋ ਗਈ ਸੀ, ਜੇਕਰ ਸਰਕਾਰ ਨੇ ਸਮੇਂ ‘ਤੇ ਲੋਕਾਂ ਨੂੰ ਹਟਾ ਦਿੱਤਾ ਹੁੰਦਾ ਤਾਂ ਇੰਨਾ ਨੁਕਸਾਨ ਨਹੀਂ ਹੋਣਾ ਸੀ।
ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਮੰਗਲਵਾਰ ਨੂੰ ਹੋਈ ਭਿਆਨਕ ਤਬਾਹੀ ਤੋਂ ਬਾਅਦ ਸੂਬੇ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਮੰਗਲਵਾਰ ਅਤੇ ਬੁੱਧਵਾਰ ਨੂੰ ਰਾਜ ਵਿੱਚ ਸਰਕਾਰੀ ਸੋਗ ਹੋਵੇਗਾ। ਜਲ ਸੈਨਾ ਨੇ ਮੁੱਖ ਮੰਤਰੀ ਵਿਜਯਨ ਦੀ ਬੇਨਤੀ ‘ਤੇ ਵਾਇਨਾਡ ‘ਚ ਲੋਕਾਂ ਨੂੰ ਬਚਾਉਣ ਲਈ ਕ੍ਰਾਸਿੰਗ ਟੀਮ ਭੇਜਣ ਦਾ ਫੈਸਲਾ ਕੀਤਾ ਹੈ।